ਵਿਜੀਲੈਂਸ ਬਿਊਰੋ ਨੇ ਸਹਾਇਕ ਟਾਊਨ ਪਲਾਨਰ ਸਮੇਤ ਉਸ ਦੇ ਦੋ ਸਾਥੀ ਪ੍ਰਾਈਵੇਟ ਵਿਅਕਤੀਆਂ ਨੂੰ 8 ਲੱਖ  ਦੀ ਰਿਸ਼ਵਤ ਲੈਂਦੇ ਹੋਏ ਕੀਤਾ ਕਾਬੂ, ਕੋਹਲੀ ਕੋਲੋਂ ਰਿਵਾਲਵਰ, ਜ਼ਿੰਦਾ ਕਾਰਤੂਸ ਬਰਾਮਦ

ਵਿਜੀਲੈਂਸ ਬਿਊਰੋ ਨੇ ਸਹਾਇਕ ਟਾਊਨ ਪਲਾਨਰ ਸਮੇਤ ਉਸ ਦੇ ਦੋ ਸਾਥੀ ਪ੍ਰਾਈਵੇਟ ਵਿਅਕਤੀਆਂ ਨੂੰ 8 ਲੱਖ  ਦੀ ਰਿਸ਼ਵਤ ਲੈਂਦੇ ਹੋਏ ਕੀਤਾ ਕਾਬੂ, ਚੌਥੇ ਦੋਸ਼ੀ ਦੀ ਭਾਲ ਜਾਰੀ

ਮੁਲਜ਼ਮ ਕੁਨਾਲ ਕੋਹਲੀ ਕੋਲੋਂ ਰਿਵਾਲਵਰ, ਜ਼ਿੰਦਾ ਕਾਰਤੂਸ ਅਤੇ ਫਰਜ਼ੀ ਸ਼ਿਕਾਇਤਾਂ ਵਾਲੀ ਫਾਈਲ ਵੀ ਹੋਈ ਬਰਾਮਦ

ਅਦਾਲਤ ਵੱਲੋਂ ਤਿੰਨੇ ਮੁਲਜ਼ਮ ਪੰਜ ਦਿਨਾਂ ਰਿਮਾਂਡ ਉਤੇ ਵਿਜੀਲੈਂਸ ਹਵਾਲੇ

ਚੰਡੀਗੜ :
ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਜਲੰਧਰ ਰਵੀ ਪੰਕਜ ਸ਼ਰਮਾ ਅਤੇ ਉਸਦੇ ਦੋ ਸਾਥੀਆਂ, ਕੁਨਾਲ ਕੋਹਲੀ ਅਤੇ ਅਰਵਿੰਦ ਸ਼ਰਮਾ, ਦੋਵੇਂ ਨਿੱਜੀ ਵਿਅਕਤੀ, ਨੂੰ 8 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਨਾਲ ਸਬੰਧਤ ਚੌਥੇ ਮੁਲਜ਼ਮ ਆਸ਼ੀਸ਼ ਅਰੋੜਾ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸੇ ਦੌਰਾਨ ਉਕਤ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਵੱਲੋਂ ਮੁਲਜ਼ਮਾਂ ਨੂੰ ਪੰਜ ਦਿਨਾਂ ਰਿਮਾਂਡ ਉਤੇ ਵਿਜੀਲੈਂਸ ਹਵਾਲੇ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਬਾਠ ਕਲਾਂ ਜ਼ਿਲ੍ਹਾ ਜਲੰਧਰ ਦੇ ਵਸਨੀਕ ਅਤੇ ਕੈਸਲ ਹੈਰੀਟੇਜ ਕੰਪਨੀ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਸਾਲ 2005 ਵਿੱਚ ਨਗਰ ਨਿਗਮ ਜਲੰਧਰ ਤੋਂ ਬਾਕਾਇਦਾ ਨਕਸ਼ਾ (ਮੈਪ ਪਲਾਨ) ਪ੍ਰਵਾਨ ਕਰਾਉਣ ਉਪਰੰਤ ਜਲੰਧਰ ਵਿਖੇ ਮੈਰਿਜ ਪੈਲੇਸ ‘ਬਾਠ ਕੈਸਲ’ ਦੀ ਉਸਾਰੀ ਕਰਵਾਈ ਸੀ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਸਨੂੰ ਉਕਤ ਏ.ਟੀ.ਪੀ. ਤੋਂ ਮਿਤੀ 20-01-2023 ਨੂੰ ਇੱਕ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਨਗਰ ਨਿਗਮ ਨੂੰ ਇੱਕ ਸ਼ਿਕਾਇਤ ਮਿਲੀ ਹੈ, ਜਿਸ ਅਨੁਸਾਰ ਬਾਠ ਕੈਸਲ ਨੂੰ ਨਗਰ ਨਿਗਮ ਜਲੰਧਰ ਦੀ ਪ੍ਰਵਾਨਗੀ ਤੋਂ ਬਿਨਾਂ ਗੈਰਕਾਨੂੰਨੀ ਢੰਗ ਨਾਲ ਉਸਾਰਿਆ ਗਿਆ ਸੀ ਜਿਸ ਕਾਰਨ ਕੰਪਨੀ ਨੂੰ ਉਕਤ ਪੈਲੇਸ ਦਾ ਪ੍ਰਵਾਨਿਤ ਮੈਪ ਪਲਾਨ ਅਤੇ ਮੁਕੰਮਲ ਹੋਣ ਦਾ ਸਰਟੀਫਿਕੇਟ ਤਿੰਨ ਦਿਨਾਂ ਅੰਦਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਬਾਠ ਕੈਸਲ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਉਕਤ ਦੋਸ਼ੀ ਏ.ਟੀ.ਪੀ. ਨਾਲ ਮੁਲਾਕਾਤ ਕੀਤੀ, ਜਿਸ ਨੇ ਉਸ ਨੂੰ ਆਪਣੇ ਨਿੱਜੀ ਵਿਅਕਤੀਆਂ ਕੁਨਾਲ ਕੋਹਲੀ, ਆਸ਼ੀਸ਼ ਅਰੋੜਾ ਅਤੇ ਅਰਵਿੰਦ ਸ਼ਰਮਾ ਵੱਲੋਂ ਬਾਠ ਕੈਸਲ ਖਿਲਾਫ ਕੀਤੀ ਸ਼ਿਕਾਇਤ ਦਿਖਾਈ। ਉਕਤ ਦੋਸ਼ੀ ਏਟੀਪੀ ਨੇ ਸ਼ਿਕਾਇਤਕਰਤਾ ਨੂੰ ਸਲਾਹ ਦਿੱਤੀ ਕਿ ਇਹ ਪ੍ਰਾਈਵੇਟ ਵਿਅਕਤੀ ਪੈਸੇ ਲਏ ਬਿਨਾਂ ਸ਼ਿਕਾਇਤ ਵਾਪਸ ਨਹੀਂ ਲੈਣਗੇ ਅਤੇ ਮਾਮਲੇ ਨੂੰ ਨਿਪਟਾਉਣ ਲਈ 15 ਲੱਖ ਰੁਪਏ ਅਦਾ ਕਰਨੇ ਪੈਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਸਹਾਇਕ ਟਾਊਨ ਪਲਾਨਰ ਰਵੀ ਪੰਕਜ ਸ਼ਰਮਾ ਨੇ ਨਰਿੰਦਰ ਸਿੰਘ ਦੀ ਕੁਨਾਲ ਕੋਹਲੀ ਨਾਲ ਮੁਲਾਕਾਤ ਕਰਵਾਈ, ਜਿਸ ਨੇ ਸ਼ਿਕਾਇਤ ਵਾਪਸ ਲੈਣ ਲਈ 20 ਲੱਖ ਰੁਪਏ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅੱਗੇ ਦੱਸਿਆ ਕਿ ਇਸ ਮਾਮਲੇ ਨੂੰ ਨਿਪਟਾਉਣ ਲਈ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋਇਆ ਹੈ ਅਤੇ ਰਵੀ ਪੰਕਜ ਸ਼ਰਮਾ ਨੇ ਉਸ ਤੋਂ ਪਹਿਲਾਂ ਹੀ ਦੋ ਕਿਸ਼ਤਾਂ ਵਿੱਚ 2 ਲੱਖ ਰੁਪਏ ਲੈ ਲਏ ਹਨ ਅਤੇ ਉਹ ਬਾਕੀ ਰਹਿੰਦੇ 8 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਮੁਢਲੀ ਜਾਂਚ ਤੋਂ ਬਾਅਦ ਮੁਹਾਲੀ ਤੋਂ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ-1 ਟੀਮ ਨੇ ਉਕਤ ਏਟੀਪੀ ਰਵੀ ਪੰਕਜ ਸ਼ਰਮਾ ਸਮੇਤ ਉਕਤ ਦੋ ਪ੍ਰਾਈਵੇਟ ਵਿਅਕਤੀਆਂ ਨੂੰ ਜਲੰਧਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਕਤ ਟਾਊਨ ਪਲਾਨਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਇਸ ਮਾਮਲੇ ਵਿੱਚ ਚੌਥੇ ਦੋਸ਼ੀ ਆਸ਼ੀਸ਼ ਅਰੋੜਾ ਦੀ ਗ੍ਰਿਫ਼ਤਾਰੀ ਬਾਕੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਉਕਤ ਸਾਰੇ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਭਾਰਤੀ ਦੰਡਾਵਲੀ ਦੀ ਧਾਰਾ 120ਬੀ ਤਹਿਤ ਵਿਜੀਲੈਂਸ ਬਿਓਰੋ, ਥਾਣਾ ਫਲਾਇੰਗ ਸਕੁਐਡ-1, ਪੰਜਾਬ, ਮੋਹਾਲੀ ਵਿਖੇ ਐਫ.ਆਈ.ਆਰ. ਨੰਬਰ 12 ਮਿਤੀ 21.03.2023 ਨੂੰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਟਰੈਪ ਤੋਂ ਬਾਅਦ ਵਿਜੀਲੈਂਸ ਟੀਮ ਨੇ ਉਕਤ ਦੋਸ਼ੀ ਕੁਨਾਲ ਕੋਹਲੀ ਦੀ ਤਲਾਸ਼ੀ ਲਈ, ਜਿਸ ਦੌਰਾਨ ਉਸ ਕੋਲੋਂ ਕਈ ਬੈਂਕਾਂ ਦੇ ਏ.ਟੀ.ਐੱਮ., ਦੋ ਪ੍ਰੈੱਸ ਪਛਾਣ ਪੱਤਰਾਂ ਤੋਂ ਇਲਾਵਾ ਪੰਜ ਜਿੰਦਾ ਕਾਰਤੂਸ ਅਤੇ ਇਕ ਰਿਵਾਲਵਰ ਵੀ ਬਰਾਮਦ ਹੋਇਆ। ਇਸ ਤੋਂ ਇਲਾਵਾ ਉਕਤ ਦੋਸ਼ੀ ਦੀ ਕਾਰ ’ਚੋਂ ਵੱਖ-ਵੱਖ ਵਿਅਕਤੀਆਂ ਖਿਲਾਫ ਫਰਜ਼ੀ ਸ਼ਿਕਾਇਤਾਂ ਕਰਨ ਵਾਲੀਆਂ ਕਈ ਫਾਈਲਾਂ ਵੀ ਬਰਾਮਦ ਕੀਤੀਆਂ ਹਨ, ਜਿਸ ਤੋਂ ਜਾਪਦਾ ਹੈ ਕਿ ਉਕਤ ਦੋਸ਼ੀ ਆਮ ਲੋਕਾਂ ਖਿਲਾਫ ਝੂਠੀਆਂ ਸ਼ਿਕਾਇਤਾਂ ਕਰਨ ਤੋਂ ਬਾਅਦ ਨਿਪਟਾਰੇ ਖਾਤਰ ਰਾਜ਼ੀਨਾਮਾ ਕਰਵਾਉਣ ਲਈ ਰਿਸ਼ਵਤਾਂ ਵਸੂਲਦੇ ਸੀ।

———–
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply