ਕਲਾ ਉਤਸਵ ਵਿੱਚ ਧੋਬੜਾ ਸਕੂਲ ਦੇ ਛੇ ਵਿਦਿਆਰਥੀਆਂ ਨੇ ਕੀਤੀਆਂ 10 ਪੁਜੀਸ਼ਨਾਂ ਹਾਸਲ
ਜਤਿਨ ਨੇ ਸਟੇਟ ਲੈਵਲ ਤੇ ਸੋਲੋ ਵੋਕਲ ਮਿਊਜ਼ਿਕ ਮੁਕਾਬਲੇ ਵਿੱਚ ਹਾਸਲ ਕੀਤਾ ਦੂਜਾ ਸਥਾਨ
ਸਕੂਲ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਦੇ ਸਨਮਾਨ ਵਿੱਚ ਸਮਾਰੋਹ ਆਯੋਜਿਤ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ਵਰ ਸਲਾਰੀਆ ਨੇ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਬੱਚਿਆਂ ਦੀ ਕੀਤੀ ਹੌਂਸਲਾ ਅਫਜ਼ਾਈ
ਪਠਾਨਕੋਟ, 8 ਦਸੰਬਰ (ਰਾਜਿੰਦਰ ਰਾਜਨ )
ਸਰਕਾਰੀ ਸੀਨੀਅਰ ਸੈਕੰਡਰੀ ਧੋਬੜਾ ਦੇ ਛੇ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੰਪੀਟੀਸ਼ਨ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਜ਼ਿਲ੍ਹਾ ਪੱਧਰ ਤੇ ਨੌ ਪੁਜੀਸ਼ਨਾਂ ਅਤੇ ਸਟੇਟ ਪੱਧਰ ਤੇ ਇੱਕ ਪੁਜੀਸ਼ਨ ਹਾਸਲ ਕਰਕੇ ਸਕੂਲ, ਅਧਿਆਪਕਾਂ ਅਤੇ ਪਿੰਡ ਵਾਸੀਆਂ ਦਾ ਨਾਮ ਰੌਸ਼ਨ ਕੀਤਾ ਹੈ। ਕਲਾ ਉਤਸਵ ਵਿੱਚ ਸਕੂਲ ਦਾ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੰਜੂ ਬਾਲਾ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ.
ਅਤੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਇਸ ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ਵਰ ਸਲਾਰੀਆ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ, ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਲਾ ਉਤਸਵ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸਕੂਲ ਪ੍ਰਿੰਸੀਪਲ ਮੰਜੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਛੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਕੇ 10 ਪੁਜੀਸ਼ਨਾਂ ਹਾਸਲ ਕੀਤੀਆਂ ਹਨ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਪੱਧਰ ਤੇ ਸੋਲੋ ਵੋਕਲ ਮਿਊਜ਼ਿਕ ਮੁਕਾਬਲੇ ਵਿੱਚ ਜਤਿਨ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਜਦਕਿ ਜ਼ਿਲ੍ਹਾ ਪੱਧਰੀ ਦੇਸੀ ਖਿਡੌਣੇ ਬਣਾਉਣ ਦੇ ਮੁਕਾਬਲਿਆਂ ਵਿੱਚ ਸੁਨੇਹਾ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਅਤੇ ਰਵਨੀਤ ਨੇ ਤੀਜਾ ਸਥਾਨ ਹਾਸਲ, ਵੋਕਲ ਸੰਗੀਤ ਰਵਾਇਤੀ ਆਵਾਜ਼ ਮੁਕਾਬਲਿਆਂ ਵਿੱਚ ਮੁੰਡਿਆਂ ਦੇ ਗਰੁੱਪ ਵਿੱਚੋਂ ਜਤਿਨ ਨੇ ਪਹਿਲਾਂ ਅਤੇ ਲੜਕੀਆਂ ਦੇ ਗਰੁੱਪ ਵਿੱਚੋਂ ਰਵੀਨਾ ਨੇ ਪਹਿਲਾਂ ਸਥਾਨ, ਇੰਸਟਰੂਮੈਂਟਲ ਸੰਗੀਤ ਰਵਾਇਤੀ ਦੇ ਮੁੰਡਿਆਂ ਦੇ ਗਰੁੱਪ ਵਿੱਚੋਂ ਮਨਜੀਤ ਸਿੰਘ ਨੇ ਪਹਿਲਾਂ ਅਤੇ ਲੜਕੀਆਂ ਦੇ ਗਰੁੱਪ ਵਿੱਚੋਂ ਤਾਨੀਆ ਨੇ ਤੀਜਾ ਸਥਾਨ, ਸਾਜ਼ ਸੰਗੀਤ ਕਲਾਸੀਕਲ ਮੁੰਡਿਆਂ ਦੇ ਮੁਕਾਬਲੇ ਵਿੱਚੋਂ ਮਨਜੀਤ ਸਿੰਘ ਨੇ ਤੀਜਾ, ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਤਾਨੀਆ ਨੇ ਪਹਿਲਾਂ ਅਤੇ ਰਵੀਨਾ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਾਈਡ ਅਧਿਆਪਕ ਨੀਰਜ ਸ਼ਰਮਾ, ਮਿਊਜ਼ਿਕ ਅਧਿਆਪਕ ਮੁਕੇਸ਼ ਕੁਮਾਰ ਅਤੇ ਤਬਲਾ ਪਲੇਅਰ ਸਤਪਾਲ ਨੇ ਬਹੁਤ ਹੀ ਮਿਹਨਤ ਨਾਲ ਸਕੂਲ ਸਟਾਫ਼ ਦਾ ਸਹਿਯੋਗ ਲੈਂਦੇ ਹੋਏ ਇਨ੍ਹਾਂ ਬੱਚਿਆਂ ਦੀ ਤਿਆਰੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸਕੂਲ ਸਟਾਫ਼ ਦੀ ਮਿਹਨਤ ਕਾਰਨ ਇਹ ਸਕੂਲ ਭਵਿੱਖ ਵਿੱਚ ਵੀ ਤਰੱਕੀ ਕਰੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp