ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਵਚਨਬੱਧ : ਸੁੰਦਰ ਸ਼ਾਮ ਅਰੋੜਾ
ਵਿਧਾਇਕ ਅਰੋੜਾ ਨੇ ਪੁਰਹੀਰਾਂ ਸਹਿਕਾਰੀ ਸਭਾ ਦੇ 112 ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 1815588 ਰੁਪਏ ਦੇ ਕਰਜਾ ਰਾਹਤ ਚੈਕ ਵੰਡੇ
ਹੁਸ਼ਿਆਰਪੁਰ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ) ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਹੈ। ਉਹ ਪਿੰਡ ਪੁਰਹੀਰਾਂ ਦੇ ਸਹਿਕਾਰੀ ਖੇਤੀ ਸਭਾ ਦੇ ਮੈਂਬਰ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਰਾਹਤ ਦੇ ਚੈਕ ਵੰਡ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ।
ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ 112 ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ 1815588 ਰੁਪਏ ਕੇ ਦਰਜਾ ਰਾਹਤ ਦੇ ਚੈਕ ਸੌਂਪੇ। ਉਨ੍ਹਾਂ ਕਿਹਾ ਕਿ ਕਰਜਾ ਰਾਹਤ ਯੋਜਨਾ ਤਹਿਤ ਇਸ ਜਿਲ੍ਹੇ ਦੇ 46000 ਤੋਂ ਵੱਧ ਇਸ ਤਰ੍ਹਾਂ ਦੇ ਲਾਭਪਾਤਰੀ ਹੋਣਗੇ, ਜਿਨ੍ਹਾਂ ਦਾ 104 ਕਰੋੜ ਰੁਪਏ ਦਾ ਕਰਜਾ ਮੁਆਫ ਕੀਤਾ ਜਾਵੇਗਾ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਰੇ ਵਰਗਾਂ ਨੂੰ ਵੱਖ-ਵੱਖ ਭਲਾਈ ਯੋਜਨਾਵਾਂ ਤਹਿਤ ਕਵਰ ਕੀਤਾ ਗਿਆ ਹੈ। ਇਸੇ ਕੜੀ ਤਹਿਤ ਸੂਬੇ ਦੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਵੀ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਹਨ ਅਤੇ ਇਨ੍ਹਾਂ ਕਰਜਿਆਂ ਵਿਚ ਸਭ ਤੋਂ ਵੱਧ ਰਕਮ ਹੁਸਿਆਰਪੁਰ ਜ਼ਿਲ੍ਹੇ ਦੇ ਹਿੱਸੇ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਕਿਸਾਨ ਅਤੇ ਖੇਤ ਮਜ਼ਦੂਰ ਬਹੁਤ ਮੁਸ਼ਕਲ ਸਮੇਂ ਵਿਚੋਂ ਨਿਕਲ ਰਹੇ ਹਨ ਪਰੰਤੂ ਪੰਜਾਬ ਸਰਕਾਰ ਨੇ ਸੂਬੇ ਦੇ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ 520 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਜਿਸ ਨਾਲ ਇਨ੍ਹਾਂ ਪਰਿਵਾਰਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਅਮਰਜੀਤ ਚੌਧਰੀ, ਰਘੁਬੀਰ ਦਾਸ, ਹਰਪਾਲ ਸਿੰਘ ਪਾਲਾ, ਐਡਵੋਕੇਟ ਰਾਮ ਕੁਮਾਰ, ਸੁੱਚਾ ਸਿੰਘ, ਮਨਜੀਤ ਸਿੰਘ ਨੰਬਰਦਾਰ, ਹਰਭਜਨ ਸਿੰਘ, ਗੁਰਪਾਲ ਸਿੰਘ, ਰੋਸ਼ਨ ਲਾਲ, ਸਰਫਰਾਜ ਸਿੰਘ ਸਫ਼ੀ, ਕੁਲਦੀਪ ਅਰੋੜਾ, ਸੋਹਨ ਲਾਲ, ਚਿਰੰਜੀ ਲਾਲ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp