ਮੁੱਖ ਮੰਤਰੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਲੋਕਾਂ ਨੂੰ ਵਧਾਈ, ਆਦਿ ਕਵੀ ਦੀਆਂ ਮਹਾਨ ਸਿੱਖਿਆਵਾਂ ਉਤੇ ਅਮਲ ਕਰਨ ਦਾ ਸੱਦਾ
-ਸਫਾਈ ਕਰਮਚਾਰੀਆਂ ਨੂੰ ਹੋਰ ਗਜਟਿਡ ਛੁੱਟੀਆਂ ਤੋਂ ਇਲਾਵਾ ਹਫਤਾਵਾਰੀ ਛੁੱਟੀ ਵੀ ਮਿਲੇਗੀ
— ਵੱਖੋ- ਵੱਖ ਵਿਭਾਗਾਂ ਵਿੱਚ ਛੇਤੀ ਹੀ ਇਕ ਲੱਖ ਤੋਂ ਜ਼ਿਆਦਾ ਅਸਾਮੀਆਂ ਭਰੀਆਂ ਜਾਣਗੀਆਂ
– ਯੋਗ ਲਾਭਪਾਤਰੀਆਂ ਨੂੰ ਛੇਤੀ ਹੀ 5 ਮਰਲਾ ਪਲਾਟ ਮਿਲਣਗੇ
– – ਲੋਕਾਂ ਨੂੰ ਦੀਵਾਲੀ ਤੱਕ ਬਸੇਰਾ ਸਕੀਮ ਤਹਿਤ ਮਲਕਾਨਾ ਹੱਕ ਮਿਲਣਗੇ
– ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਖ਼ਰਚਣ ਦਾ ਅਹਿਦ
ਰਾਮਤੀਰਥ (ਅੰਮ੍ਰਿਤਸਰ), 20 ਅਕਤੂਬਰ :
ਦੁਨੀਆ ਦੇ ਕੋਨੇ-ਕੋਨੇ ਵਿਚ ਭਗਵਾਨ ਵਾਲਮੀਕਿ ਜੀ ਦੀ ਬਹੁਮੁੱਲੀ ਦੇਣ ਦਾ ਪਸਾਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸਥਾਪਿਤ ਭਗਵਾਨ ਵਾਲਮੀਕਿ ਜੀ ਚੇਅਰ ਲਈ ਸਾਲਾਨਾ 5 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ।
ਸੂਬੇ ਦੇ ਸਰਵ ਪੱਖੀ ਵਿਕਾਸ ਵਿੱਚ ਵਾਲਮੀਕਿ ਭਾਈਚਾਰੇ ਦੇ ਉੱਘੇ ਯੋਗਦਾਨ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਮਹਾਨ ਸਿੱਖ ਯੋਧੇ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸੇਵਕ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਨਾਂ ‘ਤੇ ਵੀ ਇਕ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ। ਧਿਆਨ ਦੇਣ ਯੋਗ ਹੈ ਕਿ ਬਾਬਾ ਜੀਵਨ ਸਿੰਘ ਜੀ ਨੇ ਮੁਗਲ ਹਕੂਮਤ ਦੇ ਜ਼ੁਲਮ ਦੀ ਪ੍ਰਵਾਹ ਨਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਸੀ।
ਸੂਬਾ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਲੋਕਾਂ ਨੂੰ ਕਰੁਣਾ ਸਾਗਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸ਼ੁੱਭ ਮੌਕੇ ਵਧਾਈ ਦਿੱਤੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੇ ਨਾਂ ‘ਤੇ ਸਥਾਪਿਤ ਹੋਣ ਵਾਲੀ ਚੇਅਰ ਨੂੰ ਵੀ ਹਰ ਸਾਲ 5 ਕਰੋੜ ਰੁਪਏ ਦੀ ਗ੍ਰਾਂਟ ਮਿਲੇਗੀ ਤਾਂ ਜੋ ਇਸ ਮਹਾਨ ਸਿੱਖ ਯੋਧੇ ਦੇ ਫਲਸਫੇ ਅਤੇ ਸਿਖਿਆਵਾਂ ‘ਤੇ ਖੋਜ ਹੋ ਸਕੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਭਾਸ਼ਾ ਦੇ ਪਿਤਾਮਾ ਸਨ ਅਤੇ ਦੁਨੀਆ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ ਜਿਹਨਾਂ ਨੇ ਆਪਣੀ ਅਮਰ ਰਚਨਾ ਰਾਮਾਇਣ ਰਾਹੀਂ ਬਦੀ ‘ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ। ਇਸ ਉਨ੍ਹਾਂ ਅੱਗੇ ਕਿਹਾ ਕਿ ਇਸ ਮਹਾਨ ਮਹਾਂਕਾਵਿ ਨੇ ਲੋਕਾਂ ਨੂੰ ਸਦੀਆਂ ਤੱਕ ਜੀਵਨ ਜਾਚ ਸਿਖਾਈ ਹੈ ਅਤੇ ਮੌਜੂਦਾ ਪਦਾਰਥਵਾਦੀ ਸਮਾਜ ਵਿਚ ਨੈਤਿਕ ਜਿੰਦਗੀ ਜਿਉਣ ਅਤੇ ਕਦਰਾਂ ਕੀਮਤਾਂ ਦਾ ਇਕ ਚਾਨਣ ਮੁਨਾਰਾ ਹੈ।
ਸੂਬੇ ਦੇ ਖਜ਼ਾਨੇ ਵਿੱਚੋਂ ਰਾਹਤਾਂ ਦੇਣ ਲਈ ਆਪਣੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਰੋਧੀਆਂ ਉਤੇ ਤੰਜ ਕੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਹਿੱਤ ਖਰਚ ਕਰਨ ਸਬੰਧੀ ਬਿਲਕੁਲ ਸਪੱਸ਼ਟ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ ਖਜ਼ਾਨੇ ਦੀ ਖੁੱਲੀ ਲੁੱਟ ਲਈ ਕਰੜੇ ਹੱਥੀਂ ਲੈਂਦਿਆਂ ਸ. ਚੰਨੀ ਨੇ ਕਿਹਾ ਕਿ ਉਹ ਘੱਟੋ-ਘੱਟ ਸਰਕਾਰੀ ਫੰਡ ਲੋੜਵੰਦਾਂ ਅਤੇ ਗ਼ਰੀਬਾਂ ਦੀ ਭਲਾਈ ਲਈ ਤਾਂ ਖ਼ਰਚ ਰਹੇ ਹਨ ਜਦੋ ਕਿ ਅਕਾਲੀਆਂ ਨੇ ਤਾਂ ਆਪਣੇ ਸੌੜੇ ਨਿੱਜੀ ਹਿੱਤਾਂ ਲਈ ਸੂਬੇ ਨੂੰ ਨਾਜਾਇਜ਼ ਢੰਗ ਨਾਲ ਲੁਟਿਆ ਸੀ।
ਪਹਿਲਾਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਗ਼ਰੀਬਪੱਖੀ ਪਹਿਲਕਦਮੀਆਂ ਨੂੰ ਲਾਗੂ ਕੀਤੇ ਜਾਣ ਦੇ ਆਪਣੀ ਸਰਕਾਰ ਦੇ ਫੈਸਲੇ ਨੂੰ ਮੁੜ ਦੁਹਰਾਉਂਦੇ ਹੋਏ ਚੰਨੀ ਨੇ ਕਿਹਾ ਕਿ 2 ਕਿਲੋਵਾਟ ਤੱਕ ਦੇ ਬਿਜਲੀ ਬਿੱਲ ਦੇ ਬਕਾਏ ਸਾਰੇ ਵਰਗਾਂ ਲਈ ਮੁਆਫ ਕੀਤੇ ਜਾਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨਾਲ ਸਰਕਾਰੀ ਖਜ਼ਾਨੇ ਉੱਤੇ 1200 ਕਰੋੜ ਰੁਪਏ ਦਾ ਬੋਝ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੈਬਿਨੇਟ ਵੱਲੋਂ ਸਾਰੀਆਂ ਪੀਣ ਯੋਗ ਪੇਂਡੂ ਜਲ ਸਪਲਾਈ ਸਕੀਮਾਂ ਲਈ ਮੁਫ਼ਤ ਬਿਜਲੀ ਦੇ ਫੈਸਲੇ ਨੂੰ ਮੰਜੂਰੀ ਦਿੱਤੀ ਗਈ ਹੈ ਅਤੇ ਹੁਣ ਪੇਂਡੂ ਖੇਤਰਾਂ ਦੇ ਲੋਕਾਂ ਨੂੰ 166 ਰੁਪਏ ਪ੍ਰਤੀ ਮਹੀਨਾ ਦੀ ਥਾਂ ਸਿਰਫ 50 ਰੁਪਏ ਹੀ ਅਦਾ ਕਰਨੇ ਪੈਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਹੀ ਮਿਉਂਸੀਪਲ ਕਾਰਪੋਰੇਸ਼ਨਾਂ, ਮਿਉਂਸੀਪਲ ਕਾਉਂਸਿਲਾ ਅਤੇ ਨਗਰ ਪੰਚਾਇਤਾਂ ਵਿਚ 125 ਗਜ਼ ਤੋਂ ਵੱਧ ਪਲਾਟਾਂ ਵਾਲੇ ਸਮੂਹ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੇ ਇਸਤੇਮਾਲ ਦੀ ਦਰ ਘੱਟਾ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਘਰੇਲੂ ਕੁਨੈਕਸ਼ਨਾਂ ਲਈ ਜਲ ਸਪਲਾਈ ਅਤੇ ਸੀਵਰੇਜ ਦੀਆਂ ਦਰਾਂ ਦੇ ਬਕਾਏ ਵੀ ਮੁਆਫ ਕਰ ਦਿੱਤੇ ਗਏ ਹਨ।
ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ ਰਾਜਕੁਮਾਰ ਵੇਰਕਾ ਨੇ ਵਧਾਈ ਦਿੰਦਿਆਂ ਕਿਹਾ ਕਿ ਜੇਕਰ ਅਕਾਲੀ ਇਹ ਸੋਚਦੇ ਹਨ ਕਿ ਉਹ ਅਗਲੀ ਸਰਕਾਰ ਬਣਾ ਲੈਣਗੇ ਤਾਂ ਉਹ ਭੁਲੇਖੇ ਵਿੱਚ ਹਨ ਕਿਉਂਕਿ ਅਸਲ ਵਿੱਚ ਕਾਂਗਰਸ ਪਾਰਟੀ 2022 ਦੀਆਂ ਅਸੈਂਬਲੀ ਚੋਣਾਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲੜੇਗੀ ਅਤੇ ਸ. ਚੰਨੀ ਅਗਲੇ ਮੁੱਖ ਮੰਤਰੀ ਹੋਣਗੇ ਕਿਉਂਕਿ ਕਾਂਗਰਸ ਬਹੁਤ ਉਤਸ਼ਾਹ ਵਿੱਚ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਗਵਾਨ ਵਾਲਮੀਕਿ ਤੀਰਥ ਸਥਲ ਕੰਪਲੈਕਸ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਅਤਿਆਧੁਨਿਕ ਪੈਨੋਰਾਮਾ ਦਾ ਨੀਂਹ-ਪੱਥਰ ਰੱਖਿਆ। ਇਸ ਪੈਨੋਰਾਮਾ ਵਿੱਚ ਕਈ ਵਿਸ਼ੇਸ਼ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਔਗਮੈਂਟਿਡ ਰਿਐਲਿਟੀ, ਪ੍ਰੋਜੈਕਸ਼ਨ ਮੈਪਿੰਗ, ਸੀਨੋਗ੍ਰਾਫੀ, ਹੌਲੋਗ੍ਰਾਫਿਕ ਸਕ੍ਰੀਨ ਪ੍ਰੋਜੈਕਸ਼ਨ ਸ਼ਾਮਿਲ ਹੋਣਗੇ ਜਿਨਾਂ ਕਰਕੇ ਵੱਖ-ਵੱਖ ਗੈਲਰੀਆਂ ਖਿੱਚ ਦਾ ਕੇਂਦਰ ਬਣਨਗੀਆਂ। ਉਨ੍ਹਾਂ ਭਗਵਾਨ ਵਾਲਮੀਕਿ ਜੀ ਦੇ ਮੰਦਰ ਦੇ ਬਾਹਰੀ ਹਿੱਸੇ ਦੇ ਰੌਸ਼ਨੀਕਰਨ ਦੇ ਕੰਮ ਦਾ ਵੀ ਉਦਘਾਟਨ ਕੀਤਾ ਜਿਸ ਉਤੇ 4 ਕਰੋੜ ਰੁਪਏ ਦਾ ਖ਼ਰਚ ਆਇਆ ਹੈ।
ਭਗਵਾਨ ਵਾਲਮੀਕਿ ਸਥਲ ਦੇ ਸੰਪੂਰਨ ਵਿਕਾਸ ਲਈ ਕਈ ਐਲਾਨ ਕਰਦੇ ਹੋਏ ਚੰਨੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਮੰਦਰ ਵਿਖੇ ਸਥਿਤ ਪਵਿੱਤਰ ਸਰੋਵਰ ਦੇ ਜਲ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ 3.50 ਕਰੋੜ ਰੁਪਏ ਦੀ ਲਾਗਤ ਨਾਲ ਇਕ ਫਿਲਟਰੇਸ਼ਨ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਕਿ ਇਸ ਸਾਲ 15 ਦਿਸੰਬਰ ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜਨਤਕ ਪਖਾਨਿਆਂ, ਚਾਰਦਿਵਾਰੀ, ਕੰਡਿਆਲੀ ਤਾਰਬੰਦੀ, ਪਰਿਕਰਮਾ ਦਾ ਬਾਕੀ ਰਹਿੰਦਾ ਕੰਮ ਅਤੇ ਹੋਰ ਸਿਵਿਲ ਕੰਮ 4.14 ਕਰੋੜ ਰੁਪਏ ਦੀ ਲਾਗਤ ਨਾਲ 31 ਦਸੰਬਰ, 2021 ਤੱਕ ਪੂਰੇ ਹੋ ਜਾਣਗੇ। ਇਸ ਤਰ੍ਹਾਂ ਹੀ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ ਸਰਾਂ ਲਈ ਵੀ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਉੱਤੇ 1.50 ਕਰੋੜ ਰੁਪਏ ਦਾ ਖ਼ਰਚ ਆਵੇਗਾ।
ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਮੁਹੰਮਦ ਸਦੀਕ ਤੋਂ ਇਲਾਵਾ ਵਿਧਾਇਕ ਤਰਸੇਮ ਸਿੰਘ ਡੀਸੀ, ਇੰਦਰਬੀਰ ਸਿੰਘ ਬੁਲਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਪਵਨ ਆਦੀਆ, ਸੰਤੋਖ ਸਿੰਘ ਭਲਾਈਪੁਰ, ਸੁਨੀਲ ਦੱਤੀ ਤੇ ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ, ਮੇਅਰ ਕਰਮਜੀਤ ਸਿੰਘ ਰਿੰਟੂ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਿਲਰਾਜ ਸਰਕਾਰੀਆ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੈਹਰਾ ਅਤੇ ਐਸ ਐਸ.ਪੀ. ਰਾਕੇਸ਼ ਕੌਸ਼ਲ ਤੇ ਹੋਰ ਸ਼ਾਮਿਲ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp