ਵਿਕਾਸ ਕਾਰਜਾਂ ’ਚ ਲਾਪ੍ਰਵਾਹੀ ਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ’ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ : ਸੁੰਦਰ ਸ਼ਾਮ ਅਰੋੜਾ

ਵਿਕਾਸ ਕਾਰਜਾਂ ’ਚ ਲਾਪ੍ਰਵਾਹੀ ਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ’ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ : ਸੁੰਦਰ ਸ਼ਾਮ ਅਰੋੜਾ
-ਵਿਧਾਇਕ ਨੇ ਵਾਰਡ ਨੰਬਰ 27 ਦੇ ਮੁਹੱਲਾ ਦੀਪ ਨਗਰ ’ਚ 17.13 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ’ਚ ਇੰਟਰ ਲਾਕਿੰਗ ਟਾਇਲ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 14 ਦਸੰਬਰ: ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਅਤੇ ਐਨੇ ਹੀ ਹੋਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੌਰਾਨ ਇਹ ਯਕੀਨੀ ਬਣਾਇਆ ਗਿਆ ਹੈ ਕਿ ਵਿਕਾਸ ਕੰਮਾਂ ਵਿਚ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਵਿਕਾਸ ਕੰਮਾਂ ਵਿਚ ਲਾਪ੍ਰਵਾਹੀ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਸ਼ਹਿਰ ਦੇ ਵਾਰਡ ਨੰਬਰ 27 ਦੇ ਮੁਹੱਲਾ ਦੀਪ ਨਗਰ ਦੀਆਂ ਗਲੀਆਂ ਵਿਚ 17.13 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੀਆਂ ਇੰਟਰ ਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਇਸ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕ ਨਿਰਮਾਣ ਦਾ ਕੰਮ ਤੈਅ ਸਮੇਂ ਵਿਚ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।
ਵਿਧਾਇਕ ਨੇ ਕਿਹਾ ਕਿ ਸ਼ਹਿਰ ਵਿਚ ਸਾਰੀਆਂ ਸੜਕਾਂ ਤੇ ਗਲੀਆਂ ਦਾ ਨਿਰਮਾਣ ਦਾ ਕੰਮ ਕਰਵਾਇਆ ਜਾ ਚੁੱਕਾ ਹੈ ਅਤੇ ਜਲਦ ਹੀ ਬਾਕੀ ਕੰਮ ਬਚਿਆ ਹੈ ਉਹ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਵਾਰਡ ਵਿਚ ਲੋਕਾਂ ਦੀ ਮੰਗ ਅਨੁਸਾਰ ਪਹਿਲ ਦੇ ਆਧਾਰ ’ਤੇ ਵਿਕਾਸ ਦੇ ਕੰਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਗੁਣਵੱਤਾ ਦੀ ਗੱਲ ਹੈ, ਤਾਂ ਟੈਂਡਰ ਸਮੇਂ ਹੀ ਸਬੰਧਤ ਠੇਕੇਦਾਰ ਨੂੰ ਇਸ ਸਬੰਧੀ ਹਦਾਇਤ ਕਰ ਦਿੱਤੀ ਗਈ ਹੈ ਅਤੇ ਜੇਕਰ ਕਿਤੇ ਗੁਣਵੱਤਾ ਸਬੰਧੀ ਕੋਈ ਕਮੀ ਪੇਸ਼ ਆਈ ਤਾਂ ਸਬੰਧਤ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਸੁੰਦਰ ਸ਼ਾਮ ਅਰੋੜਾ ਨੇ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਹਲਕੇ ਵਿਚ ਜ਼ਰੂਰੀ ਸੁਵਿਧਾਵਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਚਹੁੰਪੱਖੀ ਵਿਕਾਸ ਵਿਚ ਕੋਈ ਕਮੀ ਨਹੀਂ ਛੱਡੀ ਗਈ ਹੈ ਅਤੇ ਲੋਕਾਂ ਦੀ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਸਮੇਂ ਸਿਰ ਹੱਲ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਦਲਬੀਰ ਕੌਰ, ਸੁਦੇਸ਼ ਕੁਮਾਰੀ, ਕੁਲਵਿੰਦਰ ਸਿੰਘ ਹੁੰਦਲ, ਅਮਰਜੀਤ ਸਿੰਘ, ਹਰਦੇਵ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਸ਼ਿਵ ਲਾਲ, ਹਰਮੇਸ਼ ਲਾਲ, ਚੰਦਰ ਮੋਹਨ, ਸੁਖਵਿੰਦਰ ਸਿੰਘ, ਸੁਰੇਸ਼ ਰਾਣੀ, ਕਮਲਜੀਤ ਕੌਰ, ਕਾਸ਼ੀ ਰਾਮ, ਵਿੱਕੀ, ਚੇਤਨ, ਮਨੋਹਰ ਸਿੰਘ ਆਦਿ ਵੀ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply