ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਾਹਮਣੇ ਲਿਆਉਣ ਲਈ ਕਾਰਗਰ ਸਾਬਤ ਹੋਵੇਗਾ ਸੀ-ਵਿਜ਼ਿਲ ਐਪ : ਅਪਨੀਤ ਰਿਆਤ
-ਜ਼ਿਲ੍ਹਾ ਚੋਣ ਅਫ਼ਸਰ ਨੇ ਟਰੇਨਿੰਗ ਲੈ ਰਹੇ ਚੋਣ ਸਟਾਫ਼ ਨੂੰ ਉਤਸ਼ਾਹ ਤੇ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਉਣ ਲਈ ਕਿਹਾ
-ਚੋਣ ਕਮਿਸ਼ਨ ਤੋਂ ਸਿਖਲਾਈ ਟਰੇਨਰਾਂ ਨੇ ਚੋਣ ਸਟਾਫ਼ ਨੂੰ ਈ.ਟੀ.ਪੀ.ਬੀ.ਐਸ., ਸੀ-ਵਿਜ਼ਿਲ, ਨਾਮਜ਼ਦਗੀ ਭਰਨ, ਵਾਪਸ ਲੈਣ, ਚੋਣ ਚਿੰਨ੍ਹ ਜਾਰੀ ਕਰਨ, ਚੋਣਾਂ ਦੇ ਦਿਨ ਪ੍ਰਬੰਧ, ਈ.ਵੀ.ਐਮ. ਤੇ ਵੀ.ਵੀ.ਪੀ.ਏ.ਟੀ. ਸਬੰਧੀ ਦਿੱਤੀ ਟਰੇਨਿੰਗ
ਹੁਸ਼ਿਆਰਪੁਰ, 4 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿਚ ਚੋਣ ਡਿਊਟੀ ਵਿਚ ਲੱਗੇ ਸਟਾਫ਼ ਦੀ ਲਗਾਤਾਰ ਵੱਖ-ਵੱਖ ਵਿਸ਼ਿਆਂ ’ਤੇ ਟਰੇਨਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਈ.ਟੀ.ਪੀ.ਬੀ.ਐਸ., ਸੀ-ਵਿਜ਼ਿਲ, ਨਾਮਜ਼ਦਗੀ ਭਰਨ, ਵਾਪਸ ਲੈਣ, ਚੋਣ ਚਿੰਨ੍ਹ ਜਾਰੀ ਕਰਨ, ਚੋਣਾਂ ਦੇ ਦਿਨ ਪ੍ਰਬੰਧ, ਈ.ਵੀ.ਐਮ. ਤੇ ਵੀ.ਵੀ.ਪੀ.ਏ.ਟੀ. ਸਬੰਧੀ ਦਿੱਤੀ ਟਰੇਨਰਾਂ ਵਲੋਂ ਚੋਣਾਂ ਦੇ ਸਟਾਫ਼ ਨੂੰ ਟਰੇਨਿੰਗ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਾਹਮਣੇ ਲਿਆਉਣ ਲਈ ਸੀ-ਵਿਜ਼ਿਲ ਐਪ ਇਕ ਕਾਰਗਰ ਸਾਧਨ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਟਰੇਨਿੰਗ ਲੈ ਰਹੇ ਚੋਣ ਸਟਾਫ਼ ਨੂੰ ਪੂਰੇ ਉਤਸ਼ਾਹ ਤੇ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਡਿਊਟੀ ਚੋਣ ਪ੍ਰਕ੍ਰਿਆ ਲਈ ਬਹੁਤ ਅਹਿਮ ਹੈ, ਇਸ ਲਈ ਚੋਣ ਸਟਾਫ਼ ਨੂੰ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਣਾਲੀ ਦਾ ਹਿੱਸਾ ਬਣ ਰਹੇ ਹਨ।
ਐਸ.ਡੀ.ਐਮ. ਮੁਕੇਰੀਆਂ ਨਵਨੀਤ ਕੌਰ ਬੱਲ ਨੇ ਇਲੈਕਟ੍ਰੋਨੀਕਲੀ ਟਰਾਂਸਮਿਟਡ ਪੋਸਟਲ ਬੈਲਟ ਸਿਸਟਮ (ਈ.ਟੀ.ਪੀ.ਬੀ.ਐਸ.) ਸਬੰਧੀ ਟਰੇਨਿੰਗ ਦਿੰਦੇ ਹੋਏ ਪ੍ਰੈਕਟੀਕਲ ਤੌਰ ’ਤੇ ਸਾਰਿਆਂ ਨੂੰ ਬਰੀਕੀ ਨਾਲ ਈ.ਟੀ.ਪੀ.ਬੀ.ਐਸ. ਸਬੰਧੀ ਸਿਖਲਾਈ ਦਿੱਤੀ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ। ਸੀ-ਵਿਜ਼ਿਲ ਇੰਚਾਰਜ ਬ੍ਰਜੇਸ਼ ਸ਼ਰਮਾ ਨੇ ਸੀ-ਵਿਜ਼ਲ ਸਬੰਧੀ ਟਰੇਨਿੰਗ ਦਿੰਦੇ ਹੋਏ ਦੱਸਿਆ ਕਿ ਇਸ ਐਪ ਰਾਹੀਂ ਕੋਈ ਵੀ ਨਾਗਰਿਕ ਚੋਣ ਜ਼ਾਬਤੇ ਦੌਰਾਨ ਇਸ ਐਪ ਦੁਆਰਾ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸ ਦੀ ਫਲਾਇੰਗ ਸਕੁਆਇਡ ਵਲੋਂ ਅੱਗੇ ਜਾਂਚ ਕੀਤੀ ਜਾਵੇਗੀ ਅਤੇ ਰਿਟਰਨਿੰਗ ਅਫ਼ਸਰ ਦੀ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਰਜ ਹੁੰਦੇ ਹੀ ਇਸ ’ਤੇ ਕਾਰਵਾਈ ਸ਼ੁਰੂ ਹੋ ਜਾਵੇਗੀ ਅਤੇ 100 ਮਿਨਟ ਅੰਦਰ ਇਸ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤ ਕਰਤਾ ਆਪਣੀ ਪਹਿਚਾਣ ਨਹੀਂ ਦੱਸਣਾ ਚਾਹੁੰਦਾ ਤਾਂ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਭਾਰਤੀ ਚੋਣ ਕਮਿਸ਼ਨ ਦੀ ਇਕ ਇਤਿਹਾਸਕ ਪਹਿਲ ਹੈ, ਜਿਸ ਦਾ ਉਦੇਸ਼ ਜ਼ਮੀਨੀ ਪੱਧਰ ’ਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ।
ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵਰਾਜ ਸਿੰਘ ਬੱਲ ਚੋਣ ਸਟਾਫ਼ ਨੂੰ ਉਮੀਦਵਾਰ ਦੇ ਨਾਮਜਦਗੀ ਭਰਨ, ਵਾਪਸ ਲੈਣ ਤੇ ਚੋਣ ਚਿੰਨ੍ਹ ਜਾਰੀ ਕਰਨ ਸਬੰਧੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਅਤੇ ਨਿਰਦੇਸ਼ਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਸਬੰਧੀ ਹਦਾਇਤ ਕੀਤੀ। ਉਨ੍ਹਾਂ ਇਸ ਦੌਰਾਨ ਅਪਨਾਈਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਹਰ ਛੋਟੇ ਵੱਡੇ ਪਹਿਲੂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਐਸ.ਡੀ.ਐਮ. ਗੜ੍ਹਸ਼ੰਕਰ ਅਰਵਿੰਦ ਕੁਮਾਰ ਨੇ ਚੋਣਾਂ ਦੇ ਦਿਨ ਪ੍ਰਬੰਧਾਂ ਅਤੇ ਪੋÇਲੰਗ ਸ਼ੁਰੂ ਕਰਨ ਸਬੰਧੀ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣਾਂ ਦਾ ਦਿਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਇਸ ਕੰਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਸਾਰੇ ਚੋਣ ਕਮਿਸ਼ਨ ਦੀ ਇਸ ਸਬੰਧੀ ਜਾਰੀ ਹਦਾਇਤਾਂ ਨੂੰ ਚੰਗੀ ਤਰ੍ਹਾਂ ਸਮਝਣ ਤਾਂ ਜੋ ਚੋਣਾਂ ਸੁਚਾਰੂ ਢੰਗ ਨਾਲ ਕਰਵਾਈਆਂ ਜਾ ਸਕਣ।
ਐਸ.ਡੀ.ਐਮ. ਦਸੂਹਾ ਰਣਦੀਪ ਸਿੰਘ ਹੀਰ ਨੇ ਈ.ਵੀ.ਐਮ. ਤੇ ਵੀ.ਵੀ.ਪੀ.ਏ.ਟੀ. (ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲ) ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਿੰਟਰ ਵਰਗੀ ਮਸ਼ੀਨ ਹੈ, ਜੋ ਈ.ਵੀ.ਐਮ. (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਵੀ.ਵੀ.ਪੀ.ਏ.ਟੀ. ਰਾਹੀਂ ਵੋਟਰ ਨੂੰ ਪਤਾ ਲੱਗ ਸਕੇਗਾ ਕਿ ਉਸ ਦੀ ਵੋਟ ਸਹੀ ਉਮੀਦਵਾਰ ਨੂੰ ਪੋਲ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਵੋਟਰ ਸਬੰਧਤ ਉਮੀਦਵਾਰ ਦਾ ਸੀਰੀਅਲ ਨੰਬਰ, ਨਾਮ ਅਤੇ ਚੋਣ ਚਿੰਨ੍ਹ 7 ਸੈਕੰਡ ਲਈ ਲਿਸਟ ਫਰੇਮ ’ਤੇ ਦੇਖਿਆ ਜਾ ਸਕਦਾ ਹੈ, ਜਿਸ ਨੂੰ ਉਸ ਨੇ ਵੋਟ ਪਾਈ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਸੀਰੀਅਲ ਨੰਬਰ, ਨਾਮ, ਚੋਣ ਚਿੰਨ੍ਹ ਦੱਸਣ ਵਾਲੀ ਸਲਿਪ ਮਸ਼ੀਨ ਨਾਲ ਲੱਗੇ ਡੱਬੇ ਵਿਚ ਡਿੱਗ ਜਾਵੇਗੀ ਜੋ ਡੱਬੇ ਵਿਚ ਸੀਲਡ ਰਹੇਗੀ ਅਤੇ ਕੋਈ ਵੀ ਹੋਰ ਉਸ ਨੂੰ ਦੇਖ ਨਹੀਂ ਸਕੇਗਾ। ਇਸ ਮੌਕੇ ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਕਾਨੂੰਗੋ ਦੀਪਕ ਕੁਮਾਰ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp