ਡੀ.ਟੀ.ਐੱਫ. ਵਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬਦਲੀ ਸਾਂਝੇ ਅਧਿਆਪਕ ਸੰਘਰਸ਼ ਦੀ ਜਿੱਤ ਕਰਾਰ
ਪੰਜਾਬ ਦੀ ਸਿੱਖਿਆ ਦੇ ਤਾਨਾਸ਼ਾਹੀ ਭਰੇ ਕਾਲ਼ੇ ਦੌਰ ਦਾ ਅੰਤ- ਡੀ.ਟੀ.ਐੱਫ਼.
ਕ੍ਰਿਸ਼ਨ ਕੁਮਾਰ ਵਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਖ਼ਤਮ ਕੀਤੀਆਂ ਅਸਾਮੀਆਂ ਵੀ ਜਲਦ ਬਹਾਲ ਹੋਣ- ਡੀ.ਟੀ.ਐੱਫ਼.
DTF PUNJAB : ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੀ ਵੀ ਇੱਕ ਨਾ ਮੰਨਣ ਵਾਲ਼ੇ ਅਤੇ ਵਿਭਾਗ ਨੂੰ ਤਾਨਾਸ਼ਾਹੀ ਤਰੀਕੇ ਨਾਲ਼ ਚਲਾਉਣ ਵਾਲ਼ੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਪੰਜਾਬ ਸਰਕਾਰ ਨੇ ਅੱਜ ਸਿੱਖਿਆ ਵਿਭਾਗ ਤੋਂ ਲਾਂਭੇ ਕਰ ਦਿੱਤਾ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਗ਼ਲਤ ਫੈਸਲਿਆਂ ਮੂਹਰੇ ਹਿੱਕ ਡਾਹ ਕੇ ਖੜ੍ਹਨ ਵਾਲ਼ੀ ਪੰਜਾਬ ਦੇ ਅਧਿਆਪਕਾਂ ਦੀ ਸੰਘਰਸ਼ਸ਼ੀਲ ਜਥੇਬੰਦੀ “ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ(ਡੀ.ਟੀ.ਐੱਫ਼.)” ਨੇ ਇਸਨੂੰ ਪੰਜਾਬ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਜਿੱਤ ਕਰਾਰ ਦਿੱਤਾ ਹੈ। ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਡੀ.ਟੀ.ਐੱਫ਼. ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਅਜੀਬ ਦਿਵੇਦੀ, ਇੰਦਰ ਸੁਖਦੀਪ ਸਿੰਘ ਓਢਰਾ, ਬਲਜੀਤ ਸਿੰਘ ਮਹਿਮੋਵਾਲ, ਮਨਜੀਤ ਸਿੰਘ ਦਸੂਹਾ, ਅਸ਼ਵਨੀ ਕੁਮਾਰ ਅਤੇ ਹਰਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਰਗੇ ਇੱਕ ਬਹੁਤ ਹੀ ਪਵਿੱਤਰ, ਉੱਚੇ-ਸੁੱਚੇ ਅਤੇ ਸ਼ਾਂਤ ਵਿਭਾਗ ਵਿੱਚ ਆਪਣੇ ਕਾਰਜਕਾਲ ਦੌਰਾਨ ਹਫੜਾ-ਦਫੜੀ ਅਤੇ ਅਸ਼ਾਂਤੀ ਦਾ ਮਾਹੌਲ ਬਣਾਈ ਰੱਖਿਆ ਅਤੇ ਇੱਕ ਨਿਰੰਤਰ ਚਲਦੀ ਆ ਰਹੀ ਸਿੱਖਣ-ਸਿਖਾਉਣ ਦੀ ਪ੍ਰਕ੍ਰਿਆ ਨੂੰ ਪ੍ਰਾਜੈਕਟਾਂ ਦੀ ਗ਼ੁਲਾਮ ਬਣਾ ਕੇ ਸਿੱਖਿਆ ਵਿਭਾਗ ਨੂੰ ਸਿਰਫ਼ ਅੰਕੜਿਆਂ ਦੀ ਖੇਡ ਤੱਕ ਸੀਮਿਤ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸਦਾ ਇਸ ਗੱਲ ਲਈ ਯਾਦ ਰੱਖਿਆ ਜਾਵੇਗਾ ਕਿ ਉਸਨੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੱਧ ਤਨਖ਼ਾਹਾਂ ਉੱਤੇ ਕੰਮ ਕਰਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾਈਆਂ ਜਿਸ ਕਾਰਣ 2018-19 ਸਾਲ ਵਿੱਚ ਜਦ ਇਸਦੇ ਖ਼ਿਲਾਫ਼ ਵੱਡਾ ਅੰਦੋਲਨ ਸ਼ੁਰੂ ਹੋਇਆ ਤਾਂ ਇਸਨੇ ਅੰਦੋਲਨ ਨੂੰ ਦਬਾਉਣ ਲਈ ਅਧਿਆਪਕ ਯੂਨੀਅਨ ਦੇ ਆਗੂਆਂ ਨੂੰ ਧੜਾ-ਧੜ ਮੁਅੱਤਲ ਕੀਤਾ ਅਤੇ ਉਨ੍ਹਾਂ ਦੀਆਂ ਦੂਰ-ਦੁਰੇਡੇ ਬਦਲੀਆਂ ਕੀਤੀਆਂ। ਮੌਜੂਦਾ ਸਮੇਂ ਇਸ ਵਲੋਂ ਨੈਸ਼ਨਲ ਅਚੀਵਮੈਂਟ ਸਰਵੇਖਣ(ਨੈਸ) ਦੇ ਨਾਂ ਉੱਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਨਿਰਜੀਵ ਮਸ਼ੀਨਾਂ ਸਮਝ ਕੇ ਮਨਚਾਹੇ ਨਤੀਜੇ ਲੈਣ ਦੀ ਹੋੜ ਵਿੱਚ ਸਭ ਨੂੰ ਭੈਅ-ਭੀਤ ਕੀਤਾ ਹੋਇਆ ਸੀ ਅਤੇ ਇਸੇ ਕਾਰਣ ਸਾਂਝੇ ਅਧਿਆਪਕ ਮੋਰਚੇ ਵਲੋਂ “ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਭਜਾਓ, ਸਿੱਖਿਆ ਵਿਭਾਗ ਬਚਾਓ” ਮੁਹਿੰਮ ਚਲਾ ਕੇ ਪੰਜਾਬ ਭਰ ਵਿੱਚ ਇਸਦੇ ਪੁਤਲੇ ਫੂਕੇ ਜਾ ਰਹੇ ਸਨ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕ੍ਰਿਸ਼ਨ ਕੁਮਾਰ ਵਲੋਂ ਲਏ ਸਾਰੇ ਫੈਸਲਿਆਂ ਨੂੰ ਰੱਦ ਕਰਦਿਆਂ ਉਸ ਵਲੋਂ ਪਹਿਲਾਂ ਤੋਂ ਹੀ ਅਧਿਆਪਕਾਂ ਦੀ ਘਾਟ ਨਾਲ਼ ਜੂਝ ਰਹੇ ਪੰਜਾਬ ਦੇ ਸਕੂਲਾਂ ਤੋਂ ਪ੍ਰਾਜੈਕਟਾਂ ਦੇ ਨਾਂ ਹੇਠ ਸਕੂਲਾਂ ਤੋਂ ਬਾਹਰ ਕਰਕੇ ਦਫ਼ਤਰਾਂ ਵਿੱਚ ਗ਼ੈਰ-ਵਿੱਦਿਆਕ ਕੰਮਾਂ ਉੱਤੇ ਲਗਾਏ ਪੰਜਾਬ ਦੇ ਹਜ਼ਾਰਾਂ ਬੀ.ਐੱਮ.ਟੀ. , ਸੀ.ਐੱਮ.ਟੀ. , ਬੀ.ਐੱਮ. ਅਤੇ ਸੀ.ਐੱਮ. ਬਣਾਏ ਅਧਿਆਪਕਾਂ ਨੂੰ ਮੁੜ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ ਜਿੱਥੇ ਕਿ ਸਾਲਾਂ ਤੋਂ ਉਨ੍ਹਾਂ ਦੇ ਵਿਦਿਆਰਥੀ ਉਨ੍ਹਾਂ ਦਾ ਰਾਹ ਤੱਕ ਰਹੇ ਹਨ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਹੀ ਇੱਕੋ ਝਟਕੇ ਨਾਲ਼ ਪੰਜਾਬ ਦੇ ਸਕੂਲਾਂ ਵਿੱਚੋਂ ਪ੍ਰਾਇਮਰੀ ਈ.ਟੀ.ਟੀ. ਅਧਿਆਪਕਾਂ ਸਣੇ ਹਰੇਕ ਪ੍ਰਕਾਰ ਦੇ ਅਧਿਆਪਕਾਂ ਦੀਆਂ ਖ਼ਤਮ ਕੀਤੀਆਂ ਹਜ਼ਾਰਾਂ ਅਸਾਮੀਆਂ ਨੂੰ ਮੁੜ ਬਹਾਲ ਕਰਕੇ ਪੰਜਾਬ ਦੇ ਸਕੂਲਾਂ ਵਿੱਚੋਂ ਅਧਿਆਪਕਾਂ ਦੀ ਘਾਟ ਤੁਰੰਤ ਦੂਰ ਕੀਤੀ ਜਾਵੇ। ਅਧਿਆਪਕ ਆਗੂਆਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਕਾਰਜਕਾਲ ਦੌਰਾਨ ਦੌਰਾਨ ਅਭਿਆਸ-ਪੁਸਤਕਾਂ ਅਤੇ ਹੋਰ ਬੇਲੋੜੇ ਮਟੀਰੀਅਲ ਦੀ ਛਪਵਾਈ, ਸਿਖਲਾਈ ਸੈਮੀਨਾਰਾਂ ਅਤੇ ਹਰੇਕ ਪ੍ਰਕਾਰ ਦੇ ਖ਼ਰਚਿਆਂ ਦੀ ਜਾਂਚ ਮਾਨਯੋਗ ਹਾਈ ਕੋਰਟ ਦੇ ਜੱਜਾਂ ਤੋਂ ਕਰਵਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਸਮੂਹ ਆਗੂਆਂ ਨੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਅਫਸਰਸ਼ਾਹੀ ਦੇ ਭੈਅ ਤੋਂ ਬਾਹਰ ਨਿਕਲ ਕੇ ਆਜ਼ਾਦੀ ਨਾਲ਼ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਅਪੀਲ ਕੀਤੀ। ਉਨ੍ਹਾਂ ਸਿੱਖਿਆ ਵਿਭਾਗ ਦੀ ਸਮੂਹ ਅਫਸਰਸ਼ਾਹੀ ਨੂੰ ਵੀ ਅਪੀਲ ਕੀਤੀ ਕਿ ਉਹ ਅਧਿਆਪਕਾਂ ਨੂੰ ਬਣਦਾ ਸਨਮਾਨ ਦੇਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਨਿਹਾਲਪੁਰ, ਵਰਿੰਦਰ ਸੈਣੀ, ਰਾਕੇਸ਼ ਕੁਮਾਰ, ਜਸਮੀਤ ਸਿੰਘ, ਹੰਸ ਰਾਜ ਗੜ੍ਹਸ਼ੰਕਰ, ਰਾਜਿੰਦਰ ਸਿੰਘ ਬੁਲੋਵਾਲ, ਮਨਜੀਤ ਸਿੰਘ ਬਾਬਾ, ਰੇਸ਼ਮ ਸਿੰਘ ਧੁੱਗਾ, ਵਿਕਰਮ ਡਡਵਾਲ, ਸੁਸ਼ੀਲ ਜਨੌੜੀ, ਜਰਨੈਲ ਸਿੰਘ, ਸਰਬਜੀਤ ਸਿੰਘ ਰਾਜਨੀ, ਨੰਦ ਰਾਮ, ਗੁਰਦੇਵ ਸਿੰਘ ਲਾਲਪੁਰ, ਜਸਵਿੰਦਰ ਝਿੰਗੜ, ਪਰਮਜੀਤ ਸਿੰਘ ਠੱਕਰ, ਅਮਨਦੀਪ ਸਿੰਘ ਚੌਹਾਨ, ਸੱਤਪਾਲ ਕਲੇਰ, ਮਨਜੀਤ ਬੰਗਾ, ਪ੍ਰਵੀਨ ਸ਼ੇਰਪੁਰ, ਸੋਮ ਪਾਲ, ਸੰਦੀਪ ਸਿੰਘ ਲਾਂਬੜਾ, ਗੁਰਜਿੰਦਰ ਸਿੰਘ ਮੰਝਪੁਰ ਅਤੇ ਬਲਕਾਰ ਸਿੰਘ ਪੁਰੀਕਾ ਆਦਿ ਅਧਿਆਪਕ ਆਗੂਆਂ ਨੇ ਵੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬਦਲੀ ਦਾ ਸਿਹਰਾ ਪੰਜਾਬ ਦੇ ਸਾਂਝੇ ਅਧਿਆਪਕ ਸੰਘਰਸ਼ ਸਿਰ ਬੰਨ੍ਹਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp