Ludhiana : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਜਰੀਵਾਲ ਦੇ ਆਦੇਸ਼ਾਂ ‘ਤੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਤੇ ਸੁਖਪਾਲ ਸਿੰਘ ਖਹਿਰਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਦਾਖਾ ਤੋਂ ਵਿਧਾਇਕ ਐਚਐਸ ਫੂਲਕਾ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵਿਧਾਨ ਸਭਾ ਦੀ ਸੀਟ ਤੋਂ ਅਸਤੀਫ਼ਾ ਨਾ ਦੇਣ। ਚੀਮਾ ਅੱਜ ਮੋਗਾ ਦੇ ਪਿੰਡ ਖੋਸਾ ਪਾਂਡੋ ਵਿੱਚ ਏਸ਼ੀਅਨ ਚੈਂਪੀਅਨ ਤੇਜਿੰਦਰਪਾਲ ਸਿੰਘ ਤੂਰ ਦੇ ਘਰ ਉਨ੍ਹਾਂ ਦੇ ਪਿਤਾ ਦੀ ਮੌਤ ‘ਤੇ ਅਫ਼ਸੋਸ ਜ਼ਾਹਰ ਕਰਨ ਆਏ ਸਨ। ਇੱਥੇ ਪੁੱਜੇ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂਚ ਲਈ ਐਸਆਈਟੀ ਬਣਾਉਣਾ ਮਹਿਜ਼ ਡਰਾਮਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੇਅਦਬੀ ਕਾਂਡ ਲਈ ਜ਼ਿੰਮੇਵਾਰ ਹਨ ਤੇ ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
‘ਆਪ’ ਲੀਡਰ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਨਸ਼ਾ ਤੇ ਬੇਰੁਜ਼ਗਾਰੀ ਵੀ ਅਹਿਮ ਮੁੱਦੇ ਹਨ। ਸਰਕਾਰ ਇਸ ਸਬੰਧ ਵਿੱਚ ਕੁਝ ਵੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਆਪ’ ਆਪਣੇ ਦਮ ‘ਤੇ ਲੜੇਗੀ ਤੇ ਕਾਂਗਰਸ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਚੀਮਾ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਆਪਸ ਵਿੱਚ ਰਲੇ ਹੋਏ ਹਨ ਅਤੇ ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਵਿਰੋਧੀ ਉਮੀਦਵਾਰਾਂ ਨੂੰ ਧਮਕਾ ਰਹੀ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਇਹ ਚੋਣਾਂ ਅੱਗੇ ਪਾਏ ਜਾਣ ਦੀ ਮੰਗ ਕੀਤੀ। ਇਸ ਮਗਰੋਂ ਚੀਮਾ ਮੋਗਾ ਵਿੱਚ ਪਾਰਟੀ ਤੋਂ ਨਾਰਾਜ਼ ਚੱਲ ਰਹੇ ਐਡਵੋਕੇਟ ਨਰਿੰਦਰ ਸਿੰਘ ਚਾਹਲ ਨੂੰ ਮਨਾਉਣ ਲਈ ਪਹੁੰਚੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp