ਫੌਜ ’ਚ ਭਰਤੀ ਲਈ 15 ਮਾਰਚ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ — ਜਿਲ੍ਹਾ ਰੋਜ਼ਗਾਰ ਅਫਸਰ
ਹੁਸ਼ਿਆਰਪੁਰ, 16 ਫਰਵਰੀ
ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਗੁਰਮੇਲ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ਼ ‘ਚ ਅਗਨੀਪੱਥ ਸਕੀਮ ਅਧੀਨ ਅਗਨੀਵੀਰਾਂ ਦੀਆਂ ਅਸਾਮੀਆਂ (ਕੇਵਲ ਮਰਦਾਂ) ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 16 ਫਰਵਰੀ, 2023 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ 15 ਮਾਰਚ, 2023 ਤੱਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਉਮੀਦਵਾਰਾਂ ਦੀ ਜਨਮ ਸਾਲ 1 ਅਕਤੂਬਰ 2002 ਤੋਂ 1 ਅਪ੍ਰੈਲ 2006 ਦੇ ਦੌਰਾਨ ਹੈ, ਉਹ ਉਮੀਦਵਾਰ ਇਨ੍ਹਾਂ ਵੱਖ—ਵੱਖ ਅਸਾਮੀਆਂ ਜਿਵੇਂ ਕਿ ਅਗਨੀਵੀਰ ਟ੍ਰੇਡਜ਼ਮੈਨ 8ਵੀਂ ਲੈਵਲ ਲਈ ਅੱਠਵੀਂ ਪਾਸ (ਘੱਟੋ—ਘੱਟ 33 ਫੀਸਦੀ ਹਰੇਕ ਵਿਸ਼ੇ ਵਿਚੋਂ ਆਉਣੇ ਲਾਜ਼ਮੀ ਹਨ), ਅਗਨੀਵੀਰ ਟ੍ਰੇਡਜ਼ਮੈਨ 10ਵੀਂ ਲੈਵਲ ਲਈ ਦਸਵੀਂ ਪਾਸ (ਘੱਟੋ—ਘੱਟ 33 ਫੀਸਦੀ ਹਰੇਕ ਵਿਸ਼ੇ ਵਿਚੋਂ ਆਉਣੇ ਲਾਜ਼ਮੀ ਹਨ), ਅਗਨੀਵੀਰ ਕਲਰਕ/ ਸਟੋਰ ਕੀਪਰ (ਟੈਕਨੀਕਲ) ਸਾਰੇ ਆਰਮਜ਼ ਲਈ ਬਾਹਰਵੀਂ ਪਾਸ (ਘੱਟੋ—ਘੱਟ ਓਵਰਆਲ ਅੰਕ 60 ਫੀਸਦੀ ਅਤੇ ਘੱਟੋ—ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਆਉਣੇ ਲਾਜ਼ਮੀ ਹਨ) ਅਤੇ ਅਗਨੀਵੀਰ ਜਨਰਲ ਡਿਊਟੀ (ਜੀ.ਡੀ) ਸਾਰੇ ਆਰਮਜ਼ ਲਈ ਦਸਵੀਂ ਪਾਸ (ਘੱਟੋ—ਘੱਟ ਓਵਰਆਲ ਮਾਰਕਸ 45 ਫੀਸਦੀ ਅਤੇ ਘੱਟੋ—ਘੱਟ 33 ਫੀਸਦੀ ਹਰੇਕ ਵਿਸ਼ੇ ਵਿਚੋਂ ਆਉਣੇ ਲਾਜ਼ਮੀ ਹਨ) ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੀ ਲੰਬਾਈ ਘੱਟੋ—ਘੱਟ 170 ਸੈਂਟੀਮੀਟਰ ਅਤੇ ਛਾਤੀ ਦੀ 77—82 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਵਲੋਂ ਇੱਥੇ ਇਹ ਵੀ ਦੱਸਿਆ ਗਿਆ ਕਿ ਪ੍ਰਾਰਥੀ https://joinindianarmy.nic.in/ ਵੈੱਬਸਾਈਟ ‘ਤੇ ਜਾ ਕੇ ਇਸ ਅਸਾਮੀ ਸਬੰਧੀ ਆਨਲਾਈਨ ਫਾਰਮ ਭਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp