ਚੰਡੀਗੜ੍ਹ: ਦਿੱਲੀ ਦੇ ਸਿੰਘੂ ਬਾਰਡਰ ’ਤੇ ਬੇਅਦਬੀ ਦੇ ਮੁਦੇ ਤੇ ਤਰਨ ਤਾਰਨ ਦੇ ਨੌਜਵਾਨ ਦੇ ਕਤਲ ਮਗਰੋਂ ਹੈਰਾਨੀਜਨਕ ਨਵਾਂ ਖੁਲਾਸਾ ਹੋਇਆ ਹੈ। ਇਹ ਕਤਲ ਕਰਨ ਵਾਲੇ ਨਿਹੰਗ ਸਿੰਘ ਧੜੇ ਦੇ ਲੀਡਰ ਬਾਬਾ ਅਮਨ ਸਿੰਘ ਦੀਆਂ ਬੀਜੇਪੀ ਲੀਡਰਾਂ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਇਸੇ ਸਾਲ ਦੀਆਂ ਹਨ ਤੇ ਇਹ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਨਾਲ ਜੁੜੀਆਂ ਜਾਪਦੀਆਂ ਹਨ ਕਿਉਂਕਿ ਇੱਕ ਤਸਵੀਰ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਬਾਬਾ ਅਮਨ ਸਿੰਘ ਨਾਲ ਨਜ਼ਰ ਆ ਰਹੇ ਹਨ।
ਪੰਜਾਬੀ ਅਖਬਾਰ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਇਹ ਮੀਟਿੰਗਾਂ ਕਿਸਾਨ ਅੰਦੋਲਨ ਦੇ ਹੱਲ ਲਈ ਹੀ ਹੋਈਆਂ ਸੀ। ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬਾਬਾ ਅਮਨ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਤ ਵੀ ਕੀਤਾ । ਬੇਸ਼ੱਕ ਬਾਬਾ ਅਮਨ ਸਿੰਘ ਨੇ ਅਜਿਹੀਆਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਪਰ ਇਹ ਤਸਵੀਰਾਂ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।
ਪਿਛਲੇ ਦਿਨੀਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਨੇ ਇੱਕ ਨੌਜਵਾਨ ਦਾ ਕਤਲ ਕਰਕੇ ਲਾਸ਼ ਬੈਰੀਕੇਡ ਉੱਪਰ ਲਟਕਾ ਦਿੱਤੀ ਸੀ। ਤਰਨ ਤਾਰਨ ਦੇ ਉਸ ਨੌਜਵਾਨ ਉੱਪਰ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਦੂਜੇ ਪਾਸੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜਾਹਿਰ ਕੀਤਾ ਸੀ ਕਿ ਉਸ ਨੂੰ ਕਿਸੇ ਸਾਜਿਸ਼ ਤਹਿਤ ਸਿੰਘੂ ਬਾਰਡਰ ਉੱਪਰ ਲਿਜਾਇਆ ਗਿਆ ਹੋ ਸਕਦਾ ਹੈ। ਇਸ ਮਗਰੋਂ ਕਿਸਾਨ ਜਥੇਬੰਦੀਆਂ ਨੇ ਵੀ ਸਾਰੇ ਮਾਮਲੇ ਦੀ ਜਾਂਚ ਮੰਗੀ ਸੀ।
ਹੁਣ ਇਨ੍ਹਾਂ ਤਸਵੀਰਾਂ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਅਹਿਮ ਗੱਲ ਹੈ ਕਿ ਇੱਕ ਤਸਵੀਰ ਵਿੱਚ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਮੀਟਿੰਗ ਜੁਲਾਈ ਦੇ ਅਖ਼ੀਰ ਵਿੱਚ ਹੋਈ ਸੀ। ਇੱਕ ਹੋਰ ਫੋਟੋ ਵਿੱਚ ਬਾਬਾ ਅਮਨ ਸਿੰਘ ਤੇ ਪਿੰਕੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਦਿੱਲੀ ਸਥਿਤ ਬੰਗਲੇ ’ਚ ਮੰਤਰੀ ਨਾਲ ਲੰਚ ਉਤੇ ਮੁਲਾਕਾਤ ਕਰ ਰਹੇ ਹਨ। ਇਸ ਮੌਕੇ ਸੁਨੀਲ ਕੁਮਾਰ ਸਿੰਘ (ਝਾਰਖੰਡ ਤੋਂ ਸੰਸਦ ਮੈਂਬਰ), ਰਾਜਸਥਾਨ ਤੋਂ ਸੌਰਭ ਸਰਸਵਤ (ਕੌਮੀ ਜਨਰਲ ਸਕੱਤਰ, ਭਾਰਤ-ਤਿੱਬਤ ਸੰਘ), ਸੁਖਮਿੰਦਰਪਾਲ ਸਿੰਘ ਗਰੇਵਾਲ (ਕੌਮੀ ਕਿਸਾਨ ਆਗੂ ਭਾਜਪਾ ਤੇ ਸਾਬਕਾ ਕੌਮੀ ਸਕੱਤਰ-ਭਾਜਪਾ ਕਿਸਾਨ ਮੋਰਚਾ) ਵੀ ਹਾਜ਼ਰ ਸਨ।
ਕਿਸਾਨ ਜਥੇਬੰਦੀਆਂ ਨੇ ਬੀਜੇਪੀ ਲੀਡਰਾਂ ਦਾ ਬਾਈਕਾਟ ਕੀਤਾ ਹੋਇਆ ਹੈ। ਕਿਸਾਨ ਲੀਡਰਾਂ ਨੇ ਪਿਛਲੇ ਕਾਫੀ ਸਮੇਂ ਤੋਂ ਕਿਸੇ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਕੀਤੀ। ਅਜਿਹੇ ਵਿੱਚ ਸਿੰਘੂ ਬਾਰਡਰ ਉੱਪਰ ਡਟੀ ਨਿਹੰਗ ਸਿੰਘ ਜਥੇਬੰਦੀ ਦੇ ਲੀਡਰ ਵੱਲੋਂ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਈ ਸਵਾਲ ਖੜ੍ਹੇ ਕਰਦੀ ਹੈ। ਅਹਿਮ ਗੱਲ ਹੈ ਕਿ ਇਨ੍ਹਾਂ ਮਿਲਣੀਆਂ ਬਾਰੇ ਨਿਹੰਗ ਜਥੇਬੰਦੀ ਨੇ ਕਦੇ ਵੀ ਜਨਤਕ ਦਾਅਵਾ ਨਹੀਂ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp