ਹੁਸ਼ਿਆਰਪੁਰ ਦੇ ਸਾਰੇ ਦਫਤਰਾਂ ਵਿੱਚ ਮਨਿਸਟਰੀਅਲ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਸ਼ੁਰੂ
ਹੁਸ਼ਿਆਰਪੁਰ / ਮਾਹਿਲਪੁਰ 8 ਅਕਤੂਬਰ ( ਮੋਹਿਤ ਕੁਮਾਰ ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਅੱਜ ਮਿਤੀ 08.10.2021 ਨੂੰ ਪੰਜਾਬ ਭਰ ਦੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟਰੀਅਲ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ। ਇਸ ਜਿਲ੍ਹੇ ਵਿੱਚ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਲੋਕ ਨਿਰਮਾਣ ਵਿਭਾਗ, ਸਿਵਲ ਸਰਜਨ ਦਫਤਰ, ਡੀ.ਸੀ. ਦਫਤਰ, ਐਸ.ਡੀ.ਐਮਜ਼ ਦਫਤਰ, ਬਾਗਵਾਨੀ ਵਿਭਾਗ, ਟਰਾਂਪੋਰਟ ਵਿਭਾਗ, ਸਿੱਖਿਆ ਵਿਭਾਗ, ਪਸ਼ੂ ਪਾਲਣ ਵਿਭਾਗ, ਕਰ ਅਤੇ ਆਬਕਾਰੀ ਵਿਭਾਗ, ਜਨ ਸਿਹਤ ਵਿਭਾਗ, ਵਾਟਰ ਸਪਲਾਈ ਸੈਨੀਟੇਸ਼ਨ, ਖੇਤੀਬਾੜੀ ਵਿਭਾਗ, ਖਜਾਨਾ ਵਿਭਾਗ, ਜੰਗਲਾਤ ਵਿਭਾਗ, ਇਰੀਗੇਸ਼ਨ ਵਿਭਾਗ, ਪੋਲੀਟੈਕਨਿਕ ਵਿਭਾਗ, ਆਈ.ਟੀ.ਆਈ. ਵਿਭਾਗ, ਜਿਲ੍ਹਾ ਰੋਜਗਾਰ ਦਫਤਰ ,ਸਰਕਾਰੀ ਕਾਲਜ, ਇੰਡਸਟਰੀ ਵਿਭਾਗ, ਮੱਛੀ ਪਾਲਣ ਵਿਭਾਗ, ਭੂਮੀ ਰੱਖਿਆ ਦਫਤਰ ਆਦਿ ਸ਼ਾਮਿਲ ਸਨ।
ਇਹ ਜਾਣਕਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰੀ ਅਨੀਰੁਧ ਮੋਦਗਿਲ ਅਤੇ ਜਿਲ੍ਹਾ ਜਨਰਲ ਸਕੱਤਰ ਸ੍ਰੀ ਜਸਵੀਰ ਸਿੰਘ ਧਾਮੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀ ਦਿੱਤੀ ਗਈ । ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਟੇਬਲ ਟਾਕ ਦੌਰਾਨ ਜੋ ਮੰਗਾਂ ਮੰਨੀਆਂ ਹਨ, ਨੂੰ ਲਾਗੂ ਕਰਨ ਲਈ ਇਹ ਕਰਮਚਾਰੀ ਸੰਘਰਸ਼ ਕਰ ਰਹੇ ਹਨ। ਮੁੱਖ ਮੰਗਾਂ ਵਿੱਚ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕਰਨਾ , 2004 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨਾ , ਸੈਂਟਰ ਪੈਟਰਨ ਤੇ ਭਰਤੀ ਹੋਏ ਮੁਲਾਜਮਾਂ ਨੂੰ ਪੂਰਾ ਸਕੇਲ ਦੇਣਾ ਅਤੇ 01.01.2016 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਨੂੰ ਪੇਅ ਕਮਿਸ਼ਨ ਤਹਿਤ ਬਣਦਾ ਪੂਰਾ ਲਾਭ ਦੇਣਾ, 23 ਦਸੰਬਰ 2011 ਤੋਂ ਬਾਦ ਭਰਤੀ ਹੋਏ ਮਨਿਸਟੀਰੀਅਲ ਮੁਲਾਜਮਾਂ ਦੇ ਟਾਈਪ ਟੈਸਟ ਦੀ ਥਾ 120 ਘੰਟੇ ਦੀ ਕੰਪਿਊਟਰ ਟ੍ਰੇਨਿੰਗ ਲਾਗੂ ਕਰਨਾ ਆਦਿ ਸ਼ਾਮਿਲ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਸੰਘਰਸ਼ 18 ਅਕਤੂਬਰ, 2021 ਤੱਕ ਜਾਰੀ ਰਹੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp