ਮਾਹਿਲਪੁਰ ਬਲਾਕ ਦੇ ਕਿਸਾਨਾਂ ਨੇ ਖੇਤ ’ਚ ਪਰਾਲੀ ਪ੍ਰਬੰਧਨ ਦਾ ਰਾਹ ਚੁਣਿਆ, ਹੋਰਨਾਂ ਲਈ ਵੀ ਬਣੇ ਰਾਹ-ਦਸੇਰੇ
ਡਿਪਟੀ ਕਮਿਸ਼ਨਰ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ, ਨਵੀਆਂ ਤਕਨੀਕਾਂ ਅਪਨਾਉਣ ਦੀ ਲੋੜ ’ਤੇ ਜ਼ੋਰ
ਮਾਹਿਲਪੁਰ / ਹੁਸ਼ਿਆਰਪੁਰ, 18 ਅਕਤੂਬਰ (ਮੋਹਿਤ ਕੁਮਾਰ ) : ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਬਹੁਗਿਣਤੀ ਕਿਸਾਨਾਂ ਨੇ ਖੇਤੀਬਾੜੀ ਦੀਆਂ ਨਵੀਂਆਂ ਤਕਨੀਕਾਂ ਨੂੰ ਅਪਨਾਉਂਦਿਆਂ ਝੋਨੇ ਦੀ ਪਰਾਲੀ ਦਾ ਖੇਤਾਂ ਵਿਚ ਹੀ ਪ੍ਰਬੰਧਨ ਕਰਨ ਨੂੰ ਤਰਜ਼ੀਹ ਦਿੱਤੀ ਹੈ ਜਿਸ ਤਹਿਤ ਬਲਾਕ ਮਾਹਿਲਪੁਰ ਦੇ ਕਿਸਾਨਾਂ ਨੇ ਨਵੀਂਆਂ ਲੀਹਾਂ ਪਾਈਆਂ ਹਨ।
ਖੇਤੀਬਾੜੀ ਵਿਭਾਗ ਵਲੋਂ ਪਰਾਲੀ ਦੇ ਪ੍ਰਬੰਧਨ ਲਈ ਮਾਹਿਲਪੁਰ ਬਲਾਕ ਵਿਚ ਨਵੀਆਂ ਤਕਨੀਕਾਂ ਦੀ ਪੇਸ਼ਕਾਰੀ ਕੀਤੀ ਸੀ ਜਿਸ ਤੋਂ ਪ੍ਰੇਰਿਤ ਹੁੰਦਿਆਂ ਮਾਹਿਲਪੁਰ ਦੇ ਅਗਾਂਹਵਧੂ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਹੀ ਪਰਾਲੀ ਪ੍ਰਬੰਧਨ ਨੂੰ ਯਕੀਨੀ ਬਣਾ ਕੇ ਦੂਜੇ ਕਿਸਾਨਾਂ ਨੂੰ ਰਾਹ ਦਿਖਾਇਆ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਰਾਹੀਂ ਸਬਸਿਡੀ ’ਤੇ ਦਿੱਤੀ ਜਾਂਦੀ ਮਸ਼ੀਨਰੀ ਨਾਲ ਪਰਾਲੀ ਪ੍ਰਬੰਧਨ ਲਈ ਅੱਗੇ ਆਉਣ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਜਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਬਰਕਰਾਰ ਰੱਖਣ।
ਪਰਾਲੀ ਪ੍ਰਬੰਧਨ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਪਿੰਡ ਕੋਟਲਾ ਦੇ ਕਿਸਾਨ ਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਭਰਾ ਨਰਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਤਕਨੀਕਾਂ ਰਾਹੀਂ ਝੋਨੇ ਦੀ ਕਿਸਮ ਪੀ.ਆਰ.121, ਪੀ.ਆਰ. 127 ਦੀ ਕਟਾਈ ਸੁਪਰ ਐਸ.ਐਮ.ਐਸ. ਕੰਬਾਇਨ ਨਾਲ ਕੀਤੀ ਜਿਹੜੀ ਕਿ ਪਿੱਛੇ ਡਿਗਣ ਵਾਲੀ ਪਰਾਲੀ ਨੂੰ ਕੁਤਰ ਕੇ ਖੇਤ ਵਿਚ ਖਿਲਾਰਦੀ ਹੈ। ਉਨ੍ਹਾਂ ਦੱਸਿਆ ਕਿ 100 ਏਕੜ ਵਿਚ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਹੈਪੀ ਸੀਡਰ ਨਾਲ ਰਬੀ 2020 ਦੇ ਸੀਜਨ ਵਿਚ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ। ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਲ ਬਿਜਾਈ ਸਮੇਂ ਸਿਰ ਹੁੰਦੀ ਹੈ ਅਤੇ ਵਾਤਾਵਰਣ ਵੀ ਸਾਫ਼ ਰਹਿਣ ਦੇ ਨਾਲ-ਨਾਲ ਬਿਜਾਈ ਤੋਂ ਪਹਿਲਾਂ ਪਾਣੀ ਦੀ ਬੱਚਤ ਵੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਦੀ ਵਰਤੋਂ ਵਾਲੇ ਖੇਤਾਂ ਵਿਚ ਨਦੀਨਾਂ ਦੀ ਸਮੱਸਿਆ ਵੀ ਘੱਟ ਰਹਿੰਦੀ ਹੈ।
ਇਸੇ ਤਰ੍ਹਾਂ ਪਿੰਡ ਕੋਟਲਾ ਦੇ ਇਕ ਹੋਰ ਕਿਸਾਨ ਦਲੇਰ ਸਿੰਘ ਨੇ ਵੀ ਰਬੀ 2020 ਦੌਰਾਨ 70 ਏਕੜ ਵਿਚ ਝੋਨੇ ਦੀ ਪਰਾਲੀ ਵਿਚ ਸਫ਼ਲਤਾਪੂਰਵਕ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ। ਉਨ੍ਹਾਂ ਨੇ ਸੁਪਰ ਐਸ.ਐਮ.ਐਸ. ਕੰਬਾਇਨ ਨਾਲ ਝੋਨੇ ਦੀ ਕਿਸਮ ਪੀ.ਆਰ. 121 ਦੀ ਕਟਾਈ ਕੀਤੀ ਜਿਸ ਨਾਲ ਹੈਪੀ ਸੀਡਰ ਰਾਹੀਂ ਕਣਕ ਦੀਆਂ ਕਿਸਮਾਂ ਪੀ.ਬੀ.ਡਬਲਯੂ. 550, 343 ਅਤੇ 725 ਦੀ ਆਸਾਨੀ ਨਾਲ ਬਿਜਾਈ ਕੀਤੀ ਸੀ। ਦਲੇਰ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਸਮੇਂ ਵਿਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਸਮੇਂ ਹੋਰਨਾਂ ਕਿਸਾਨਾਂ ਨੇ ਇਸ ਤਕਨੀਕ ਨੂੰ ਨਕਾਰਿਆਂ ਸੀ ਪਰ ਝੋਨੇ ਦੀ ਪਰਾਲੀ ਵਿਚ ਕਣਕ ਦੀ ਪੈਦਾਵਾਰ ਨੂੰ ਦੇਖ ਕੇ ਉਨ੍ਹਾਂ ਕਿਸਾਨਾਂ ਦੀ ਸੰਤੁਸ਼ਟੀ ਹੋਣ ਨਾਲ ਹੁਣ ਉਹ ਵੀ ਇਸ ਤਕਨੀਕ ਲਈ ਅੱਗੇ ਆਏ ਹਨ। ਉਨ੍ਹਾਂ ਦੱਸਿਆ ਕਿ ਖੇਤ ਵਿਚ ਉਗਣ ਵਾਲੇ ਨਦੀਨਾ ਦੀ ਰੋਕਥਾਮ ਲਈ ਨਿਰਧਾਰਤ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ।
ਪਿੰਡ ਗੁਜਰਪੁਰ ਦੇ ਕਿਸਾਨ ਸੁਖਜਿੰਦਰ ਸਿੰਘ ਨੇ ਵੀ ਝੋਨੇ ਦੀ ਪਰਾਲੀ ਦਾ ਖੇਤ ਵਿਚ ਹੀ ਪ੍ਰਬੰਧਨ ਕਰਨ ਦੀ ਤਕਨੀਕ ਚੁਣੀ ਹੈ ਅਤੇ ਰਬੀ 2020 ਦੌਰਾਨ ਪਰਾਲੀ ਚੌਪਰ ਦੀ ਮਦਦ ਨਾਲ ਉਸ ਨੇ 7 ਏਕੜ ਰਕਬੇ ਵਿਚ ਪਰਾਲੀ ਨੂੰ ਕੁਤਰ ਕੇ ਰੋਟਾਵੇਟਰ ਅਤੇ ਤਵੀਆਂ ਨਾਲ ਜਮੀਨ ਵਿਚ ਮਿਲਾਇਆ। ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਉਪਰੰਤ ਮਟਰਾਂ ਦੀ ਸਫ਼ਲ ਬਿਜਾਈ ਕਰਕੇ ਚੰਗਾ ਝਾੜ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਉਹ ਨਵੀਆਂ ਤਕਨੀਕਾਂ ਸਬੰਧੀ ਮਾਹਰਾਂ ਨਾਲ ਗੱਲਬਾਤ ਕਰਕੇ ਇਨ੍ਹਾਂ ਦਾ ਹੋਰਨਾਂ ਕਿਸਾਨਾਂ ਤੱਕ ਵੀ ਪ੍ਰਚਾਰ ਕਰਦਾ ਹੈ ਤਾਂ ਜੋ ਜਮੀਨ ਦੀ ਸਿਹਤ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਚੰਗੇ ਢੰਗ ਨਾਲ ਕੀਤੀ ਜਾ ਸਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp