ਜਿਲ੍ਹੇ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਨੇ ਦਿਵਾਲੀ ਮੌਕੇ ਹੱਥਾਂ ਨਾਲ ਬਣਾਏ ਦੀਵੇ ਅਤੇ ਮੋਮਬੱਤੀਆਂ
● ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੱਥੀਂ ਕਿਰਤ ਦੀ ਦਿੱਤੀ ਸਿਖਲਾਈ ਸ਼ਲਾਘਾਯੋਗ- ਜਿਲ੍ਹਾ ਸਿੱਖਿਆ ਅਫ਼ਸਰ
ਪਠਾਨਕੋਟ, 2 ਨਵੰਬਰ (ਰਾਜਿੰਦਰ ਰਾਜਨ ਬਿਊਰੋ )-ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਸਿੱੱਖਿਆ ਸਕੱਤਰ ਅਜੋਏ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਸੁਵਿਧਾਵਾਂ ਅਤੇ ਹੱਥੀ ਕਿਰਤ ਕਰਨ ਦੀ ਸਿੱਖਿਆ ਦੇਣ ਦੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ ਦਿਵਾਲੀ ਮੌਕੇ ਹੱਥੀਂ ਤਿਆਰ ਕੀਤੀਆਂ ਗਈਆਂ ਮੋਮਬੱਤੀਆਂ, ਦੀਵੇ ਅਤੇ ਹੋਰ ਸਜਾਵਟੀ ਸਮੱਗਰੀ ਦੇ ਸਟਾਲ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਦੀ ਅਗਵਾਈ ਹੇਠ ਲਗਾਈਆਂ ਗਈਆਂ।
ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ ਤਿਆਰ ਵਸਤਾਂ ਦੇ ਸਟਾਲਾਂ ਦਾ ਉਦਘਾਟਨ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਵੱਲੋਂ ਕੀਤਾ ਗਿਆ। ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਆਕਰਸ਼ਕ ਦੀਵੇ ਅਤੇ ਮੋਮਬੱਤੀਆਂ ਸਮੇਤ ਹੋਰ ਸਜਾਵਟੀ ਵਸਤਾਂ ਤਿਆਰ ਕਰਨ ਵਾਲੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਦਰਸਾ ਦਿੱਤਾ ਹੈ ਕਿ ਯੋਗ ਅਗਵਾਈ ਅਤੇ ਹੱਲਾਸ਼ੇਰੀ ਨਾਲ ਉਹ ਵੀ ਆਮ ਵਿਦਿਆਰਥੀਆਂ ਵਾਂਗ ਮੱਲ੍ਹਾਂ ਮਾਰ ਸਕਦੇ ਹਨ।ਸਿੱਖਿਆ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਇਹਨਾਂ ਵਸਤਾਂ ਦੀ ਤਿਆਰੀ ਦੇ ਸਮਰੱਥ ਬਣਾਉਣ ਵਾਲੇ ਅਧਿਆਪਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਹੱਥੀਂ ਕਿਰਤ ਲਈ ਪ੍ਰੇਰਿਤ ਕਰਨਾ ਆਪਣੇ ਆਪ ‘ਚ ਵੱਡਾ ਉਪਰਾਲਾ ਹੈ।
ਜ਼ਿਲ੍ਹਾ ਸਪੈਸ਼ਲ ਐਜੂਕੇਟਰ ਅੰਜੂ ਸੈਣੀ ਅਤੇ ਡਾਕਟਰ ਮਨਦੀਪ ਸਿੰਘ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਾਵੀਂ ਜਿੰਦਗੀ ਜੀਣ ਦੇ ਸਮਰੱਥ ਬਣਾਉਣਾ ਹੀ ਸਿੱਖਿਆ ਵਿਭਾਗ ਦਾ ਉਦੇਸ਼ ਹੈ ਅਤੇ ਹੱਥੀਂ ਬਣਾਈਆਂ ਵਸਤਾਂ ਦੀ ਤਾਰੀਫ ਉਪਰੰਤ ਵਿਦਿਆਰਥੀਆਂ ਦੇ ਚਿਹਰਿਆਂ ਦੀ ਖੁਸ਼ੀ ਦਸਦੀ ਹੈ ਕਿ ਵਿਭਾਗ ਆਪਣੇ ਮਕਸਦ ‘ਚ ਕਾਮਯਾਬ ਹੋ ਰਿਹਾ ਹੈ।
ਇਸ ਮੌਕੇ ਏਪੀਸੀ ਜਨਰਲ ਮਲਕੀਤ ਸਿੰਘ, ਸਵਿਤਾ, ਰਾਜੂ ਬਾਲਾ, ਰੇਨੂ ਬਾਲਾ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਸਟੈਨੋ ਤਰੁਨ ਪਠਾਨੀਆ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸੁਮਿਤ ਰਾਜ, ਕੋਮਲ ਆਦਿ ਹਾਜ਼ਰ ਸਨ।
ATRI
EDITOR
CANADIAN DOABA TIMES
Email: editor@doabatimes.com
Mob:. 98146-40032 whtsapp