ਸੀ.ਬੀ.ਸੀ ਵੱਲੋਂ ਸ਼ਹੀਦੀ ਦਿਵਸ ਮੌਕੇ ਸਾਈਕਲ ਰੈਲੀ ਅਤੇ ਭਾਸ਼ਣ ਮੁਕਾਬਲੇ ਦਾ ਆਯੋਜਨ
-ਸਾਨੂੰ ਪੁਰਖਿਆਂ ਦੀਆਂ ਕੁਰਬਾਨੀਆਂ ਤੋਂ ਸਿੱਖਣਾ ਚਾਹੀਦਾ ਹੈ – ਧੀਰਜ ਵਸ਼ਿਸ਼ਟ
ਹੁਸ਼ਿਆਰਪੁਰ :
ਭਾਰਤੀ ਸੁਤੰਤਰਤਾ ਸੰਗਰਾਮ ਦੇ ਤਿੰਨ ਮਹਾਨ ਸ਼ਹੀਦਾਂ- ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਦੇ ਸ਼ਹੀਦੀ ਦਿਵਸ ਦੇ ਮੌਕੇ ‘ਤੇ ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜ਼ਿਲ੍ਹਾ ਪ੍ਰਸ਼ਾਸਨ, ਜੀ.ਐਨ.ਏ ਯੂਨੀਵਰਸਿਟੀ ਅਤੇ ਫਿਟ ਬਾਈਕਰਜ਼ ਕਲੱਬ ਦੇ ਸਹਿਯੋਗ ਨਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ।
ਰੈਲੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ, ਡੀ.ਐੱਸ.ਪੀ (ਸਿਟੀ) ਪਲਵਿੰਦਰ ਸਿੰਘ, ਜੀ.ਐਨ.ਏ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ: ਹੇਮੰਤ ਸ਼ਰਮਾ ਅਤੇ ਰਜਿਸਟਰਾਰ ਡਾ: ਕੁਨਾਲ ਬੈਂਸ, ਸੀ.ਬੀ.ਸੀ ਦੇ ਫੀਲਡ ਪਬਲੀਸਿਟੀ ਅਫ਼ਸਰ ਰਾਜੇਸ਼ ਬਾਲੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਰੈਲੀ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਸ਼ਹਿਰ ਦੀ ਡਿਜੀਟਲ ਲਾਇਬ੍ਰੇਰੀ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਦੌਰਾਨ ਸਾਈਕਲ ਸਵਾਰਾਂ ਵੱਲੋਂ ‘ਸੇ ਨੋ ਟੂ ਡਰੱਗ’ ਦਾ ਸੁਨੇਹਾ ਦਿੱਤਾ ਗਿਆ। ਇਸ ਵਿੱਚ ਸੈਂਕੜੇ ਵਿਦਿਆਰਥੀਆਂ, ਨੌਜਵਾਨਾਂ ਅਤੇ ਫਿਟ ਬਾਈਕਰਜ਼ ਕਲੱਬ ਦੇ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਲਾਇਬ੍ਰੇਰੀ ਵਿੱਚ ਲਗਾਈ ਗਈ ਅੰਮ੍ਰਿਤ ਮਹੋਤਸਵ ਪ੍ਰਦਰਸ਼ਨੀ ਵਾਲੀ ਥਾਂ ’ਤੇ ਪੁੱਜਣ ਤੋਂ ਪਹਿਲਾਂ ਸਾਰਿਆਂ ਨੇ ਭਗਤ ਸਿੰਘ ਚੌਕ ਵਿੱਚ ਤਿੰਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ।
ਪ੍ਰਦਰਸ਼ਨੀ ਵਿੱਚ ਉਨ੍ਹਾਂ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨਾਲ ਸਬੰਧਤ ਕੁਝ ਦੁਰਲੱਭ ਤਸਵੀਰਾਂ ਦਿਖਾਈਆਂ ਗਈਆਂ, ਜਿਨ੍ਹਾਂ ਵਿੱਚ ਉਨ੍ਹਾਂ ਦੇ ਫਾਂਸੀ ਨਾਲ ਸਬੰਧਤ ਤਾਰ (ਟੈਲੀਗਰਾਮ) ਦੀ ਤਸਵੀਰ, ਉਨ੍ਹਾਂ ਦੇ ਮੌਤ ਦੇ ਵਾਰੰਟ ਅਤੇ ਵਾਰੰਟ ‘ਤੇ ਦਸਤਖਤ ਕਰਨ ਲਈ ਵਰਤੀ ਗਈ ਕਲਮ ਸ਼ਾਮਲ ਹੈ। ਇਸ ਦੌਰਾਨ ਉਨ੍ਹਾਂ ਨੂੰ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਸੀ.ਬੀ.ਸੀ ਦੇ ਕਰਮਚਾਰੀ ਗੁਰਕਮਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਡਿਜੀਲੌਕਰ ਐਪਲੀਕੇਸ਼ਨ ਬਾਰੇ ਜਾਣਕਾਰੀ ਦਿੱਤੀ, ਜਿੱਥੇ ਅਸੀਂ ਸਾਰੇ ਆਪਣੇ ਵਾਹਨ ਨਾਲ ਸਬੰਧਤ ਦਸਤਾਵੇਜ਼, ਵਿਦਿਅਕ ਸਰਟੀਫਿਕੇਟ ਆਦਿ ਨੂੰ ਆਪਣੇ ਨਾਲ ਲਿਜਾਣ ਦੀ ਬਜਾਏ ਈ-ਦਸਤਾਵੇਜ਼ ਵਜੋਂ ਸੁਰੱਖਿਅਤ ਰੱਖ ਸਕਦੇ ਹਾਂ।
ਇਸ ਰੈਲੀ ਦਾ ਹਿੱਸਾ ਬਣਨ ਲਈ ਅੰਤਰਰਾਸ਼ਟਰੀ ਸਾਈਕਲਿਸਟ ਅਤੇ ਸਵੱਛ ਭਾਰਤ ਮਿਸ਼ਨ ਹੁਸ਼ਿਆਰਪੁਰ ਦੇ ਆਈਕਨ ਬਲਰਾਜ ਸਿੰਘ ਚੌਹਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਦੀ ਮੌਜੂਦਗੀ ਨੇ ਬਾਕੀ ਸਾਰੇ ਭਾਗੀਦਾਰਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ।
ਇਸ ਉਪਰੰਤ ਪ੍ਰਦਰਸ਼ਨੀ ਵਾਲੀ ਥਾਂ ‘ਤੇ ਸ਼ਹੀਦਾਂ ਨੂੰ ਸਮਰਪਿਤ ਦੇਸ਼ ਭਗਤੀ ਤੇ ਅਧਾਰਤ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ, ਜਿਹੜਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਹਿੱਸਾ ਸੀ। ਜਿਸ ਵਿੱਚ ਕਈ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਸਨ।
ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਆਜ਼ਾਦੀ ਸੰਗਰਾਮ ਦੇ ਪ੍ਰਤੀਕ ਹਨ। ਦੇਸ਼ ਭਗਤੀ ਸਾਡੇ ਖੂਨ ਵਿੱਚ ਹੈ ਪਰ ਅਜੋਕੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਨਾਲ ਜੋੜਨ ਦੀ ਲੋੜ ਹੈ, ਜੋ ਇੱਕ ਬਿਹਤਰ ਸਮਾਜ ਦੀ ਸਥਾਪਨਾ ਲਈ ਕੁਰਬਾਨੀ ਅਤੇ ਸਮਾਜ ਸੇਵਾ ਦੇ ਪ੍ਰਤੀਕ ਮੰਨੇ ਜਾਂਦੇ ਹਨ। ਉਨ੍ਹਾਂ ਕਿਹਾ, “ਨੌਜਵਾਨਾਂ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਲੋਕਾਂ ਬਾਰੇ ਜਾਗਰੂਕ ਕਰੋ ਤਾਂ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਜਿਹੇ ਵਾਤਾਵਰਣ ਅਤੇ ਨੈਤਿਕ ਸਮਾਜਿਕ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰ ਸਕਣ ਜੋ ਇੱਕ ਸੁਰੱਖਿਅਤ ਅਤੇ ਸਭਿਅਕ ਸਮਾਜ ਲਈ ਜ਼ਰੂਰੀ ਹਨ।”
ਤਿੰਨ ਜੱਜਾਂ ਦੇ ਪੈਨਲ, ਜਿਸ ਵਿੱਚ ਤ੍ਰਿਲੋਚਨ ਸਿੰਘ, ਰਮਨਦੀਪ ਕੌਰ ਅਤੇ ਮ੍ਰਿਦੁਲਾ ਸ਼ਰਮਾ , ਕ੍ਰਮਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਣ, ਖੁਆਸਪੁਰ ਹੀਰਾਂ ਅਤੇ ਫਲਾਹੀ ਦੇ ਪ੍ਰਿੰਸੀਪਲ ਹਨ, ਨੇ ਨਤੀਜੇ ਦੱਸੇ।
ਭਾਸ਼ਣ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ: ਜੈਸਮੀਨ ਜੀ.ਐਸ.ਐਸ, ਫਲਾਹੀ ਪਹਿਲੇ, ਮਨਮੀਨ ਕੌਰ, ਸਰਕਾਰੀ ਕਾਲਜ ਹੁਸ਼ਿਆਰਪੁਰ ਦੂਜੇ ਅਤੇ ਪ੍ਰੀਤੀ, ਜੀ.ਐਸ.ਐਸ ਸਕੂਲ, ਰੇਲਵੇ ਮੰਡੀ ਨੇ ਤੀਜਾ ਇਨਾਮ ਜਿੱਤਿਆ ਜਦਕਿ ਨੇਹਾ ਸ਼ਰਮਾ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਹੌਸਲਾ ਵਧਾਊ ਇਨਾਮ ਜਿੱਤਿਆ।
ਇਸ ਦੌਰਾਨ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਮਦਦ ਲਈ ਬਣਾਏ ਗਏ ਵਨ ਸਟਾਪ ਸੈਂਟਰ ਦੀ ਕਾਨੂੰਨੀ ਅਫਸਰ, ਐਡਵੋਕੇਟ ਆਰਤੀ ਸ਼ਰਮਾ ਨੇ ਮੌਕੇ ਤੇ ਹਾਜਰ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਘਰੇਲੂ ਹਿੰਸਾ ਬਾਰੇ ਸ਼ਿਕਾਇਤ ਕਰਨ ਦੇ ਢੰਗ ਤਰੀਕਿਆਂ ਬਾਰੇ ਜਾਗਰੂਕ ਕੀਤਾ।
ਕੇਂਦਰੀ ਸੰਚਾਰ ਬਿਊਰੋ ਵੱਲੋਂ ਸਮਾਗਮ ਵਾਲੀ ਥਾਂ ‘ਤੇ ਬਣਾਇਆ ਗਿਆ ਅਤੇ ਸਭ ਦੀ ਖਿੱਚ ਦਾ ਕੇਂਦਰ ਰਿਹਾ ਇੰਡੀਆ ਗੇਟ ਦਾ ਪ੍ਰਤੀਕ ਰੂਪ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੂੰ ਭੇਂਟ ਕੀਤਾ ਗਿਆ।
ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ 20 ਮਾਰਚ ਨੂੰ ਉਦਘਾਟਨ ਕੀਤੀ ਗਈ ਚਾਰ ਰੋਜ਼ਾ ਪ੍ਰਦਰਸ਼ਨੀ ਅੱਜ ਸਫਲਤਾਪੂਰਵਕ ਸਮਾਪਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਦਾ ਤਾਲਮੇਲ ਸ਼ਲਾਘਾਯੋਗ ਸੀ। ਇਨ੍ਹਾਂ ਚਾਰ ਦਿਨਾਂ ਦੌਰਾਨ ਬਹੁਤ ਸਾਰੀਆਂ ਔਰਤਾਂ ਅਤੇ ਨੌਜਵਾਨ ਲੜਕੀਆਂ ਦੀ ਛਾਤੀ ਦੇ ਕੈਂਸਰ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ। ਬਹੁਤ ਸਾਰੇ ਲੋਕਾਂ ਨੇ ਆਪਣੇ ਆਧਾਰ ਨੰਬਰਾਂ ਨੂੰ ਵੋਟਰ ਕਾਰਡਾਂ ਨਾਲ ਲਿੰਕ ਕੀਤਾ, ਵਿਲੱਖਣ ਅਪੰਗਤਾ ਪਛਾਣ ਪੱਤਰ ਬਣਾਏ ਗਏ, ਬੂਟੇ ਲਗਾਏ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਫਲੈਗਸ਼ਿਪ ਸਕੀਮਾਂ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਹੋਰ ਮਹੱਤਵਪੂਰਨ ਜਾਣਕਾਰੀਆਂ ਵੀ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਇਨਫੋਗ੍ਰਾਫਿਕਸ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ।
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
EDITOR
CANADIAN DOABA TIMES
Email: editor@doabatimes.com
Mob:. 98146-40032 whtsapp