ਜਲੰਧਰ : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਮੀਟਿੰਗਾਂ ਤੇ ਰੈਲੀਆ ਦੌਰਾਨ ਚਾਹ ਤੇ ਕੌਫੀ ਦਾ ਕੱਪ 12 ਰੁਪਏ ਤੇ ਸਮੋਸਾ 15 ਰੁਪਏ ਦਾ ਪਵੇਗਾ। ਇਸੇ ਤਰ੍ਹਾਂ ਮੁਰਗਾ 200 ਰੁਪਏ ਕਿੱਲੋ, ਮੀਟ 385 ਰੁਪਏ ਕਿੱਲੋ ਤੇ ਮੱਛੀ ਦੀ ਕੀਮਤ 550 ਰੁਪਏ ਵਿਚ ਪਵੇਗਾ।
201 ਵਸਤਾਂ ’ਚ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਕੀਤੀਆ ਜਾਣ ਵਾਲੀਆ ਮੀਟਿੰਗਾਂ ਤੇ ਰੈਲੀਆ ਵਿਚ ਟੈਂਟ ਦੇ ਸਾਮਾਨ ਤੋਂ ਇਲਾਵਾ ਖਾਣ-ਪੀਣ ਦੀਆ ਵਸਤਾਂ, ਢੋਆ-ਢੁਆਈ ਤੇ ਚੋਣ ਪ੍ਰਚਾਰ ਲਈ ਵਰਤੇ ਜਾਣ ਵਾਲੇ ਵਾਹਨ, ਲੇਬਰ ਦਾ ਖ਼ਰਚ, ਮਾਣ-ਸਨਮਾਨ ਕਰਨ, ਇਸ਼ਤਿਹਾਰਬਾਜ਼ੀ ਤੇ ਚੋਣ ਪ੍ਰਚਾਰ ਲਈ ਵਰਤੀ ਜਾਣ ਵਾਲੀ ਚੋਣ ਸਮੱਗਰੀ ਤੋਂ ਇਲਾਵਾ ਹਰ ਤਰ੍ਹਾਂ ਦੀ ਉਹ ਸਮੱਗਰੀ ਸ਼ਾਮਲ ਕੀਤੀ ਗਈ ਹੈ ਜੋ ਕਿ ਕਿਸੇ ਵੀ ਉਮੀਦਵਾਰ ਜਾਂ ਸਿਆਸੀ ਪਾਰਟੀ ਵੱਲੋਂ ਚੋਣਾਂ ਦੌਰਾਨ ਵਰਤੀ ਜਾਂਦੀ ਹੈ।
ਇਹ ਕੀਮਤਾਂ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਮਿਸ਼ਨਰ ਜਲੰਧਰ ਡਵੀਜ਼ਨ ਦੀ ਪ੍ਰਧਾਨਗੀ ਵਾਲੀ ਰਾਜ ਪੱਧਰੀ ਕਮੇਟੀ, ਜਿਸ ਵਿਚ ਡਿਪਟੀ ਕਮਿਸ਼ਨਰ ਜਲੰਧਰ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਮੈਂਬਰ ਵਜੋਂ ਸ਼ਾਮਲ ਸਨ, ਵੱਲੋਂ ਉਮੀਦਵਾਰਾਂ ਦੁਆਰਾ ਚੋਣ ਪ੍ਰਚਾਰ ’ਤੇ ਹੋਣ ਵਾਲੇ ਖ਼ਰਚੇ ਦੀ ਗਣਨਾ ਲਈ 201 ਵਸਤਾਂ ਦੇ ਰੇਟ ਨਿਰਧਾਰਿਤ ਕਰਨ ਮੌਕੇ ਰੱਖੀਆਂ ਗਈਆ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਵਿਚ 2022 ਦੇ ਸ਼ੁਰੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਵਰਤੀਆਂ ਜਾਣ ਵਾਲੀਆਂ 201 ਵਸਤਾਂ ਲਈ ਇਹ ਰੇਟ ਲਿਸਟ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚਾਹ ਦੇ ਕੱਪ ਤੋਂ ਲੈ ਕੇ ਏਅਰ ਕੰਡੀਸ਼ਨਰ ਤਕ ਵਸਤਾਂ ਦੇ ਰੇਟ ਸਿਆਸੀ ਪਾਰਟੀਆਂ ਅਤੇ ਵਪਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਤੈਅ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਿਰਧਾਰਤ ਕੀਮਤਾਂ ਨੂੰ ਇਹ ਨਵੀਂ ਸੂਚੀ ਤਿਆਰ ਕਰਨ ਲਈ ਆਧਾਰ ਮੰਨਿਆ ਗਿਆ ਕਿਉਂਕਿ ਡੀਸੀ ਥੋਰੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਰੇਟ ਲਿਸਟ ਨੂੰ ਨੋਟੀਫਾਈ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰਾਂ ਦੇ ਚੋਣ ਖ਼ਰਚੇ ਦੀ ਨਿਗਰਾਨੀ ਕਰਨ ਲਈ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਆਬਜ਼ਰਵਰਾਂ ਤੇ ਕਮੇਟੀਆਂ ਵੱਲੋਂ ਰੇਟ ਲਿਸਟ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਕੀਤੇ ਗਏ ਚੋਣ ਖ਼ਰਚੇ ਦਾ ਨਵੀਆਂ ਦਰਾਂ ਅਨੁਸਾਰ ਮੁੱਲਾਂਕਣ ਕੀਤਾ ਜਾਵੇਗਾ ਅਤੇ ਆਬਜ਼ਰਵਰਾਂ ਵੱਲੋਂ ਉਮੀਦਵਾਰਾਂ ਦੇ ਖ਼ਰਚੇ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp