ਐਮਐਲਏ ਵੋਟਾ ਲਈ ਲੋਕਾਂ ਦੇ ਬੂਹੇ ਤੇ, ਕੱਚੇ ਮੁਲਾਜ਼ਮ ਹੱਕਾਂ ਲਈ ਐਮਐਲਏ ਦੇ ਬੂਹੇ ਪੁੱਜੇ
ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਦੇ ਘਰ ਦੇ ਬਾਹਰ ਕੀਤੀ ਭੁੱਖ ਹੜਤਾਲ
ਵਿਧਾਇਕ ਨੂੰ ਦਿੱਤਾ ਮੰਗ ਪੱਤਰ
ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੀ ਸਹਿਮਤੀ ਦੇ ਬਾਵਜੂਦ ਵਿੱਤ ਵਿਭਾਗ ਆਨਾਕਾਨੀ ਕਰਨ ਲੱਗਾ, 29 ਨਵੰਬਰ ਦੀ ਮੁੱਖ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ ਟਾਲਾ ਵੱਟ ਰਹੇ ਨੇ ਅਫਸਰ
ਪਠਾਨਕੋਟ, 4 ਦਸੰਬਰ ( ਰਾਜਿੰਦਰ ਰਾਜਨ ਬਿਊਰੋ ) ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਗਿਆ ਹੈ ਅਤੇ ਰਾਜਨੀਤਕ ਪਾਰਟੀਆ ਵੱਲੋਂ ਸੱਤਾ ਹਥਿਆਉਣ ਲਈ ਜੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾਂ ਕਾਂਗਰਸ ਦੇ ਐਮ ਐਲ ਏ ਅਤੇ ਮੰਤਰੀਆ ਵੱਲੋਂ ਰੈਲੀਆ ਅਤੇ ਘਰ ਘਰ ਪ੍ਰਚਾਰ ਸ਼ੁਰੂ ਕੀਤਾ ਹੈ ਉਥੇ ਹੀ ਅੱਜ ਪੰਜਾਬ ਦੇ ਕੱਚੇ ਮੁਲਾਜ਼ਮਾਂ ਵੱਲੋਂ ਐਮ ਐਲ ਏ ਮੰਤਰੀਆ ਦੇ ਬੂਹੇ ਪੁੱਜ ਕੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ।ਅੱਜ ਮੁਲਾਜ਼ਮਾਂ ਨੇ ਵਿਧਾਇਕ ਜੋਗਿੰਦਰ ਪਾਲ ਦੇ ਘਰ ਦੇ ਬਾਹਰ ਭੁੱਖ ਹੜਤਾਲ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹੀ ਕਿਹਾ ਤੇ ਸੁਣਿਆ ਜਾਂਦਾ ਹੈ ਕਿ ਮੁੱਖ ਮੰਤਰੀ ਸਰਕਾਰ ਦੇ ਸੂਬੇ ਦਾ ਮੁੱਖੀ ਹੁੰਦਾਂ ਹੈ ਤੇ ਮੁੱਖੀ ਦਾ ਹੁਕਮ ਹੋਣ ਕੋਈ ਕੰਮ ਨਹੀ ਰੁਕਦਾ ਪਰ ਐਥੇ ਦਫਤਰੀ ਮੁਲਾਜ਼ਮਾਂ ਨਾਲ ਅੱਜ ਕੱਲ ਉਲਟ ਹੋ ਰਿਹਾ ਹੈ। ਸਰਕਾਰ ਦੇ ਮੁੱਖੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਦੇ ਬਾਵਜੂਦ ਵਿੱਤ ਵਿਭਾਗ ਦੇ ਅਫ਼ਸਰ ਮੁਲਾਜ਼ਮਾਂ ਨੂੰ ਸੜਕਾਂ ਤੇ ਰਾਤਾਂ ਕੱਟਣ ਨੰ ਮਜ਼ਬੂਰ ਕਰ ਹੇ ਹਨ।
ਆਗੂਆਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਹਰ ਜਗ੍ਹਾ ਗੱਲ ਕਰ ਰਹੇ ਹਨ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਮਿਤੀ 29 ਨਵੰਬਰ 2021 ਨੂੰ ਪੰਜਾਬ ਭਵਨ ਵਿਚ ਮੀਟਿੰਗ ਹੋਈ ਜਿਸ ਵਿਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਦਫਤਰ ਤੇ ਵਿੱਤ ਵਿਭਾਗ ਦੇ ਉੱਚ ਪੱਧਰੀ ਅਫ਼ਸਰ ਹਾਜ਼ਰ ਸਨ। ਇਸ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਜੇਕਰ ਕਰਮਚਾਰੀ ਮੁੱਢਲੇ ਤਨਖਾਹ ਸਕੇਲ ਤੇ ਰੈਗੂਲਰ ਹੋਣ ਲਈ ਸਹਿਮਤ ਹਨ ਤਾਂ ਕਰਮਚਾਰੀਆਂ ਨੂੰ ਰੈਗੁਲਰ ਕਰ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਵਿਭਾਗ ਨੂੰ ਮਿਤੀ 7 ਦਸੰਬਰ 2021 ਨੂੰ ਲਿਖਤੀ ਸਹਿਮਤੀ ਦੇ ਦਿੱਤੀ ਗਈ ਸੀ ਜਿਸ ਉਪਰੰਤ ਸਿੱਖਿਆ ਵਿਭਾਗ ਵੱਲੋਂ ਕੇਸ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਪਰ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਵਿੱਤ ਵਿਭਾਗ ਦੇ ਅਧਿਕਾਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਫਾਈਲ ਪਾਸ ਨਹੀ ਕਰ ਰਹੇ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸੱਚ `ਚ ਸੁਹਿਰਦ ਹਨ ਤਾਂ ਤੁਰੰਤ ਵਿੱਤ ਵਿਭਾਗ ਤੋਂ ਫਾਈਲ ਪਾਸ ਕਰਵਾ ਕੇ ਕੈਬਿਨਟ ਵਿੱਚ ਮਤਾ ਪਾਸ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਵੋਟਾਂ ਦੇ ਦਿਨ ਆ ਗਏ ਹਨ ਤੇ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ ਮੁਲਾਜ਼ਮ ਵੋਟਾਂ ਵਿਚ ਘਰ ਘਰ ਜਾ ਕੇ ਸਰਕਾਰ ਵਿਰੁਧ ਪ੍ਰਚਾਰ ਕਰਨਗੇ।
ਜਿਵੇਂ ਵੋਟਾਂ ਦੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਥੇਬੰਦੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣਗੇ।
ਇਸ ਮੌਕੇ ਤੇ ਰਾਜੀਵ ਠਾਕੁਰ, ਖੁਸ਼ਹਾਲ ਬਦਨ, ਧੀਰਜ, ਸੰਜੀਵ ਬੈਸ, ਮਿੰਟੂ, ਸੁਮੀਤ ਰਾਜ , ਸੰਜੀਵ ਸੈਣੀ, ਰਾਜਪ੍ਰੀਤ ਕੌਰ, ਕਮਲਦੀਪ, ਰੇਖਾ , ਨੀਲਮ, ਨੀਤੂ, ਸੰਜੀਵ ਸ਼ਰਮਾ, ਕੋਮਲ , ਹਰਜਿੰਦਰ , ਦੀਪਕ ਵਿਆਸ , ਰੇਖਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਕੱਚੇ ਮੁਲਾਜ਼ਮ ਸੁੰਦਰਚੱਕ ਵਿਖੇ ਵਿਧਾਇਕ ਦੇ ਜੋਗਿੰਦਰ ਪਾਲ ਦੇ ਘਰ ਦੇ ਬਾਹਰ ਆਪਣੀ ਹੱਕੀ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰਦੇ ਹੋਏ।
ਫੋਟੋ ਕੈਪਸ਼ਨ:- ਕੱਚੇ ਮੁਲਾਜ਼ਮ ਵਿਧਾਇਕ ਜੋਗਿੰਦਰ ਪਾਲ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਦੇ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp