ਤਰਨਤਾਰਨ : ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਦੋ ਭਰਾਵਾਂ ਨੂੰ 20 ਕਿੱਲੋ ਤੋਂ ਵੱਧ ਅਫੀਮ ਸਮੇਤ ਗ੍ਰਿਫ਼ਤਾਰ ਕਰਨ ਤੇ ਫਿਰ 40 ਲੱਖ ਦੀ ਰਿਸ਼ਵਤ ਲੈ ਕੇ ਛੱਡ ਦੇਣ ਦੇ ਕਥਿਤ ਦੋਸ਼ਾਂ ਹੇਠ ਥਾਣਾ ਸਿਟੀ ਤਰਨਤਾਰਨ ’ਚ ਪੁਲਿਸ ਦੇ ਸਪੈਸ਼ਲ ਸੈੱਲ ਦੇ ਚਾਰ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਛੱਡੇ ਗਏ ਮੁਲਜ਼ਮ ਸਟੇਟ ਸਪੈਸ਼ਲ ਸੈੱਲ ਅੰਮ੍ਰਿਤਸਰ ਪੁਲਿਸ ਵੱਲੋਂ ਕਾਬੂ ਕਰਨ ’ਤੇ ਪੁੱਛਗਿੱਛ ਕੀਤੀ ਗਈ। ਉਕਤ ਦੋਵਾਂ ਭਰਾਵਾਂ ਨੂੰ ਵੀ ਤਰਨਤਾਰਨ ’ਚ ਦਰਜ ਮੁਕੱਦਮੇ ’ਚ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮੁਕੱਦਮੇ ’ਚ ਨਾਮਜ਼ਦ ਕੀਤਾ ਜਾਵੇਗਾ।
ਡੀਐੱਸਪੀ ਸਬ ਡਵੀਜ਼ਨ ਤਰਨਤਾਰਨ ਬਰਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸਪੈਸ਼ਲ ਸੈੱਲ ਤਰਨਤਾਰਨ ’ਚ ਤਾਇਨਾਤ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ, ਹੈੱਡ ਕਾਂਸਟੇਬਲ ਮਲਕੀਤ ਸਿੰਘ, ਕਾਂਸਟੇਬਲ ਅਰਪਿੰਦਰਜੀਤ ਸਿੰਘ ਅਤੇ ਅਰਸ਼ਦੀਪ ਸਿੰਘ ਨੇ 28 ਅਗਸਤ ਨੂੰ ਰਣਜੀਤ ਸਿੰਘ ਰਾਣਾ ਤੇ ਜਸਪਾਲ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਭਿੱਟੇਵੱਢ (ਅੰਮ੍ਰਿਤਸਰ) ਨੂੰ 20 ਕਿੱਲੋ ਅਫੀਮ ਬਰਾਮਦ ਕਰ ਕੇ ਕਾਬੂ ਕੀਤਾ ਸੀ ਪਰ ਫਿਰ ਉਨ੍ਹਾਂ ਕੋਲੋਂ 40 ਲੱਖ ਰੁਪਏ ਰਿਸ਼ਵਤ ਲੈ ਕੇ ਛੱਡ ਦਿੱਤਾ ਜਦੋਂਕਿ ਮੁਲਾਜ਼ਮਾਂ ਵੱਲੋਂ ਅਫੀਮ ਵੀ ਆਪਣੇ ਕੋਲ ਰੱਖ ਲਈ ਗਈ।
ਇਹ ਖੁਲਾਸਾ ਰਣਜੀਤ ਸਿੰਘ ਰਾਣਾ ਤੇ ਜਸਪਾਲ ਸਿੰਘ ਨੇ ਥਾਣਾ ਸਟੇਟ ਸਪੈਸ਼ਲ ਆਪੇ੍ਰਸ਼ਨ ਸੈੱਲ ਅੰਮ੍ਰਿਤਸਰ ਦੀ ਪੁਲਿਸ ਅੱਗੇ ਵੀ ਕੀਤਾ, ਜਿਸ ਨੇ ਉਕਤ ਮੁਲਜ਼ਮਾਂ ਨੂੰ 28 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ, ਮਲਕੀਤ ਸਿੰਘ, ਅਰਪਿੰਦਰਜੀਤ ਸਿੰਘ ਤੇ ਅਰਸ਼ਦੀਪ ਸਿੰਘ ਤੋਂ ਇਲਾਵਾ ਰਣਜੀਤ ਸਿੰਘ ਤੇ ਜਸਪਾਲ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਤਰਨਤਾਰਨ ਵਿਚ ਮੁਕੱਦਮਾ ਦਰਜ ਕਰ ਕੇ ਕਾਂਸਟੇਬਲ ਅਰਪਿੰਦਰਜੀਤ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਵਾਂ ਹੌਲਦਾਰਾਂ ਦੀ ਗਿ੍ਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਰਣਜੀਤ ਸਿੰਘ ਰਾਣਾ ਤੇ ਜਸਪਾਲ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ਵਿਚ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਾਲੇ ਤਕ ਅਫੀਮ ਜਾਂ ਨਕਦੀ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ ਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp