ਸੁੰਦਰ ਸ਼ਾਮ ਅਰੋੜਾ ਨੇ ਲਾਭਪਾਤਰੀਆਂ ਨੂੰ ਸੌਂਪੇ ਹੈਲਥ ਕਾਰਡ, ਸਮਾਰਟ ਕਾਰਡ
100 ਦੇ ਕਰੀਬ ਲਾਭਪਾਤਰੀਆਂ ਨੂੰ ਲੱਗੀ ਸਮਾਜਿਕ ਸੁਰੱਖਿਆ ਪੈਨਸ਼ਨ
ਪੰਜਾਬ ਸਰਕਾਰ ਹਰ ਵਰਗ ਦੇ ਇਕਸਾਰ ਵਿਕਾਸ ਲਈ ਵਚਨਬੱਧ
ਹੁਸ਼ਿਆਰਪੁਰ, 13 ਅਕਤੂਬਰ: ਐਮ.ਐਲ.ਏ. ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 4 ਵਿਚ ਇਕ ਪ੍ਰੋਗਰਾਮ ਦੌਰਾਨ ਇਕ ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੈਲਥ ਕਾਰਡ ਅਤੇ 300 ਦੇ ਕਰੀਬ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਚੰਗੇਰੇ ਭਵਿੱਖ ਅਤੇ ਇਕਸਾਰ ਵਿਕਾਸ ਲਈ ਵਚਨਬੱਧ ਹੈ।
ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਮਾਸਿਕ ਸਮਾਜਿਕ ਸੁਰੱਖਿਆ ਪੈਨਸ਼ਨ ਦੇ 100 ਦੇ ਕਰੀਬ ਲਾਭਪਾਤਰੀਆਂ ਨੂੰ ਵੱਖ-ਵੱਖ ਪੈਨਸ਼ਨਾਂ ਲਗਵਾਉਂਦਿਆਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਰਕਮ 500 ਰੁਪਏ ਤੋਂ ਵਧਾ ਕੇ 1500 ਰੁਪਏ ਕਰਨਾ ਲੋੜਵੰਦ ਲੋਕਾਂ ਦੀ ਭਲਾਈ ਲਈ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ 27 ਲੱਖ ਤੋਂ ਵੱਧ ਲਾਭਪਾਤਰੀ ਬੁਢਾਪਾ, ਵਿਧਵਾ, ਦਿਵਆਂਗ ਆਦਿ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ 1.49 ਲੱਖ ਦੇ ਕਰੀਬ ਲਾਭਪਾਤਰੀਆਂ ਨੂੰ ਇਹ ਸਕੀਮ ਦਾ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ਨੇ ਕੌਂਸਲਰ ਅਸ਼ੋਕ ਮਹਿਰਾ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦੇ ਘੇਰੇ ਵਿਚ ਲਿਆਉਣਾ, ਸਮਾਰਟ ਕਾਰਡ ਬਣਵਾਉਣੇ ਅਤੇ ਪੈਨਸ਼ਨਾਂ ਲਗਵਾਉਣੀਆਂ ਲੋਕ ਭਲਾਈ ਦੇ ਖੇਤਰ ਵਿਚ ਸਲਾਹੁਤਾਯੋਗ ਕਦਮ ਹੈ।
ਲਾਭਪਾਤਰੀਆਂ ਨੂੰ ਹੈਲਥ ਕਾਰਡ ਅਤੇ ਸਮਾਰਟ ਕਾਰਡ ਵੰਡਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਗਨ ਸਕੀਮ ਦੀ ਰਕਮ ਵੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕੀਤੀ ਗਈ ਹੈ ਜਿਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਵੱਡਾ ਫਾਇਦਾ ਹੋਇਆ ਹੈ। ਇਸੇ ਤਰ੍ਹਾਂ ਕਿਸਾਨਾਂ ਦੀ ਕਰਜਾ ਰਾਹਤ ਸਕੀਮ ਤਹਿਤ ਕਰੀਬ 4700 ਕਰੋੜ ਰੁਪਏ ਦੀ ਰਾਹਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਤੋਂ ਇਲਾਵਾ ਪੰਜਾਬ ਸਰਕਾਰ ਨੇ ਹਰ ਵਰਗ ਲਈ ਲੋੜੀਂਦੇ ਭਲਾਈ ਕਾਰਜ ਅਮਲ ਵਿਚ ਲਿਆਂਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਸੁਰਿੰਦਰ ਕੁਮਾਰ, ਬਲਾਕ ਸੰਮਤੀ ਮੈਂਬਰ ਮੁਕੇਸ਼ ਡਾਬਰ, ਚੇਅਰਮੈਨ ਫਾਈਨਾਂਸ ਕਮੇਟੀ ਬਲਵਿੰਦਰ ਕੁਮਾਰ, ਕੌਂਸਲਰ ਲਵਕੇਸ਼ ਓਹਰੀ, ਹਰੀਸ਼ ਸੈਣੀ, ਕ੍ਰਿਸ਼ਨ ਗੋਪਾਲ ਆਨੰਦ, ਮਲਕੀਅਤ ਸੈਣੀ, ਰਜਿੰਦਰ ਸੈਣੀ, ਕੰਚਨ ਮਾਹਿਰਾ, ਮੀਨੂੰ ਠਾਕੁਰ, ਮੀਨਾ ਕੁਮਾਰੀ, ਤਮੰਨਾ ਗੁਪਤਾ, ਅੰਬਿਕਾ ਸ਼ਰਮਾ ਆਦਿ ਮੌਜੂਦ ਸਨ।
—
EDITOR
CANADIAN DOABA TIMES
Email: editor@doabatimes.com
Mob:. 98146-40032 whtsapp