ਐਸ.ਡੀ.ਐਮ. ਨੇ ਪਟਾਖਿਆਂ ਦੇ ਗੋਦਾਮਾਂ ਦਾ ਕੀਤਾ ਅਚਨਚੇਤੀ ਨਿਰੀਖਣ
ਗੋਦਾਮਾਂ ’ਚ ਨਹੀਂ ਸਨ ਅੱਗ ਬੁਝਾਉਣ ਵਾਲੇ ਲੋੜੀਂਦੇ ਉਪਕਰਨ, ਅਮਰਜੈਂਸੀ ਫੋਨ ਨੰਬਰ ਡਿਸਪਲੇਅ ਤੇ ਸਟਾਕ ਰਜਿਸਟਰ ’ਚ ਪਾਈਆਂ ਗਈਆਂ ਕਮੀਆਂ
ਗੋਦਾਮ ਮਾਲਕਾਂ ਨੂੰ ਤਿੰਨ ਦਿਨ ’ਚ ਕਮੀਆਂ ਦੂਰ ਕਰਨ ਦੇ ਦਿੱਤੇ ਨਿਰਦੇਸ਼, ਨਹੀਂ ਤਾਂ ਕਰ ਦਿੱਤੇ ਜਾਣਗੇ ਲਾਇਸੈਂਸ ਕੈਂਸਲ
ਹੁਸ਼ਿਆਰਪੁਰ : ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬੱਲ ਨੇ ਅੱਜ ਹੁਸ਼ਿਆਰਪੁਰ ਦੇ ਪਟਾਖਿਆਂ ਦੇ ਗੋਦਾਮਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੋਦਾਮ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਅਤੇ ਸਟਾਕ ਰਜਿਸਟਰ ਨੂੰ ਚੈਕ ਕੀਤਾ, ਜਿਸ ਵਿਚ ਕਾਫ਼ੀ ਖਾਮੀਆਂ ਪਾਈਆਂ ਗਈਆਂ।
ਐਸ.ਡੀ.ਐਮ. ਨੇ ਦੱਸਿਆ ਕਿ ਉਨ੍ਹਾਂ ਅੱਜ ਪਟਾਖਿਆਂ ਦੇ ਡੀਲਰ ਭੂਸ਼ਣ ਲਾਲ ਦੇ ਆਦਮਵਾਲ ਰੋਡ ’ਤੇ ਬਣਾਏ ਗਏ ਪਟਾਖਿਆਂ ਦੇ ਗੁਦਾਮ ਅਤੇ ਪੰਕਜ ਕਾਲਰਾ ਦੇ ਊਨਾ ਰੋਡ ’ਤੇ ਬਜਵਾੜਾ ਵਿਖੇ ਬਣਾਏ ਗਏ ਗੋਦਾਮ ਦੀ ਜਾਂਚ ਕੀਤੀ। ਜਾਂਚ ਦੌਰਾਨ ਗੋਦਾਮਾਂ ਵਿਚ ਅੱਗ ਬੁਝਾਉਣ ਵਾਲੇ ਯੰਤਰ ਲੋੜੀਂਦੇ ਮਾਤਰਾ ਵਿਚ ਨਹੀਂ ਸਨ, ਇਸ ਤਰ੍ਹਾਂ ਜੇਕਰ ਗੋਦਾਮਾਂ ਵਿਚ ਅੱਗ ਲੱਗਣ ਵਰਗੀ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਹੈ। ਇਸ ਤਰ੍ਹਾਂ ਗੋਦਾਮ ਵਿਚ ਫਾਇਰ ਬ੍ਰਿਗੇਡ, ਪੁਲਿਸ ਤੇ ਅਮਰਜੈਂਸੀ ਫੋਨ ਨੰਬਰ ਵੀ ਡਿਸਪਲੇਅ ਨਹੀਂ ਕੀਤੇ ਗਏ ਸਨ। ਇਸ ਦੌਰਾਨ ਗੋਦਾਮ ਮਾਲਕਾਂ ਵਲੋਂ ਸਟਾਕ ਰਜਿਸਟਰ ਵੀ ਮੇਂਟੇਨ ਨਹੀਂ ਕੀਤਾ ਗਿਆ ਸੀ। ਉਨ੍ਹਾਂ ਪਟਾਖਾ ਗੋਦਾਮਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਗੋਦਾਮਾਂ ਵਿਚ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਲੋੜੀਂਦੀ ਵਿਵਸਥਾ ਕਰਨ, ਸਟਾਕ ਰਜਿਸਟਰ ਮੇਂਟੇਨ ਰੱਖਣ ਅਤੇ ਅਮਰਜੈਂਸੀ ਨੰਬਰਾਂ ਨੂੰ ਡਿਸਪਲੇਅ ਕਰਨ ਤਾਂ ਜੋ ਅਮਰਜੈਂਸੀ ਦੀ ਸਥਿਤੀ ਵਿਚ ਇਸ ਦਾ ਪ੍ਰਯੋਗ ਕੀਤਾ ਜਾ ਸਕੇ।
ਸ਼ਿਵਰਾਜ ਸਿੰਘ ਬੱਲ ਨੇ ਗੋਦਾਮ ਮਾਲਕਾਂ ਨੂੰ ਤਿੰਨ ਦਿਨ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਉਹ ਇਸ ਸਮੇਂ ਅੰਦਰ ਗੋਦਾਮਾਂ ਵਿਚ ਪਾਈਆਂ ਗਈਆਂ ਸਾਰੀਆਂ ਕਮੀਆਂ ਨੂੰ ਦਰੁਸਤ ਕਰ ਲੈਣ ਨਹੀਂ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਤੈਅ ਸਮੇਂ ਵਿਚ ਕਮੀਆਂ ਦੂਰ ਨਹੀਂ ਕੀਤੀਆਂ ਗਈਆਂ ਤਾਂ ਪਟਾਖਿਆਂ ਦੇ ਇਨ੍ਹਾਂ ਗੋਦਾਮਾਂ ਦੇ ਲਾਇਸੈਂਸ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਸਿਫਾਰਸ਼ ਕੀਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp