ਗੱਟਾ ਮੁੰਡੀ ਕਾਸੂ ਪਾੜ੍ਹ ਨੂੰ ਕੁਝ ਦਿਨਾਂ ’ਚ ਪੂਰ ਲਿਆ ਜਾਵੇਗਾ : ਮੰਤਰੀ ਬਲਕਾਰ ਸਿੰਘ

ਗੱਟਾ ਮੁੰਡੀ ਕਾਸੂ ਨੇੜੇ ਬੰਨ੍ਹ ’ਚ ਪਏ ਪਾੜ੍ਹ ਨੂੰ ਕੁਝ ਦਿਨਾਂ ’ਚ ਪੂਰ ਲਿਆ ਜਾਵੇਗਾ : ਬਲਕਾਰ ਸਿੰਘ

ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਤ ਸੀਚੇਵਾਲ ਦੀ ਅਗਵਾਈ ’ਚ ਦੋਵਾਂ ਪਾਸਿਓਂ ਬੰਨ੍ਹ ਨੂੰ ਜੰਗੀ ਪੱਧਰ ’ਤੇ ਪੂਰਨ ਦੀ ਸ਼ੁਰੂਆਤ

 

ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਰ ਰਹੇ ਨੇ ਬੰਨ੍ਹ ਪੂਰਨ ਦੇ ਕੰਮ ਦੀ ਸਮੀਖਿਆ

ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੇਜੀ ਨਾਲ ਕੰਮ ਨੇਪਰੇ ਚਾੜਨ ਦੇ ਨਿਰਦੇਸ਼


ਚੰਡੀਗੜ੍ਹ/ਗੱਟਾ ਮੁੰਡੀ ਕਾਸੂ (ਲੋਹੀਆਂ ਖਾਸ), 17 ਜੁਲਾਈ :  ਬੀਤੇ ਦਿਨੀ ਭਾਰੀ ਬਾਰਸ਼ਾਂ ਕਾਰਨ ਸਤਲੁਜ ਦਰਿਆ ਦੇ ਧੱਕਾ ਬਸਤੀ ਨੇੜੇ ਧੁੱਸੀ ਬੰਨ੍ਹ ਵਿੱਚ ਪਏ 900 ਫੁੱਟ ਤੋਂ ਵੱਧ ਦੇ ਪਾੜ੍ਹ ਨੂੰ ਪੰਜਾਬ ਸਰਕਾਰ ਵਲੋਂ ਉਘੇ ਵਾਤਾਵਰਣ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਆਉਂਦੇ ਕੁਝ ਦਿਨਾਂ ਵਿੱਚ ਪੂਰ ਕੇ ਇਲਾਕੇ ਦੇ ਪਿੰਡਾਂ ਨੂੰ ਵੱਡੀ ਰਾਹਤ ਦੁਆਈ ਜਾਵੇਗੀ।  
  ਪੰਜਾਬ  ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ, ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਵੱਖ-ਵੱਖ ਪਿੰਡਾਂ ਤੋਂ ਆਈ ਸੰਗਤ ਦੀ ਮੌਜੂਦਗੀ ਵਿੱਚ ਉਕਤ ਕਾਰਜ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਬੰਨ੍ਹੇ ਜਾ ਰਹੇ ਬੰਨ੍ਹ ਦੇ ਕੰਮ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਟੀਮਾ ਅਤੇ ਸੰਗਤ ਦੇ ਆਪਸੀ ਸਹਿਯੋਗ ਨਾਲ ਆਉਂਦੇ ਕੁਝ ਦਿਨਾਂ ਵਿੱਚ ਇਹ ਪਾੜ ਪੂਰ ਕੇ ਇਲਾਕੇ ਦੇ ਲੋਕਾਂ ਦਾ ਜੀਵਨ ਮੁੜ ਸੁਖਾਲੀ ਪਟੜੀ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਹਰ ਸੰਭਵ ਮਦਦ ਲਈ ਵੱਡੇ ਪੱਧਰ ’ਤੇ ਉਪਰਾਲੇ ਕਰ ਰਹੀ ਹੈ ਅਤੇ ਇਲਾਕੇ ਵਿੱਚ ਬਿਜਲੀ ਸਪਲਾਈ ਦੀ ਬਹਾਲੀ ਦੇ ਨਾਲ-ਨਾਲ ਮੈਡੀਕਲ ਟੀਮਾ ਲਗਾਤਾਰ ਲੋਕਾਂ ਦੀ ਸਿਹਤ ਜਾਂਚ ਯਕੀਨੀ ਬਣਾ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਪਰਿਵਾਰਾਂ ਲਈ ਮਦਦ ਲੈ ਕੇ ਪਹੁੰਚ ਰਹੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਬਣੇ ਮੌਜੂਦਾ ਹਲਾਤ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇਗਾ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਧਿਕਾਰੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਪਾੜ ਨੂੰ ਪੂਰਨ ਦਾ ਕੰਮ ਵੱਡੇ ਪੱਧਰ ’ਤੇ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਹੀ ਬੰਨ੍ਹ ਦਾ ਮੁਹਾਂਦਰਾ ਦਿਸਣਾ ਸ਼ੁਰੂ ਹੋ ਜਾਵੇਗਾ ਤੇ ਕੁਝ ਦਿਨਾਂ ਵਿੱਚ ਇਹ ਪਾੜ੍ਹ ਪੂਰ ਕੇ ਪਹਿਲਾਂ ਵਾਂਗ ਆਮ ਜਨ-ਜੀਵਨ ਬਹਾਲ ਹੋ ਜਾਵੇਗਾ। ਉਨ੍ਹਾਂ ਨੇ ਸੰਗਤ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਇਸ ਪਾੜ੍ਹ ਨੂੰ ਵੀ ਪੂਰੀ ਤੇਜ਼ੀ ਨਾਲ ਪੂਰ  ਕੇ ਦਰਿਆਈ ਖੇਤਰ ਵਿਚਲੇ ਕਿਸਾਨਾਂ ਅਤੇ ਪਰਿਵਾਰਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਪਹਿਲਾਂ ਵਾਂਗ ਆਪਣੀਆਂ ਫ਼ਸਲਾਂ ਅਤੇ ਘਰਾਂ ਦੀ ਸਾਂਭ-ਸੰਭਾਲ ਯਕੀਨੀ ਬਣਾ ਸਕਣ।
ਵਿਧਾਇਕ ਇੰਦਰਜੀਤ ਕੌਰ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਡਾਲਾ ਵਿਖੇ ਪਏ ਪਾੜ੍ਹ ਨੂੰ ਕੁਝ ਹੀ ਦਿਨਾਂ ਦੇ ਸਮੇਂ ਵਿੱਚ ਪੂਰ ਕੇ ਇਲਾਕੇ ਨੂੰ ਰਾਹਤ ਦਿਵਾਈ ਗਈ ਹੈ ਅਤੇ ਗੱਟਾ ਮੰਡੀ ਕਾਸੂ ਦਾ ਕਾਰਜ ਮੁਕੰਮਲ ਹੋਣ ਨਾਲ ਲੋਕਾਂ ਨੁੂੰ ਮੌਜੂਦਾ ਹਲਾਤ ਤੋਂ ਨਿਜਾਤ ਮਿਲੇਗੀ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਪਾੜ੍ਹ ਦੇ ਦੋਵਾਂ ਪਾਸਿਆਂ ’ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹੋਰ ਵੀ ਵਧੇਰੇ ਸਮਰਪਣ ਭਾਵਨਾ ਨਾਲ ਇਸ ਲੋਕਪੱਖੀ ਕਾਰਜ ਨੂੰ ਜਲਦ ਤੋਂ ਜਲਦ ਨੇਪਰੇ ਚਾੜਨ ਵਿੱਚ ਕੋਈ ਕਮੀ ਨਾ ਛੱਡਣ। ਉਨ੍ਹਾਂ ਨੇ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਪਾੜ੍ਹ ਵਾਲੀ ਥਾਂ ’ਤੇ ਟਰਾਲੀਆਂ-ਟਿੱਪਰ ਆਦਿ ਆਉਣ ਲਈ ਸੁਖਾਲੀ ਅਵਾਜਾਈ ਨੂੰ ਯਕੀਨੀ ਬਣਾਉਣ। ਕੈਬਨਿਟ ਮੰਤਰੀ ਬਲਕਾਰ ਸਿੰਘ, ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਦੇ ਕੀਤੇ ਜਾ ਰਹੇ ਚੈਕਅਪ ਅਤੇ ਦਿੱਤੀਆਂ ਜਾ ਰਹੀਆਂ ਦਵਾਈਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ।

ਕੈਪਸ਼ਨ : ਗੱਟਾ ਮੁੰਡੀ ਕਾਸੂ ਵਿਖੇ ਪਏ ਪਾੜ ਨੂੰ ਜਲਦ ਪੂਰਨ ਸਬੰਧੀ ਗੱਲਬਾਤ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਹੋਰ ਅਧਿਕਾਰੀ।

ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਮੈਡੀਕਲ ਟੀਮ ਤੋਂ ਜਾਣਕਾਰੀ ਹਾਸਿਲ ਕਰਦੇ ਹੋਏ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਧੱਕਾ ਬਸਤੀ ਨੇੜੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।
__

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply