ਡਿਪਟੀ ਕਮਿਸ਼ਨਰ ਨੇ ਡਰਾਅ ਕੱਢ ਕੇ ਜਾਰੀ ਕੀਤੇ ਲਾਇਸੰਸ
ਹੁਸ਼ਿਆਰਪੁਰ, 28 ਅਕਤੂਬਰ: ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਰਿਟੇਲ ਪਟਾਖੇ ਵੇਚਣ ਲਈ ਜ਼ਿਲ੍ਹੇ ਵਿਚ 18 ਥਾਵਾਂ ਲਈ 57 ਅਸਥਾਈ ਲਾਇਸੰਸ ਜਾਰੀ ਕਰ ਦਿੱਤੇ ਗਏ ਹਨ। ਜਾਰੀ ਕੀਤੇ ਗਏ ਅਸਥਾਈ ਲਾਇਸੰਸ ਅਤੇ ਨਿਸ਼ਚਿਤ ਕੀਤੇ ਗਏ ਸਥਾਨਾਂ ਤੋਂ ਇਲਾਵਾ ਜੇਕਰ ਕੋਈ ਪਟਾਖਾ ਵਿਕਰੇਤਾ ਪਟਾਖੇ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ਼ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡਰਾਅ ਦੁਆਰਾ ਪਟਾਖਿਆਂ ਦੇ ਲਾਇਸੰਸ ਜਾਰੀ ਕਰਨ ਦੌਰਾਨ ਇਹ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਸਬ-ਡਵੀਜ਼ਨ ਵਿਚ ਦੁਸਹਿਰਾ ਗਰਾਉਂਡ ਹੁਸ਼ਿਆਰਪੁਰ ਲਈ 14, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ (ਅੱਡਾ ਮਾਹਿਲਪੁਰ ਹੁਸ਼ਿਆਰਪੁਰ) ਲਈ 6, ਰੌਸ਼ਨ ਗਰਾਊਂਡ ਹੁਸ਼ਿਆਰਪੁਰ ਲਈ 2, ਰਾਮ ਲੀਲਾ ਗਰਾਊਂਡ ਹਰਿਆਣਾ ਲਈ 3, ਬੁਲੋਵਾਲ ਖੁੱਲ੍ਹੇ ਸਥਾਨ ’ਤੇ ਇਕ ਅਤੇ ਚੱਬੇਵਾਲ ਖੁੱਲ੍ਹੇ ਸਥਾਨ ’ਤੇ ਇਕ ਲਾਇਸੰਸ ਜਾਰੀ ਕੀਤਾ। ਸਬ-ਡਵੀਜ਼ਨ ਗੜ੍ਹਸ਼ੰਕਰ ਲਈ ਮਿਲਟਰੀ ਪੜਾਅ ਗਰਾਊਂਡ ਗੜ੍ਹਸ਼ੰਕਰ ਦੇ ਖੱਬੇ ਪਾਸੇ (ਐਸ.ਡੀ.ਐਮ. ਦਫ਼ਤਰ ਦੇ ਸਾਹਮਣੇ) ਲਈ 6, ਸ਼ਹੀਦਾਂ ਰੋਡ ਦਾਣਾ ਮੰਡੀ ਮਾਹਿਲਪੁਰ ਲਈ 3 ਲਾਇਸੰਸ ਜਾਰੀ ਕੀਤੇ। ਦਸੂਹਾ ਸਬ-ਡਵੀਜ਼ਨ ਵਿਚ ਮਹਾਰਿਸ਼ੀ ਵਾਲਮੀਕਿ ਪਾਰਕ ਦਸੂਹਾ ਲਈ 2, ਬਲਾਕ ਸੰਮਤੀ ਸਟੇਡੀਅਮ ਦਸੂਹਾ ਲਈ 3, ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਲਈ 2, ਖਾਲਸਾ ਕਾਲਜ ਦੀ ਗਰਾਊਂਡ ਗੜ੍ਹਦੀਵਾਲਾ ਲਈ 2, ਸ਼ਿਮਲਾ ਪਹਾੜੀ ਪਾਰਕ ਉੜਮੁੜ ਲਈ 3, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਟਾਂਡਾ ਦੀ ਗਰਾਊਂਡ ਲਈ 2 ਲਾਇਸੰਸ ਜਾਰੀ ਕੀਤੇ। ਇਸ ਤਰ੍ਹਾਂ ਮੁਕੇਰੀਆਂ ਸਬ-ਡਵੀਜ਼ਨ ਵਿਚ ਦੁਸਹਿਰਾ ਗਰਾਊਂਡ ਮੁਕੇਰੀਆਂ ਲਈ 2, ਦੁਸਹਿਰਾ ਗਰਾਊਂਡ ਹਾਜੀਪੁਰ ਲਈ 2, ਨਰਸਰੀ ਗਰਾਊਂਡ ਸੈਕਟਰ-3 ਤਲਵਾੜਾ ਲਈ 2 ਅਤੇ ਦੁਸਹਿਰਾ ਗਰਾਊਂਡ ਦਾਤਾਰਪੁਰ ਲਈ 1 ਲਾਇਸੰਸ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਕਤ ਥਾਵਾਂ ’ਤੇ ਅਸਥਾਈ ਲਾਇਸੰਸ ਤੋਂ ਬਿਨ੍ਹਾਂ ਕੋਈ ਵੀ ਦੁਕਾਨਦਾਰ ਪਟਾਖੇ ਨਹੀਂ ਵੇਚੇਗਾ ਅਤੇ ਜਾਰੀ ਕੀਤੇ ਗਏ ਇਕ ਲਾਇਸੰਸ ’ਤੇ ਕੇਵਲ ਨਿਰਧਾਰਤ ਕੀਤੇ ਗਏ ਇਕ ਸਥਾਨ ’ਤੇ ਹੀ ਪਟਾਖੇ ਵੇਚੇ ਜਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਨੂੰ ਪਹਿਲ ਦੇਣ, ਕਿਉਂਕਿ ਪਟਾਖਿਆਂ ਦਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਉਨ੍ਹਾਂ ਪਟਾਖਾ ਵੇਚਣ ਵਾਲਿਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਉਹੀ ਪਟਾਖੇ ਵੇਚਣ ਜਿਨ੍ਹਾਂ ’ਤੇ ਉਤਪਾਦਕਾਂ ਦੁਆਰਾ ਆਵਾਜ਼ ਦੀ ਲਿਮਟ ਲਿਖੀ ਗਈ ਹੋਵੇ ਤਾਂ ਜੋ ਆਵਾਜ਼ੀ ਪ੍ਰਦੂਸ਼ਣ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪਟਾਖੇ ਵੇਚਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਤੈਅ ਕੀਤਾ ਗਿਆ ਹੈ ਜਦਕਿ ਪਟਾਖੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਚਲਾਏ ਜਾ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp