ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਦੂਜੇ ਪੜਾਅ ਦੀ ਹੋਈ ਸ਼ੁਰੂਆਤ : ਅਪਰਾਜਿਤਾ ਜੋਸ਼ੀ
ਅੱਜ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਵਲੋਂ 6350 ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਾ ਲਾਭ ਲੈਣ ਲਈ ਕੀਤੀ ਅਪੀਲ
ਹੁਸ਼ਿਆਰਪੁਰ : ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੇ ਨਿਰਦੇਸ਼ਾਂ ’ਤੇ ਨਾਲਸਾ, ਨਵੀਂ ਦਿੱਲੀ ਵਲੋਂ ਚਲਾਏ ਜਾ ਰਹੇ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ (2 ਅਕਤੂਬਰ ਤੋਂ 14 ਨਵੰਬਰ) ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਸਬੰਧੀ ਮੁਫ਼ਤ ਕਾਨੂੰਨੀ ਸਹਾਇਤਾ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਸਹਿਯੋਗ ਨਾਲ ਅੱਜ 117 ਵੱਖ-ਵੱਖ ਗਰਾਮ ਪੰਚਾਇਤਾਂ ਵਿਚ ਸਕੱਤਰਾਂ ਅਤੇ ਸਰਪੰਚਾਂ ਵਲੋਂ 3820 ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਸਹਿਯੋਗ ਨਾਲ 100 ਪਿੰਡਾਂ ਵਿਚ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕ ਕੀਤਾ ਗਿਆ, ਜਿਸ ਵਿਚ 2500 ਲੋਕਾਂ ਨੇ ਹਿੱਸਾ ਲਿਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰਜ਼ ਵਲੋਂ 1 ਪਿੰਡ ਵਿਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 30 ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਹਿਲੇ ਪੜਾਅ ਵਿਚ ਜ਼ਿਲ੍ਹੇ ਦੇ ਸਾਰੇ 1405 ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਚੁੱਕਾ ਹੈ ਅਤੇ ਹੁਣ ਦੂਜੇ ਪੜਾਅ ਵਿਚ ਜਿਲ੍ਹੇ ਦੇ ਸਾਰੇ ਪਿੰਡਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅੱਜ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੀ ਸ਼ੋਭਾ ਯਾਤਰਾ ਵਿਚ 3 ਪੀ.ਐਲ.ਵੀਜ਼ ਵਲੋਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਪੈਂਫਲੇਟ ਵੰਡ ਕੇ ਅਥਾਰਟੀ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ। ਇਸ ਦੌਰਾਨ ਨੈਸ਼ਨਲ ਅਥਾਰਟੀ ਦਾ ਪ੍ਰੀ ਰਿਕਾਰਡ ਆਡਿਓ ਚਲਾ ਕੇ ਲੋਕਾਂ ਤੱਕ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਸੰਦੇਸ਼ ਪਹੁੰਚਾਇਆ ਗਿਆ ਕਿ ਕਿਸ ਤਰ੍ਹਾਂ ਆਮ ਜਨਤਾ ਮੁਫ਼ਤ ਕਾਨੂੰਨੀ ਸਹਾਇਤਾ ਕਿਥੋਂ ਅਤੇ ਕਿਸ ਤਰ੍ਹਾਂ ਲੈ ਸਕਦੀ ਹੈ। ਇਸ ਦੌਰਾਨ ਦੱਸਿਆ ਕਿ ਹਰ ਵਿਅਕਤੀ ਜਿਸ ਦੀ ਸਲਾਨਾ ਆਮਦਨ 3 ਲੱਖ ਰੁਪਏ ਤੋਂ ਵੱਧ ਹੋਵੇ, ਹਵਾਲਾਤੀ, ਮਹਿਲਾ, ਬੱਚਾ, ਉਦਯੋਗਿਕ ਲੇਬਰ, ਅਨੁਸੂਚਿਤ ਜਾਤੀ, ਪੱਛੜੀ ਜਾਤੀ ਦੇ ਲੋਕ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਮੈਡੀਏਸ਼ਨ ਅਤੇ ਕੰਸਲੀਏਸ਼ਨ ਸੈਂਟਰ ਬਾਰੇ ਵੀ ਦੱਸਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp