ਬਠਿੰਡਾ : ਭਾਈ ਅੰਮ੍ਰਿਤਪਾਲ ਸਿੰਘ ਦਾ ਬਠਿੰਡਾ ਦੌਰਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਵੱਖ ਵੱਖ ਹਿੰਦੂ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਦੇ ਨਾਮ ਵਾਲਾ ਮੰਗ ਪੱਤਰ ਐਸਐਸਪੀ ਗੁਲਨੀਤ ਸਿੰਘ ਨੂੰ ਸੌਂਪਿਆ। ਇਸ ਮੌਕੇ ਹਿਤੇਸ਼ ਭਾਰਦਵਾਜ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਪ੍ਰੀਸ਼ਦ, ਓਮ ਕਰਨ ਸੰਗਠਨ ਮੰਤਰੀ ਪੰਜਾਬ ਸ਼ਿਵ ਸੈਨਾ ਸ਼ਿੰਦੇ ਗਰੁੱਪ, ਸੁਸ਼ੀਲ ਕੁਮਾਰ ਜਿੰਦਲ ਸੰਗਠਨ ਮੰਤਰੀ ਪੰਜਾਬ ਸ਼ਿਵ ਸੈਨਾ ਹਿੰਦੁਸਤਾਨ, ਅਰਪਨ ਗੁਪਤਾ ਪ੍ਰਧਾਨ ਰਾਮ ਸੈਨਾ, ਭਵਿਆ ਭਾਰਦਵਾਜ ਰਾਸ਼ਟਰੀ ਪ੍ਰਧਾਨ ਬਜਰੰਗ ਦਲ ਹਿੰਦ, ਸ਼ੰਕਰ ਭਾਰਦਵਾਜ ਮੀਤ ਪ੍ਰਧਾਨ ਬਜਰੰਗ ਦਲ ਹਿੰਦ ਪੰਜਾਬ ਨੇ ਕਿਹਾ ਕਿ ਹਿੰਦੂ ਸਮਾਜ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹੈ।
ਉਨ੍ਹਾਂ ਨੂੰ ਡਰ ਹੈ ਕਿ ਕਿਤੇ 1984 ਵਾਲੇ ਹਾਲਾਤ ਦੁਬਾਰਾ ਨਾ ਪੈਦਾ ਹੋ ਜਾਣ, ਕਿਉਂਕਿ ਪੰਜਾਬ ਵਿਚ ਦਿਨ-ਬ-ਦਿਨ ਘਟਨਾਵਾਂ ਵਾਪਰ ਰਹੀਆਂ ਹਨ, ਕਿਉਂਕਿ ਅੰਮ੍ਰਿਤਪਾਲ ਸਿੰਘ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ | ਏ ਪਿਛਲੇ ਸਮੇਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿਚ ਅਜਨਾਲਾ ਥਾਣੇ ‘ਤੇ ਗੈਰ ਸੰਵਿਧਾਨਕ ਕਬਜ਼ਾ ਕੀਤਾ ਗਿਆ ਸੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਹਮਲੇ ਕੀਤੇ ਗਏ ਸਨ।
ਪੰਜਾਬ ਪੁਲਿਸ ਅੱਤਵਾਦ ਨਾਲ ਲੜਨ ਵਿਚ ਆਪਣੀ ਬਹਾਦਰੀ ਲਈ ਜਾਣੀ ਜਾਂਦੀ ਹੈ। ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਦਾ, ਫਿਰ ਵੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਨੂੰ ਸ਼ਰੇਆਮ ਧਮਕੀਆਂ ਦੇ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਇਸ ਤੋਂ ਇਲਾਵਾ ਵਿਦੇਸ਼ ਵਿਚ ਬੈਠਾ ਗੁਰਪਤਵੰਤ ਪੰਨੂੰ ਵੀ ਮਾਹੌਲ ਖਰਾਬ ਕਰਨ ਅਤੇ ਦਹਿਸ਼ਤ ਪੈਦਾ ਕਰਨ ਲਈ ਖਾਲਿਸਤਾਨੀ ਗਤੀਵਿਧੀਆਂ ਚਲਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਵਾਰਿਸ ਪੰਜਾਬ ਦੇ ਜਥੇਬੰਦੀ ’ਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੁੱਟਮਾਰ ਕਰਨ ਅਤੇ ਡਿਊਟੀ ਦੌਰਾਨ ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ ਅਤੇ ਸਖਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਐਲਾਨ ਕੀਤਾ ਕਿ 18 ਮਾਰਚ 2023 ਨੂੰ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਦਾ ਬਠਿੰਡਾ ਦਾ ਦੌਰਾ ਰੱਦ ਨਾ ਕੀਤਾ ਗਿਆ ਤਾਂ ਪੰਜਾਬ ਦੀਆਂ ਹਿੰਦੂ ਜੱਥੇਬੰਦੀਆਂ ਇਸ ਦਾ ਵਿਰੋਧ ਕਰਨਗੀਆਂ, ਜਿਸ ਦੀ ਪੂਰੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਹੋਵੇਗੀ। ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp