ਹੜ੍ਹ ਦੇ ਦੋਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਮਾਨਵਤਾ ਦੀ ਸੇਵਾ ਕਰਨ ਵਾਲੇ ਚਾਰ ਕਰਮਚਾਰੀਆਂ ਨੂੰ ਸਟੇਟ ਅਵਾਰਡ ਨਾਲ ਸਨਮਾਨਤ ਕਰਨ ਲਈ ਪੰਜਾਬ ਸਰਕਾਰ ਨੂੰ ਭੇਜੀ ਤਜਵੀਜ
—–ਹੜ੍ਹਾਂ ਦੋਰਾਨ ਹੋਰ ਕਰਮਚਾਰੀਆਂ ਜਿਨ੍ਹਾਂ ਬਮਿਆਲ ਖੇਤਰ ਅੰਦਰ ਅਪਣੀਆਂ ਸੇਵਾਵਾਂ ਦਿੱਤੀਆਂ ਉਨ੍ਹਾਂ ਨੂੰ ਵੀ ਜਿਲ੍ਹਾ ਪੱਧਰ ਤੇ ਕੀਤਾ ਜਾਵੈਗਾ ਵਿਸੇਸ ਤੋਰ ਤੇ ਸਨਮਾਨਤ
–
—ਸਾਨੂੰ ਹਮੇਸਾ ਅੋਖੀ ਘੜ੍ਹੀ ਦੋਰਾਨ ਦੂਸਰਿਆਂ ਦੀ ਸਹਾਇਤਾ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ- ਸ੍ਰੀ ਕੇ.ਆਰ. ਕਾਂਸਲ
ਪਠਾਨਕੋਟ: 16 ਜੁਲਾਈ 2023 ( ਰਾਜਿੰਦਰ ਰਾਜਨ ਬਿਊਰੋ ) ––ਬਹੁਤ ਘੱਟ ਲੋਕੀ ਹੁੰਦੇ ਹਨ ਜੋ ਅਪਣੇ ਫਰਜ ਦੇ ਨਾਲ ਨਾਲ ਅਪਣੀ ਜਿਮ੍ਹੇਦਾਰੀ ਸਮਝਦੇ ਹੋਏ ਮਾਨਵਤਾ ਦੀ ਸੇਵਾ ਦੇ ਲਈ ਹਮੇਸਾ ਤਿਆਰ ਰਹਿੰਦੇ ਹਨ ਅਤੇ ਅਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਕਿਸੇ ਵੀ ਤਰ੍ਹਾਂ ਦੇ ਪਰਉਪਕਾਰ ਕਰਨ ਤੋਂ ਪਿੱਛੇ ਨਹੀਂ ਹੱਟਦੇ, ਉਨ੍ਹਾਂ ਦੀ ਕੋਸਿਸ ਕਿਸੇ ਨੂੰ ਜਿੰਦਗੀ ਦੇ ਗਈ ਅਤੇ ਦੂਸਰਿਆਂ ਦੇ ਲਈ ਇੱਕ ਸਬਕ ਬਣਦੀ ਹੈ ਕਿ ਸਾਨੂੰ ਅੋਖੀ ਘੜ੍ਹੀ ਦੇ ਅੰਦਰ ਹਮੇਸਾਂ ਦੂਸਰਿਆਂ ਦੀ ਸੇਵਾ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ ਨੇ ਅੱਜ ਪਿਛਲੇ ਦਿਨ੍ਹਾਂ ਦੋਰਾਨ ਬਮਿਆਲ ਖੇਤਰ ਅੰਦਰ ਦਰਿਆ ਉਜ ਵਿੱਚ ਆਏ ਹੜ ਦੇ ਦੋਰਾਨ ਮਾਨਵਤਾ ਦੀ ਸੇਵਾ ਕਰਨ ਵਾਲੇ ਕਰਮਚਾਰੀਆਂ ਨਾਲ ਵਿਸੇਸ ਮੀਟਿੰਗ ਕਰਦਿਆ ਕੀਤਾ। ਇਸ ਮੋਕੇ ਤੇ ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ ਵੀ ਹਾਜਰ ਸਨ।
ਜਾਣਕਾਰੀ ਦਿੰਦਿਆਂ ਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਲਗਾਤਾਰ ਹੋਈ ਬਾਰਿਸ ਦੇ ਚਲਦਿਆਂ ਉਜ ਦਰਿਆ ਵਿੱਚ ਹੜ ਆਉਂਣ ਕਰਕੇ ਉਜ ਦੇ ਨਾਲ ਲਗਦੇ ਪਿੰਡ ਪ੍ਰਭਾਵਿੱਤ ਹੋਏ । ਹੜ੍ਹ ਦੇ ਦੋਰਾਨ ਕੂਝ ਲੋਕ ਜੋ ਹਿੰਦ –ਪਾਕ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਦੂਸਰ ਪਾਸੇ ਅਪਣੀ ਜਮੀਨ ਵਿੱਚ ਖੇਤੀ ਕਰ ਰਹੇ ਸਨ ਹੜ੍ਹ ਦੀ ਚਪੇਟ ਵਿੱਚ ਆ ਗਏ ਸਨ। ਉਨ੍ਹਾਂ ਨੂੰ ਬਚਾਉਂਣ ਵਿੱਚ ਕੂਝ ਕਰਮਚਾਰੀਆਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫਤਿਹ ਸਿੰਘ ਪਟਵਾਰੀ, ਅਜਵਿੰਦਰ ਸਿੰਘ ਐਸ.ਐਚ.ਓ. ਨਰੋਟ ਜੈਮਲ ਸਿੰਘ, ਰਾਹੁਲ ਕੁਮਾਰ ਸੇਵਾਦਾਰ ਦਫਤਰ ਐਸ.ਡੀ.ਐਮ. ਪਠਾਨਕੋਟ ਅਤੇ ਪਿੰਡ ਜੈਦਪੁਰ ਨਿਵਾਸੀ ਸੁਖਦੇਵ ਸਿੰਘ ਸਪੁੱਤਰ ਸ੍ਰੀ ਦਰਸਨ ਸਿੰਘ ਵੱਲੋਂ ਅਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਹਿੰਦ ਪਾਕ ਸਰਹੱਦ ਤੇ ਹੜ੍ਹ ਦੇ ਦੋਰਾਨ ਕੰਡਿਆਲੀ ਤਾਰ ਤੋਂ ਪਾਰ ਹੜ੍ਹ ਦੀ ਚਪੇਟ ਵਿੱਚ ਆਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੀਮਾ ਸੁਰੱਖਿਆ ਬਲ ਦੇ ਨੋਜਵਾਨ ਜੈਦਪੁਰ ਪੋਸਟ ਤੇ ਫਸ ਗਏ ਹਨ ਤਾਂ ਕਰਮਚਾਰੀਆਂ ਵੱਲੋਂ ਫਾਇਵਰ ਵੋਟ ਦੀ ਸਹਾਇਤਾਂ ਨਾਲ ਇਨ੍ਹਾਂ ਜਵਾਨਾਂ ਨੂੰ ਵੀ ਬਾਹਰ ਕੱਢ ਕੇ ਲਿਆਂਦਾ ਗਿਆ। ਜਿਕਰਯੋਗ ਹੈ ਕਿ ਜਦੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਹੜ੍ਹ ਵਿੱਚੋਂ ਕੱਢ ਕੇ ਬਾਹਰ ਲਿਆਂਦਾ ਜਾ ਰਿਹਾ ਸੀ ਤਾਂ ਕਰੀਬ ਡੇਢ ਕਿਲੋਮੀਟਰ ਪਹਿਲਾ ਹੀ ਅਚਾਨਕ ਵੋਟ ਦਾ ਇੰਜਨ ਖਰਾਬ ਹੋ ਗਿਆ ਅਤੇ ਫਤਿਹ ਸਿੰਘ ਪਟਵਾਰੀ ਨੇ ਅਪਣੀ ਸਮਝ ਦੇ ਨਾਲ ਚੱਪੂ ਦੇ ਨਾਲ ਵੋਟ ਨੂੰ ਸੁਰੱਖਿਅਤ ਸਥਾਨ ਤੇ ਪਹੁੰਚਾਇਆ, ਇਸ ਦੋਰਾਨ ਇਸ ਟੀਮ ਵੱਲੋਂ ਇੱਕ ਹਿਰਨ ਦੇ ਬੱਚੇ ਦੀ ਵੀ ਜਾਨ ਬਚਾਈ ਗਈ।
ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਮਾਨਯੋਗ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਵੀ ਪਹਿਲਾ ਇਹ ਘੋਸਣਾ ਕੀਤੀ ਗਈ ਸੀ ਕਿ ਡਿਊਟੀ ਦੇ ਨਾਲ ਨਾਲ ਵਧੀਆ ਢੰਗ ਨਾਲ ਮਾਨਵਤਾ ਦੀ ਸੇਵਾ ਕਰਦਿਆਂ ਇਨ੍ਹਾਂ ਕਰਮਚਾਰੀਆਂ ਵੱਲੋਂ ਕੀਤੀ ਗਈ ਸੇਵਾ ਦੇ ਲਈ ਇਨ੍ਹਾਂ ਉਪਰੋਕਤ ਚਾਰ ਕਰਮਚਾਰੀਆਂ ਨੂੰ ਸੂਬਾ ਪੱਧਰੀ ਅਜਾਦੀ ਦਿਹਾੜੇ ਤੇ ਸਨਮਾਨਤ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਲਿਖਿਤ ਤੋਰ ਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜੋ ਹੋਰ ਕਰਮਚਾਰੀ ਇਨ੍ਹਾਂ ਹੜ੍ਹਾਂ ਦੇ ਦੋਰਾਨ ਸੇਵਾ ਕਰ ਰਹੇ ਸਨ ਉਨ੍ਹਾਂ ਕਰਮਚਾਰੀਆਂ ਨੂੰ ਵੀ ਜਿਲ੍ਹਾਂ ਪੱਧਰ ਤੇ ਸਨਮਾਨਤ ਕੀਤਾ ਜਾਵੈਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp