ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਰਨਾਲਾ ਵਲੋਂ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਨਿੰਮ ਵਾਲਾ ਮੌੜ ਦੀ ਅਗਵਾਈ ’ਚ ਜੀਈ ਸਿਨੇਮਾ ਬਰਨਾਲਾ ਵਿਖੇ ਅਕਸ਼ੈ ਕੁਮਾਰ ਦੀ ਲੱਗ ਰਹੀ ਨਵੀਂ ਫ਼ਿਲਮ ਦਾ ਵਿਰੋਧ ਕਰਦਿਆਂ ਫ਼ਿਲਮ ਮੁਅੱਤਲ ਕਰਵਾਈ ਗਈ। ਸਿਕੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਫ਼ਿਲਮਾਂ ਬਣਾ ਕੇ ਪੰਜਾਬੀਆਂ ਤੋਂ ਅਰਬਾਂ ਰੁਪਏ ਕਮਾਉਣ ਵਾਲੇ ਅਕਸ਼ੈ ਕੁਮਾਰ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਸਨੇ ਸਮੇਂ-ਸਮੇਂ ’ਤੇ ਕੌਮ ਨਾਲ ਜਿੱਥੇ ਮਜ਼ਾਕ ਕੀਤਾ ਹੈ, ਉੱਥੇ ਉਹ ਹੁਣ ਵੀ ਬਾਜ਼ ਨਹੀ ਆ ਰਿਹਾ।
ਜ਼ਿਲ੍ਹਾ ਜਨਰਲ ਸਕੱਤਰ ਜਸਮੇਲ ਸਿੰਘ ਕਾਲੇਕੇ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾਏ ਤਾਂ ਪੰਜਾਬ ਦੇ ਕਿਸਾਨ ਆਪਣੇ ਛੋਟੇ ਭਰਾ ਹਰਿਆਣਾ ਨਾਲ ਮਿਲ ਕੇ ਦਿੱਲੀ ਦੇ ਬਾਰਡਰਾਂ ’ਤੇ 26 ਨਵੰਬਰ 2020 ਤੋਂ ਕਾਨੂੰਨ ਰੱਦ ਕਰਵਾਉਣ ਲਈ ਡਟੇ ਹੋਏ ਹਨ, ਪਰ ਅਕਸ਼ੈ ਕੁਮਾਰ ਨੇ ਆਪਣੇ ਟਵੀਟ ’ਚ ਅੰਨਦਾਤੇ ਨੂੰ ਗਲ਼ਤ ਕਿਹਾ ਤੇ ਕਾਨੂੰਨਾਂ ਨੂੰ ਸਹੀ ਕਰਾਰ ਦਿੰਦਿਆਂ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ। ਉਸਦੀ ਇਸ ਹਰਕਤ ਦਾ ਕਿਸਾਨਾਂ ’ਚ ਭਾਰੀ ਰੋਸ ਹੈ।
ਜਸਵੀਰ ਸਿੰਘ ਸੁਖਪੁਰਾ ਬਲਾਕ ਪ੍ਰਧਾਨ ਸ਼ਹਿਣਾ, ਭੁਪਿੰਦਰ ਸਿੰਘ ਬਿੱਟੂ ਰੂੜੇਕੇ ਬਲਾਕ ਪ੍ਰਧਾਨ ਬਰਨਾਲਾ ਨੇ ਕਿਹਾ ਕਿ ਅਕਸ਼ੈ ਕੁਮਾਰ ਪਹਿਲਾਂ ਤੋਂ ਹੀ ਭਾਵੇਂ ਸਿੱਖੀ ਸਰੂਪ ’ਚ ਫ਼ਿਲਮਾਂ ਬਣਾਉਂਦਾ ਆ ਰਿਹਾ ਹੈ, ਪਰ ਇਹ ਜਾਣਬੁੱਝ ਕੇ ਸਿੱਖੀ ਸਰੂਪ ’ਚ ਗਲ਼ਤ ਚੁਟਕਲੇ ਪੇਸ਼ ਕਰਕੇ ਕੋਝੇ ਮਜ਼ਾਕ ਕਰਦਾ ਆ ਰਿਹਾ ਹੈ ਤੇ ਮਗਰੋਂ ਮਾਫ਼ੀਆਂ ਵੀ ਮੰਗਦਾ ਰਿਹਾ ਹੈ। ਇਸ ਲਈ ਉਨ੍ਹਾਂ ਸੂਬਾ ਪ੍ਰਧਾਨ ਹਰਮੀਤ ਸਿੰਘ ਤੇ ਜ਼ਿਲ੍ਹਾ ਪ੍ਰਧਾਲ ਜਗਸੀਰ ਸਿੰਘ ਛੀਨੀਵਾਲ ਕਲਾਂ ਦੇ ਆਦੇਸ਼ਾਂ ’ਤੇ ਇਹ ਰੋਸ ਪ੍ਰਦਰਸ਼ਨ ਕਰਦਿਆਂ ਸਿਨੇਮਾ ’ਚ ਇਹ ਫ਼ਿਲਮ ਨਹੀ ਚੱਲਣ ਦਿੱਤੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp