ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ ਹੁਣ ਤੱਕ 30 ਹਜ਼ਾਰ ਕਰਮਚਾਰੀਆਂ ਦੀ ਕੀਤੀ ਰੈਗੂਲਰ ਭਰਤੀ : ਬ੍ਰਮ ਸ਼ੰਕਰ ਜਿੰਪਾ
-ਕੈਬਨਿਟ ਮੰਤਰੀ ਨੇ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਨਵੇਂ ਸਕੱਤਰਾਂ ਨੂੰ ਵੰਡੇ ਨਿਯੁਕਤੀ ਪੱਤਰ
ਹੁਸ਼ਿਆਰਪੁਰ, 17 ਜੁਲਾਈ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਵਿਚ ਹੁਣ ਤੱਕ ਲਗਭਗ 30 ਹਜ਼ਾਰ ਨਵੇਂ ਕਰਮਚਾਰੀਆਂ ਦੀ ਰੈਗੂਲਰ ਭਰਤੀ ਕੀਤੀ ਜਾ ਚੁੱਕੀ ਹੈ ਅਤੇ ਇਹ ਸਾਰੀ ਭਰਤੀ ਬਿਨਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤ ਦੇ ਨਿਰੋਲ ਮੈਰਿਟ ਦੇ ਆਧਾਰ ’ਤੇ ਕੀਤੀ ਗਈ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸਹਿਕਾਰੀ ਖੇਤੀਬਾੜੀ ਸਭਾਵਾਂ ਵਿਚ 5 ਨਵੇਂ ਸਕੱਤਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹੇਠ ਬੈਂਕ ਦੇ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਇਸ ਨਿਯੁਕਤੀ ਪੱਤਰ ਵੰਡ ਸਮਾਗਮ ਵਿਚ ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਜਾਣ ਲਈ ਦਿਨ-ਰਾਤ ਇਕ ਕਰ ਰਹੀ ਹੈ ਅਤੇ ਸਰਕਾਰ ਵਲੋਂ ਆਪਣੇ ਕਾਰਜਕਾਲ ਦੇ ਇਕ ਸਾਲ ਦੌਰਾਨ ਹੀ ਲਾਮਿਸਾਲ ਕੰਮ ਕੀਤਾ ਗਿਆ ਹੈ। ਉਨ੍ਹਾਂ ਨਵੇਂ ਨਿਯੁਕਤ ਹੋਏ ਸਕੱਤਰਾਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਗਜ਼ੈਕਟਿਵ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ ਨੇ ਕੈਬਨਿਟ ਮੰਤਰੀ ਨੂੰ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਮਰਜ਼ਰ ਦੇ ਖਿਲਾਫ਼ ਸਰਕਾਰ ਕੋਲ ਇਨ੍ਹਾਂ ਬੈਂਕਾਂ ਦਾ ਪੱਖ ਪੇਸ਼ ਕਰਨ ਦੀ ਬੇਨਤੀ ਕੀਤੀ। ਬੈਂਕ ਦੇ ਜ਼ਿਲ੍ਹਾ ਮੈਨੇਜਰ ਲਖਵੀਰ ਸਿੰਘ ਕੌਰਾ ਨੇ ਕੈਬਨਿਟ ਮੰਤਰੀ ਦਾ ਬੈਂਕ ਆਉਣ ’ਤੇ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਚੇਅਰਮੈਨ ਵਿਕਰਮ ਸ਼ਰਮਾ ਵਲੋਂ ਕੈਬਨਿਟ ਮੰਤਰੀ, ਮੇਅਰ ਅਤੇ ਡਿਪਟੀ ਮੇਅਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਮਲਕੀਤ ਰਾਮ, ਕੇਂਦਰੀ ਸਹਿਕਾਰੀ ਬੈਂਕ ਦੇ ਵਾਈਸ ਚੇਅਰਮੈਨ ਜਸਵੀਰ ਸਿੰਘ, ਐਗਜ਼ੈਕਟਿਵ ਡਾਇਰੈਕਟਰ ਲਖਨਵੀਰ ਸਿੰਘ, ਚੇਅਰਮੈਨ ਪੀ.ਏ.ਡੀ.ਬੀ ਹੁਸ਼ਿਆਰਪੁਰ ਹਰਸਨਜੀਤ ਸਿੰਘ (ਸੰਨੀ ਥਿਆੜਾ), ਬੈਂਕ ਦੀ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬੇਅੰਤ ਸਿੰਘ ਰੰਧਾਵਾ, ਜਨਰਲ ਸਕੱਤਰ ਰੋਹਿਤ ਕੌਸ਼ਲ, ਮੈਨੇਜਰ ਸੰਜੀਵ ਕੁਮਾਰ, ਨੋਡਲ ਅਫ਼ਸਰ ਕੰਵਰਦੀਪ ਸਿੰਘ, ਬਰਾਂਚ ਮੈਨੇਜਰ ਹਰਸਾ ਮਾਨਸਰ ਸੁਰਿੰਦਰਜੀਤ ਸਿੰਘ, ਬਰਾਂਚ ਮੈਨੇਜਰ ਹਾਜੀਪੁਰ ਵਰਿੰਦਰ ਕੁਮਾਰ, ਸਹਾਇਕ ਮੈਨੇਜਰ ਬਲਦੇਵ ਸਿੰਘ, ਸਹਾਇਕ ਮੈਨੇਜਰ ਅਸ਼ੋਕ ਕੁਮਾਰ, ਮੋਹਿਤ ਕੁੰਦਰਾ, ਲਾਜਵੰਤ ਕੌਰ, ਮਧੂ ਵਾਲੀਆ ਤੋਂ ਇਲਾਵਾ ਬੈਂਕ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।
—
EDITOR
CANADIAN DOABA TIMES
Email: editor@doabatimes.com
Mob:. 98146-40032 whtsapp