ਨਹਿਰੂ ਯੁਵਾ ਕੇਂਦਰ ਵਲੋਂ ਇਕ ਮਹੀਨੇ ਤੋਂ ਚਲਾਇਆ ਜਾ ਰਿਹਾ ਸਵੱਛ ਭਾਰਤ ਅਭਿਆਨ ਦੇ ਸਮਾਪਨ ਸਮਾਰੋਹ ’ਚ ਮੇਅਰ, ਏ.ਡੀ.ਸੀ. (ਸ਼ਹਿਰੀ ਵਿਕਾਸ) ਤੇ ਏ.ਡੀ.ਸੀ. (ਵਿਕਾਸ) ਨੇ ਕੀਤੀ ਸ਼ਿਰਕਤ
ਅਭਿਆਨ ’ਚ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਵਿਭਾਗਾਂ, ਯੂਥ ਕਲੱਬਾਂ ਤੇ ਵਲੰਟੀਅਰਾਂ ਨੇ ਦਿੱਤਾ ਸਹਿਯੋਗ
ਇਕ ਮਹੀਨੇ ਤੱਕ ਚੱਲੇ ਸਵੱਛਤਾ ਅਭਿਆਨ ’ਚ 17 ਹਜ਼ਾਰ ਕਿਲੋਗ੍ਰਾਮ ਤੋਂ ਵੱਧ ਪਲਾਸਟਿਕ ਵੇਸਟ ਕੀਤਾ ਗਿਆ ਇਕੱਠਾ : ਜ਼ਿਲ੍ਹਾ ਯੁਵਾ ਅਧਿਕਾਰੀ
ਹੁਸ਼ਿਆਰਪੁਰ, 29 ਅਕਤੂਬਰ: ਨਹਿਰ ਯੁਵਾ ਕੇਂਦਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਪਿਛਲੇ ਇਕ ਮਹੀਨੇ ਤੋਂ ਦੇਸ਼ ਦੀ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਤਹਿਤ ਚਲਾਏ ਗਏ ਸਵੱਛਤਾ ਅਭਿਆਨ ਦਾ ਅੱਜ ਸੰਪਨ ਹੋ ਗਿਆ। ਸਮਾਪਤੀ ਸਮਾਰੋਹ ਦੌਰਾਨ ਹੁਸ਼ਿਆਰਪੁਰ ਦੇ ਧੋਬੀ ਘਾਟ ਤੋਂ ਦੁਸਹਿਰਾ ਗਰਾਊਂਡ ਤੱਕ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸਵੱਛਤਾ ਅਭਿਆਨ ਚਲਾ ਕੇ ਪਲਾਸਟਿਕ ਵੇਸਟ ਇਕੱਠਾ ਕੀਤਾ ਗਿਆ।
ਸਫ਼ਾਈ ਅਭਿਆਨ ਦੀ ਸ਼ੁਰੂਆਤ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੇ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਰੰਧਾਵਾ ਵਲੋਂ ਕਰਵਾਈ ਗਈ। ਇਸ ਦੌਰਾਨ ਨਗਰ ਨਿਗਮ ਦੇ ਦਫ਼ਤਰ ਤੋਂ ਦੁਸਹਿਰਾ ਗਰਾਊਂਡ ਤੱਕ ਇਕ ਪਲੋਗਿੰਗ ਰੈਲੀ ਵੀ ਕਰਵਾਈ ਗਈ ਜਿਸ ਵਿਚ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਵਲੰਟੀਅਰਾਂ, ਵਿਦਿਆਰਥੀਆਂ ਵਲੋਂ 1100 ਕਿਲੋਗ੍ਰਾਮ ਪਲਾਸਟਿਕ ਵੇਸਟ ਇਕੱਠਾ ਕੀਤਾ ਗਿਆ। ਇਸ ਦੌਰਾਨ ਮੇਅਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਭਾਗ ਲੈਣ ਵਾਲਿਆਂ ਨੂੰ ਆਪਣੇ ਆਸ-ਪਾਸ ਸਫ਼ਾਈ ਬਣਾਏ ਰੱਖਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਆਏ ਹੋਏ ਵਲੰਟੀਅਰਾਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਜੇਕਰ ਸਾਰੇ ਇਸੇ ਤਰ੍ਹਾਂ ਸਫ਼ਾਈ ਦਾ ਬੀੜਾ ਉਠਾ ਲੈਣ ਤਾਂ ਹੁਸ਼ਿਆਰਪੁਰ ਜਲਦ ਹੀ ਪਲਾਸਟਿਕ ਮੁਕਤ ਹੋ ਜਾਵੇਗਾ। ਇਸ ਦੌਰਾਨ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਸਾਰਿਆਂ ਨੂੰ ਆਪਣੇ ਆਸ-ਪਾਸ ਸਫ਼ਾਈ ਬਣਾਏ ਰੱਖਣ ਦੀ ਸਹੁੰ ਚੁਕਾਈ।
ਨਹਿਰੂ ਯੁਵਾ ਕੇਂਦਰ ਜਿਲ੍ਹਾ ਯੁਵਾ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲ੍ਹਾ ਪੱਧਰ ’ਤੇ ਸਵੱਛਤਾ ਅਭਿਆਨ ਤਹਿਤ ਸਾਰੇ ਜ਼ਿਲ੍ਹੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਇਹ ਪ੍ਰੋਗਰਾਮ 1 ਅਕਤੂਬਰ ਤੋਂ ਚੱਲ ਰਹੇ ਹਨ ਜਿਸ ਵਿਚ ਮੁੱਖ ਰੂਪ ਵਿਚ ਪਲਾਸਟਿਕ ਵੇਸਟ ਇਕੱਠਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਤਹਿਤ ਉਨ੍ਹਾਂ ਵਲੋਂ 17000 ਕਿਲੋਗ੍ਰਾਮ ਤੋਂ ਵੱਧ ਪਲਾਸਟਿਕ ਵੇਸਟ ਇਕੱਠਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ, ਨਗਰ ਨਿਗਮ, ਸਿੱਖਿਆ ਵਿਭਾਗ, ਖੇਡ ਵਿਭਾਗ, ਵਪਾਰ ਮੰਡਲਾਂ, ਸਵੈਸਹਾਇਤਾ ਗਰੁੱਪਾਂ, ਰਾਸ਼ਟਰੀ ਸੇਵਾ ਯੋਜਨਾ, ਰਾਸ਼ਟਰੀ ਕੈਡਿਟ ਕੋਰ ਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਵਲੋਂ ਭਾਗ ਲਿਆ ਗਿਆ। ਇਸ ਪ੍ਰੋਗਰਾਮ ਵਿਚ ਸਟੇਟ ਬੈਂਕ ਆਫ਼ ਇੰਡੀਆ ਪਾਰਟਨਰ ਦੇ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਗਿਆ। ਬੈਂਕ ਦੇ ਰਿਜਨਲ ਮੈਨੇਜਰ ਜੈ ਪ੍ਰਕਾਸ਼ ਗੁਪਤਾ ਨੇ ਇਸ ਪ੍ਰੋਜੈਕਟ ਦੀ ਸਰਾਹਨਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ਵਾਸ ਦੁਆਇਆ ਕਿ ਉਹ ਹਮੇਸ਼ਾਂ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਸਹਿਯੋਗ ਕਰਦੇ ਰਹਿਣਗੇ। ਇਸ ਮੌਕੇ ਬੈਂਕ ਦੇ ਚੀਫ਼ ਮੈਨੇਜਰ ਪ੍ਰਦੀਪ ਪ੍ਰਾਸ਼ਨ, ਪ੍ਰੋ: ਵਿਜੇ ਕੁਮਾਰ, ਕਸ਼ਮੀਰ ਸਿੰਘ, ਹਰਜੰਗ ਸਿੰਘ, ਰਣਜੀਤ ਸਿੰਘ, ਚੀਫ਼ ਸੈਨੇਟਰੀ ਇੰਸਪੈਕਟਰ ਰਾਕੇਸ਼ ਮਰਵਾਹਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਸ਼ਰਨ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp