ਰਾਜ ਰਾਣੀ ਮਿੱਤਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਮੁੱਖ ਮੰਤਰੀ ਚੰਨੀ ਮਿੱਤਲ ਪਰਿਵਾਰ ਨੂੰ ਮਿਲਣ ਪਹੁੰਚੇ
ਹੁਸ਼ਿਆਰਪੁਰ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅੱਜ ਸੋਨਾਲੀਕਾ ਗਰੁੱਪ ਦੇ ਚੇਅਰਮੈਨ ਸ੍ਰੀ ਐਲ.ਡੀ. ਮਿੱਤਲ ਦੀ ਪਤਨੀ ਸ਼੍ਰੀਮਤੀ ਰਾਜ ਰਾਣੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚੇ। ਸ੍ਰੀਮਤੀ ਰਾਜ ਰਾਣੀ ਕੁਝ ਦਿਨ ਪਹਿਲਾਂ ਵਿਛੋੜਾ ਦੇ ਗਏ ਸਨ।
ਸ੍ਰੀ ਐਲ ਡੀ ਮਿੱਤਲ ਅਤੇ ਉਨ੍ਹਾਂ ਦੇ ਪੁੱਤਰਾਂ ਅੰਮ੍ਰਿਤ ਸਾਗਰ ਮਿੱਤਲ ਅਤੇ ਦੀਪਕ ਮਿੱਤਲ ਨਾਲ ਦਿਲੀ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਤਾ ਜੀ ਦਾ ਅਕਾਲ ਚਲਾਣਾ ਸਮਾਜ ਲਈ ਅਤੇ ਖਾਸ ਕਰਕੇ ਮਿੱਤਲ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਮਿੱਤਲ ਇੱਕ ਪਵਿੱਤਰ ਅਤੇ ਧਾਰਮਿਕ ਆਤਮਾ ਸੀ ਜਿਨ੍ਹਾਂ ਨੇ ਆਪਣੀ ਸੰਤਾਨ ਦੀ ਕਿਸਮਤ ਨੂੰ ਰੂਪ-ਰੇਖਾ ਦੇਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀਮਤੀ ਮਿੱਤਲ ਦੀ ਦੂਰਅੰਦੇਸ਼ੀ ਅਤੇ ਸਖ਼ਤ ਮਿਹਨਤ ਤੇ ਸਰਵੋਤਮ ਨਤੀਜੇ ਪਾਉਣ ਪ੍ਰਤੀ ਉਨ੍ਹਾਂ ਦਾ ਜਨੂੰਨ ਪੂਰੇ ਸੋਨਾਲੀਕਾ ਸਮੂਹ ਲਈ ਤਾਕਤ ਦਾ ਥੰਮ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀਮਤੀ ਮਿੱਤਲ ਨੇ ਵਿਸ਼ਵ ਪ੍ਰਸਿੱਧ ਕਾਰੋਬਾਰੀ ਘਰਾਣੇ ਨੂੰ ਸਥਾਪਿਤ ਕਰਨ ਵਿੱਚ ਆਪਣੇ ਪਤੀ ਸ੍ਰੀ ਐਲ ਡੀ ਮਿੱਤਲ ਦੀ ਅਹਿਮ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀਮਤੀ ਮਿੱਤਲ ਤੋਂ ਪ੍ਰਾਪਤ ਕਦਰਾਂ-ਕੀਮਤਾਂ ਸਦਕਾ ਪਰਿਵਾਰ ਅਤੇ ਸਮੂਹ ਨੇ ਇੱਕ ਪਾਸੇ ਇਮਾਨਦਾਰੀ, ਸਮਰਪਣ ਅਤੇ ਲਗਨ ਨਾਲ ਪਰਉਪਕਾਰੀ ਗਤੀਵਿਧੀਆਂ ਅਤੇ ਦੂਜੇ ਪਾਸੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਬੇਮਿਸਾਲ ਨਾਮਣਾ ਖੱਟਿਆ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼੍ਰੀਮਤੀ ਰਾਜ ਰਾਣੀ ਦੇ ਦੇਹਾਂਤ ਨਾਲ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਨੇੜ ਭਵਿੱਖ ਵਿੱਚ ਭਰਿਆ ਜਾਣਾ ਮੁਸ਼ਕਿਲ ਹੈ।
ਸ੍ਰੀਮਤੀ ਰਾਜ ਰਾਣੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੁੱਖ ਮੰਤਰੀ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀਮਤੀ ਮਿੱਤਲ ਇੱਕ ਮਹਾਨ ਦੂਰਦਰਸ਼ੀ ਅਤੇ ਦੁਨਿਆਵੀ ਹਸਤੀ ਸਨ ਜਿੰਨ੍ਹਾਂ ਨੇ ਆਪਣੇ ਬੱਚਿਆਂ ਨੂੰ ਜੀਵਨ ਵਿੱਚ ਸਫਲ ਹੋਣ ਅਤੇ ਕਾਰੋਬਾਰ ਵਿੱਚ ਪ੍ਰਵੀਨਤਾ ਹਾਸਲ ਕਰਕੇ ਦੇਸ਼ ਦੀ ਸੇਵਾ ਕਰਨ ਲਈ ਚੰਗੀ ਸਿੱਖਿਆ ਦਿੱਤੀ। ਉਨ੍ਹਾਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਦੁਖੀ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ, ਸ੍ਰੀ ਪਵਨ ਕੁਮਾਰ ਆਦੀਆ, ਸ੍ਰੀ ਰਾਜ ਕੁਮਾਰ ਚੱਬੇਵਾਲ, ਸ੍ਰੀ ਅਰੁਣ ਡੋਗਰਾ, ਸ੍ਰੀ ਰਮਿੰਦਰ ਅਮਲਾ ਅਤੇ ਸ੍ਰੀਮਤੀ ਇੰਦੂ ਬਾਲਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਕੁਲਦੀਪ ਨੰਦਾ, ਲਵਲੀ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਅਸ਼ੋਕ ਮਿੱਤਲ, ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਵੰਤ ਸਿੰਘ ਹੀਰ ਵੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp