ਸਿਰਕੱਢ ਪੰਜਾਬੀ ਕਵੀ ਫ਼ਤਿਹਜੀਤ
ਸੁਰਗਵਾਸ
ਸ਼ਾਹਕੋਟ (ਜਲੰਧਰ) 9 ਦਸੰਬਰ
ਸਿਰਕੱਢ ਅਗਾਂਹਵਧੂ ਪੰਜਾਬੀ ਕਵੀ ਫ਼ਤਿਹਜੀਤ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਕੁਝ ਦਿਨਾਂ ਤੋਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਸਨ। ਇਹ ਜਾਣਕਾਰੀ ਉਨ੍ਹਾਂ ਦੀ ਵੱਡੀ ਬੇਟੀ ਬਲਜੀਤ ਕੌਰ ਨੇ ਦਿੱਤੀ। ਫ਼ਤਹਿਜੀਤ 3ਦਸੰਬਰ ਨੂੰ ਹੀ 83 ਵਰ੍ਹਿਆਂ ਦੇ ਹੋਏ ਸਨ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਚ ਉਨ੍ਹਾਂ ਸਕੂਲ ਅਧਿਆਪਨ ਕਾਰਜ ਕਰਨ ਦੇ ਨਾਲ ਨਾਲ ਦੋਆਬੇ ਜੀ ਅਗਾਂਹਵਧੂ ਸਾਹਿੱਤਕ ਲਹਿਰ ਨੂੰ ਵੀ ਅਗਵਾਈ ਪ੍ਰਦਾਨ ਕੀਤੀ।
ਫ਼ਤਿਹਜੀਤ ਜੀ ਦਾ ਜਨਮ 3 ਦਸੰਬਰ 1938 ਨੂੰ ਚੱਕ ਨੰਬਰ 87 ਲਾਇਲਪੁਰ(ਪਾਕਿਸਤਾਨ ) ਚ ਸ: ਗੁਰਚਰਨ ਸਿੰਘ ਬਦੇਸ਼ਾ ਦੇ ਘਰ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਦੀ ਕੁੱਖੋਂ ਨਾਨਕੇ ਘਰ (ਲਲਤੋਂ ਵਾਲੇ ਗਰੇਵਾਲ )ਪਰਿਵਾਰ ਚ ਹੋਇਆ। ਉਨ੍ਹਾਂ ਨੇ ਮੈਟਰਿਕ ਸਰਕਾਰੀ ਸਕੂਲ ਨੰਗਲ ਅੰਬੀਆਂ (ਜਲੰਧਰ)ਅਤੇ ਰਣਬੀਰ ਕਾਲਿਜ ਸੰਗਰੂਰ ਤੋਂ ਐੱਫ ਏ ਕਰਕੇ ਗਿਆਨੀ, ਓ ਟੀ ਪਾਸ ਕੀਤੀ। ਮਗਰੋਂ ਬੀਏ ਤੇ ਐੱਮ ਏ ਪਰਾਈਵੇਟ ਤੌਰ ਤੇ ਪਾਸ ਕੀਤੀ। ਜੀਵਨ ਸਾਥਣ ਰਣਧੀਰ ਕੌਰ ਤੇ ਤਿੰਨ ਧੀਆਂ ਦੇ ਭਰਵੇਂ ਪਰਿਵਾਰ ਦੇ ਅੰਗ ਸੰਗ ਜਲੰਧਰ ਚ ਰਹਿੰਦਿਆਂ ਬੀਮਾਰੀ ਦੀ ਲੰਮੀ ਮਾਰ ਦੇ ਬਾਵਜੂਦ ਸੂਰਮਿਆਂ ਵਾਂਗ ਲਗਾਤਾਰ ਸਿਰਜਣ ਸ਼ੀਲ ਰਹੇ। ਇਸੇ ਸਦਕਾ ਉਹ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਫ਼ਤਿਹਜੀਤ ਵਿਸ਼ੇਸ਼ ਸਨਮਾਨਯੋਗ ਥਾਂ ਰੱਖਦੇ ਸਨ।
ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਤੇ ਫ਼ਤਿਹਜੀਤ ਪਰਿਵਾਰ ਦੇ ਨਿਕਟ ਸਨੇਹੀ ਪ੍ਰੋਃ ਗੁਰਭਜਨ ਗਿੱਲ ਨੇ ਫ਼ਤਿਹਜੀਤ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਮਨੁੱਖੀ ਰਿਸ਼ਤਿਆਂ, ਸਮਾਜਿਕ ਤਾਣੇ ਬਾਣੇ ਤੇ ਮਨੁੱਖੀ ਹੋਂਦ ਸਮੇਤ ਜ਼ਿੰਦਗੀ ਦੇ ਹੋਰ ਪਹਿਲੂਆਂ ਨੂੰ ਸੰਵੇਦਨਸ਼ੀਲਤਾ ਤੇ ਖੂਬਸੂਰਤ ਕਾਵਿਕ ਭਾਸ਼ਾ ਵਿੱਚ ਸੰਚਾਰਦੇ ਸਨ।
ਜੀਵਨ ਨਿਰਬਾਹ ਲਈ ਅਧਿਆਪਨ ਕਿੱਤੇ ਦੀ ਚੋਣ ਸਬੱਬ ਸੀ ਜਿਸ ਨੇ ਫ਼ਤਿਹਜੀਤ ਨੂੰ ਪੱਛਮੀ ,ਭਾਰਤੀ ਤੇ ਪੰਜਾਬੀ ਸਾਹਿੱਤ ਦਾ ਨਿੱਠ ਕੇ ਅਧਿਐਨ ਕਰਨ ਦੇ ਮੌਕੇ ਮੁਹੱਈਆ ਕਰਾਏ। ਉਨ੍ਹਾਂ ਇਨਾਂ ਮੌਕਿਆਂ ਦਾ ਸਦ ਉਪਯੋਗ ਕੀਤਾ ਜਿਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ।
ਸ਼ਾਂਤ ਸੁਭਾਅ ਤੇ ਚੇਤੰਨ ਕਵੀ ਫ਼ਤਿਹਜੀਤ ਨੇ ਚਾਰ ਕਾਵਿ ਪੁਸਤਕਾਂ ਪੰਜਾਬੀ ਸਾਹਿੱਤ ਦੀ ਝੋਲੀ ਪਾਈਆਂ।
ਅਮਰੀਕਾ ਤੋਂ ਉਨ੍ਹਾਂ ਦੇ ਸਨੇਹੀ ਤੇ ਸ਼੍ਰੋਮਣੀ ਪੰਜਾਬੀ ਕਵੀ ਸੁਖਵਿੰਦਰ ਕੰਬੋਜ ਨੇ ਫ਼ਤਿਹਜੀਤ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਮੇਰੇ ਸਮੇਤ ਨਕੋਦਰ ਇਲਾਕੇ ਦੇ ਕਈ ਨੌਜਵਾਨਾਂ ਨੂੰ ਉਂਗਲੀ ਫੜ ਕੇ ਤੋਰਨ ਵਾਲੇ ਰਾਹ ਦਿਸੇਰਾ ਸਨ।
ਉਨ੍ਹਾਂ ਦੀ ਕਵਿਤਾ ਆਉਣ ਵਾਲੀਆਂ ਭਵਿੱਖ ਪੀੜ੍ਹੀਆਂ ਨੂੰ ਸਾਰਥਕ ਸੋਚ ਦੇ ਨਾਲ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਰਹੇਗੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਨੇ ਕਿਹਾ ਕਿ ਜਲੰਧਰ ਦੀਆਂ ਅਦਬੀ ਮਹਿਫ਼ਲਾਂ ਚ ਫ਼ਤਿਹਜੀਤ ਸਹਿਜ ਸਬਰ ਸੰਤੋਖ ਦਾ ਪ੍ਰਤੀਕ ਸੀ
ਜਿਸ ਦੀ ਪਲੇਠੀ ਕਿਤਾਬ ‘ਏਕਮ’ 1967 ਵਿੱਚ ਛਪੀ ਜਦ ਅਸੀਂ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਵਿੱਚ ਐੱਮ ਏ ਕਰਦੇ ਸਾਂ। ਇਸ ਨਾਲ ਉਹ ਉਸ ਸਮੇਂ ਦੇ ਪੰਜਾਬੀ ਦੇ ਚੋਣਵੇਂ ਕਵੀਆਂ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੀ ਕਵਿਤਾ ਨੂੰ ਨੌਜਵਾਨ ਵਰਗ ਦੇ ਨਾਲ ਨਾਲ ਕਵਿਤਾ ਦੇ ਗੰਭੀਰ ਪਾਠਕਾਂ ਨੇ ਵੀ ਸਰਾਹਿਆ।
ਦੂਜੀ ਕਿਤਾਬ ਕੱਚੀ ਮਿੱਟੀ ਦੇ ਬੌਣੇ’ 1973 ਵਿੱਚ ਆਈ ਜਦ ਕਿ 1982 ਵਿੱਚ ਤੀਜੀ ਪੁਸਤਕ ਨਿੱਕੀ ਜੇਹੀ ਚਾਨਣੀ ਛਪੀ। 2018 ਚ ਆਈ ਚੌਥੀ ਕਾਵਿ ਕਿਤਾਬ ਰੇਸ਼ਮੀ ਧਾਗੇ ਰਿਸ਼ਤਿਆਂ ਦੀ ਅਹਿਮੀਅਤ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਦੀ ਗੱਲ ਕਰਦੀ ਹੈ। ਇਸ ਕਿਤਾਬ ਨੂੰ ਰਘਬੀਰ ਸਿੰਘ ਸਿਰਜਣਾ, ਸੁਰਿੰਦਰ ਗਿੱਲ, ਰਵਿੰਦਰ ਭੱਠਲ ਤੇ ਗੁਰਭਜਨ ਗਿੱਲ , ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ,ਲਖਵਿੰਦਰ ਜੌਹਲ ਤੇ ਬਲਬੀਰ ਪਰਵਾਨਾ ਨੇ ਘਰ ਜਾ ਕੇ ਲੋਕ ਅਰਪਨ ਕੀਤਾ ਕਿਉਂ ਉਹ ਚੱਲਣ ਫਿਰਨ ਤੋਂ ਅਸਮਰੱਥ ਸਨ।
ਫ਼ਤਿਜੀਤ ਦੇ ਦੇਹਾਂਤ ਤੇ ਟੋਰੰਟੋ ਤੋਂ ਕੁਲਵਿੰਦਰ ਖ਼ਹਿਰਾ, ਡਾਃ ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ ਤੇ ਪ੍ਰੋਃ ਜਾਗੀਰ ਸਿੰਘ ਕਾਹਲੋਂ ਨੇ ਵੀ ਫ਼ਤਹਿਜੀਤ ਦੇ ਦੇਹਾਂਤ ਤੇ ਭਾਰੀ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸੁਖਵਿੰਦਰ ਕੰਬੋਜ ਵੱਲ਼ੋਂ ਆਪਣੇ ਪਿਤਾ ਜੀ ਦੀ ਯਾਦ ਚ ਸਥਾਪਿਤ ਕੌਮਾਂਤਰੀ ਸੰਸਥਾ ਕਲਮ ਵੱਲੋਂ ਬਾਪੂ ਜਾਗੀਰ ਸਿੰਘ ਕੰਬੋਜ ਪੁਰਸਕਾਰ ਨਾਲ ਸਾਲ 2019 ਚ ਸਨਮਾਨਿਤ ਕੀਤਾ ਗਿਆ ਸੀ।
ਸ਼੍ਰੀ ਫ਼ਤਹਿਜੀਤ ਦਾ ਅੰਤਿਮ ਸੰਸਕਾਰ ਸ਼ੁਕਰਵਾਰ ਸਵੇਰੇ 11.30 ਵਜੇ ਸ਼ਾਹਕੋਟ (ਜਲੰਧਰ) ਵਿਖੇ ਹੋਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp