ਵੋਟਾਂ ਦੀ ਗਿਣਤੀ ਤੋਂ ਬਾਅਦ ਨਹੀਂ ਕੱਢਿਆ ਜਾ ਸਕੇਗਾ ਕਿਸੇ ਕਿਸਮ ਦਾ ਜੇਤੂ ਜਲੂਸ : ਅਪਨੀਤ ਰਿਆਤ

ਵੋਟਾਂ ਦੀ ਗਿਣਤੀ ਤੋਂ ਬਾਅਦ ਨਹੀਂ ਕੱਢਿਆ ਜਾ ਸਕੇਗਾ ਕਿਸੇ ਕਿਸਮ ਦਾ ਜੇਤੂ ਜਲੂਸ : ਅਪਨੀਤ ਰਿਆਤ
-ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਪ੍ਰਕਿਰਿਆ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਦਿੱਤੀ ਜਾਣਕਾਰੀ
-ਤਿੰਨ ਪਰਤੀ ਸਖਤ ਸੁਰੱਖਿਆ ਦਰਮਿਆਨ ਜ਼ਿਲ੍ਹੇ ਦੇ 2 ਗਿਣਤੀ ਕੇਂਦਰਾਂ ’ਚ ਹੋਵੇਗੀ 7 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ
-ਜ਼ਿਲ੍ਹੇ ’ਚ ਪੋਲ ਹੋਈਆਂ 8,84,273 ਵੋਟਾਂ ਅਤੇ 10 ਹਜ਼ਾਰ ਦੇ ਕਰੀਬ ਪੋਸਟਲ ਬੈਲਟ ਦੀ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਗਿਣਤੀ
-ਚੋਣ ਨਤੀਜਿਆ ਦੀ ਤਾਜ਼ਾ ਜਾਣਕਾਰੀ ਸਬੰਧੀ ਸੈਸ਼ਨ ਚੌਕ, ਸਬਜੀ ਮੰਡੀ ਅਤੇ ਸ਼ਿਮਲਾ ਪਹਾੜੀ ਚੌਕ ’ਚ ਲਗਾਈਆਂ ਜਾਣਗੀਆਂ ਸਕਰੀਨਾਂ
ਹੁਸ਼ਿਆਰਪੁਰ, 9 ਮਾਰਚ: ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਵੋਟਾਂ ਦੀ ਗਿਣਤੀ ਤੋਂ ਬਾਅਦ ਕਿਸੇ ਵੀ ਕਿਸਮ ਦਾ ਜੇਤੂ ਜਲੂਸ ਨਹੀਂ ਕੱਢਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਚੋਣ ਜੇਤੂ ਸਰਟੀਫਿਕੇਟ ਪ੍ਰਾਪਤ ਕਰਦੇ ਸਮੇਂ ਜੇਤੂ ਉਮੀਦਵਾਰ ਜਾਂ ਉਸ ਦੇ ਅਧਿਕਾਰਤ ਪ੍ਰਤੀਨਿੱਧੀ ਨਾਲ ਸਿਰਫ ਦੋ ਵਿਅਕਤੀ ਹੀ ਅੰਦਰ ਜਾ ਸਕਣਗੇ ਅਤੇ ਇਸ ਸਬੰਧੀ ਸਾਰੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੋਟਾਂ ਦੀ ਗਿਣਤੀ ਪ੍ਰਕਿਰਿਆ ਸਬੰਧੀ ਜਾਣਕਾਰੀ ਦੇਣ ਲਈ ਪੈ੍ਰਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਲੋਕੇਸ਼ ਕੁਮਾਰ ਵੀ ਮੌਜੂਦ ਸਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਹੋਏ ਮਤਦਾਨ ਵਿਚ 8,84,273 ਵੋਟਾਂ ਪੋਲ ਹੋਈਆਂ ਹਨ, ਇਸ ਤੋਂ ਇਲਾਵਾ ਜ਼ਿਲ੍ਹੇ ਨੂੰ 10 ਹਜ਼ਾਰ ਦੇ ਕਰੀਬ ਪੋਸਟਲ ਬੈਲਟ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ 10 ਮਾਰਚ ਨੂੰ ਸਵੇਰੇ 8 ਵਜੇ ਇਨ੍ਹਾਂ ਵੋਟਾਂ ਦੀ ਗਿਣਤੀ ਜ਼ਿਲ੍ਹੇ ਦੇ 2 ਗਿਣਤੀ ਕੇਂਦਰਾਂ ਰਿਆਤ-ਬਾਹਰਾ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਹੋਵੇਗੀ। ਵਿਧਾਨ ਸਭਾ ਹਲਕਾ ਮੁਕੇਰੀਆਂ, ਦਸੂਹਾ, ਉੜਮੁੜ, ਹੁਸ਼ਿਆਰਪੁਰ, ਚੱਬੇਵਾਲ, ਗੜ੍ਹਸ਼ੰਕਰ ਦੀਆਂ ਵੋਟਾਂ ਦੀ ਗਿਣਤੀ ਰਿਆਤ-ਬਾਹਰਾ ਇੰਸਟੀਚਿਊਟ ਅਤੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੀਆਂ ਵੋਟਾਂ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮ.ਐਸ.ਡੀ.ਸੀ.) ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹਰ ਵਿਧਾਨ ਸਭਾ ਹਲਕੇ ਲਈ ਦੋ ਗਿਣਤੀ ਹਾਲ ਬਣਾਏ ਗਏ ਹਨ, ਜਿਨ੍ਹਾਂ ਵਿਚ 7-7 ਕਾਊਂਟਿੰਗ ਟੇਬਲ (ਪ੍ਰਤੀ ਵਿਧਾਨ ਸਭਾ ਹਲਕਾ 14 ਟੇਬਲ) ਹੋਣਗੇ। ਇਸ ਤੋਂ ਇਲਾਵਾ ਇਲੈਕਟ੍ਰਾਨੀਕਲੀ ਟਰਾਂਸਮਿਟਡ ਪੋਸਟਲ ਬੈਲਟ ਪੇਪਰ ਸਿਸਟਮ (ਈ.ਟੀ.ਪੀ.ਬੀ.ਐਸ.) ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ ਵਿਅਪਕ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 658 ਕਰਮਚਾਰੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀ ਗਿਣਤੀ ਪ੍ਰਕਿਰਿਆ ਭਾਰਤ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ 7 ਅਬਜ਼ਰਵਰਾਂ ਦੀ ਨਿਗਰਾਨੀ ਵਿਚ ਹੋਵੇਗੀ।
ਗਿਣਤੀ ਕੇਂਦਰਾਂ ਦੀ ਸੁਰੱਖਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਵਿਚ 3 ਪਰਤੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਊਂਟਿੰਗ ਸੈਂਟਰ ਦੀ ਇਮਾਰਤ ਵਿਚ ਕਿਸੇ ਵੀ ਵਾਹਨ ਦੇ ਦਾਖਲੇ ’ਤੇ ਪਾਬੰਦੀ ਰਹੇਗੀ। ਇਹ ਸਿਰਫ ਪੈਦਲ ਜੋਨ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਪ੍ਰਵਾਨਿਤ ਵਿਅਕਤੀ ਹੀ ਗਿਣਤੀ ਕੇਂਦਰਾਂ ਵਿਚ ਦਾਖਲ ਹੋ ਸਕੇਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਕਾਊਂਟਿੰਗ ਸੈਂਟਰ ਵਿਚ ਮੋਬਾਇਲ ਨਹੀਂ ਲੈ ਕੇ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 10 ਮਾਰਚ ਨੂੰ ਜ਼ਿਲ੍ਹੇ ਵਿਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਤੱਕ ਚੋਣ ਨਤੀਜਿਆਂ ਦੀ ਤਾਜ਼ਾ ਜਾਣਕਾਰੀ ਪਹੁੰਚਾਣ ਲਈ ਸ਼ਹਿਰ ਦੀਆਂ 3 ਥਾਵਾਂ ਸੈਸ਼ਨ ਚੌਕ, ਸਬਜ਼ੀ ਮੰਡੀ ਅਤੇ ਸ਼ਿਮਲਾ ਪਹਾੜੀ ਚੌਕ ਵਿਚ ਸਕਰੀਨਾਂ ਲਗਾਈਆਂ ਜਾਣਗੀਆਂ, ਜਿਸ ਵਿਚ ਭਾਰਤ ਚੋਣ ਕਮਿਸ਼ਨ ਦੀ ਵੈਬ ਸਾਈਟ ਰਾਹੀਂ ਚੋਣ ਨਤੀਜਿਆਂ ਦੇ ਤਾਜ਼ਾ ਟਰੈਂਡ ਦਿਖਾਏ ਜਾਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply