ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਲਈ ਗੱਤਕਾ ਪ੍ਰਮੋਟਰਾਂ ਵੱਲੋਂ ਗੱਤਕੇ ਦੀ ਕਲਾ ਨੂੰ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਣ ਦਾ ਸੱਦਾ
ਸਵੈ-ਰੱਖਿਆ, ਔਰਤਾਂ ਦੇ ਸਸ਼ਕਤੀਕਰਨ ਤੇ ਨਸ਼ਾਖੋਰੀ ਵਿਰੁੱਧ ਅਮਰੀਕਾ ਵਿਖੇ ਕਰਾਇਆ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ
ਕੌਮਾਂਤਰੀ ਖੇਡਾਂ ‘ਚ ਗੱਤਕੇ ਦੀ ਸ਼ਮੂਲੀਅਤ ਲਈ ਇੱਕਜੁੱਟ ਯਤਨ ਆਰੰਭਣ ਦੀ ਲੋੜ : ਗਰੇਵਾਲ
ਚੰਡੀਗੜ੍ਹ, 30 ਜੁਲਾਈ : ਗੱਤਕਾ ਖੇਡ ਦੀ ਚੋਟੀ ਦੀ ਸੰਸਥਾ, ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਮਾਰਸ਼ਲ ਆਰਟ ਗੱਤਕੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਫੁੱਲਤ ਕਰਨ ਤੇ ਮਾਨਤਾ ਦਿਵਾਉਣ ਦੇ ਹੋਕੇ ਨਾਲ ਗੁਰਦੁਆਰਾ ਗਲੈਨ ਰੌਕ, ਨਿਊਜਰਸੀ, ਅਮਰੀਕਾ ਵਿਖੇ ਇੱਕ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ ਕਰਵਾਇਆ ਗਿਆ। ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਇਸਮਾਕ) ਦੇ ਸਹਿਯੋਗ ਨਾਲ “ਗੱਤਕਾ : ਸਵੈ-ਰੱਖਿਆ, ਔਰਤਾਂ ਦੇ ਸਸ਼ਕਤੀਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ” ਵਿਸ਼ੇ ਅਧੀਨ ਕਰਵਾਏ ਇਸ ਸੈਮੀਨਾਰ ਦੌਰਾਨ ਗੱਤਕਾ ਪ੍ਰਮੋਟਰਾਂ, ਮਾਹਿਰਾਂ, ਉੱਘੀਆਂ ਸਖਸ਼ੀਅਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਇਕੱਠ ਨੇ ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਅਤੇ ਗੱਤਕਾ ਖੇਡ ਨੂੰ ਉਤਸ਼ਾਹਿਤ ਕਰਨ ਲਈ ਸਮੂਹਿਕ ਤੌਰ ‘ਤੇ ਗੱਤਕੇ ਦੀ ਵਿਸ਼ੇਸ਼ ਮਹੱਤਤਾ ‘ਤੇ ਜ਼ੋਰ ਦਿੱਤਾ।
ਇਸ ਪਲੇਠੇ ਗੱਤਕਾ ਸੈਮੀਨਾਰ ਵਿੱਚ ਗੱਤਕਾ ਖੇਤਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਅਤੇ ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ.ਜੀ.ਐੱਫ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ: ਦੀਪ ਸਿੰਘ ਅਤੇ ਗੱਤਕਾ ਫੈਡਰੇਸ਼ਨ ਕੈਨੇਡਾ ਦੇ ਜੱਥੇਬੰਦਕ ਸਕੱਤਰ ਜਨਮਜੀਤ ਸਿੰਘ ਨੇ ਸੈਮੀਨਾਰ ਦੇ ਮੁੱਖ ਵਿਸ਼ਿਆਂ ‘ਤੇ ਆਪਣੀ ਵਿਸ਼ਾਲ ਮੁਹਾਰਤ ਨਾਲ ਡੂੰਘੀ ਜਾਣਕਾਰੀ ਸੰਗਤਾਂ ਦੇ ਸਨਮੁਖ ਪੇਸ਼ ਕੀਤੀ।
ਆਪਣੇ ਸੰਬੋਧਨ ਦੌਰਾਨ ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਸਵੈ-ਰੱਖਿਆ ਦੇ ਸੁਖਾਲੇ ਤੇ ਸਸਤੇ ਸਾਧਨ ਵਜੋਂ ਗੱਤਕੇ ਦੇ ਤੱਤ ਦਾ ਭਾਵ ਪੂਰਤ ਵਿਖਿਆਨ ਕੀਤਾ। ਉਨ੍ਹਾਂ ਦੱਸਿਆ ਕਿ ਗੱਤਕਾ, ਸਿੱਖ ਯੁੱਧ ਵਿੱਦਿਆ ਦਾ ਅਟੁੱਟ ਅੰਗ ਹੈ। ਇਹ ਕੇਵਲ ਇੱਕ ਜੰਗੀ ਕਲਾ ਹੀ ਨਹੀਂ ਸਗੋਂ ਯੁੱਧ ਕਲਾ ਦੀ ਇੱਕ ਸੰਪੂਰਨ ਪ੍ਰਣਾਲੀ ਹੈ ਜਿਸ ਵਿੱਚ ਸਰੀਰਕ ਤੇ ਮਾਨਸਿਕ ਸ਼ਕਤੀ ਸਮੇਤ ਅਧਿਆਤਮਿਕ ਅਨੁਸ਼ਾਸਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਗੱਤਕਾ ਸੱਭਿਆਚਾਰਕ ਸੀਮਾਵਾਂ ਤੋਂ ਉੱਪਰ ਉੱਠ ਕੇ ਵਿਸ਼ਵ ਭਰ ਦੇ ਵਿਭਿੰਨ ਭਾਈਚਾਰਿਆਂ ਵਿੱਚ ਆਪਸੀ ਸਮਝ, ਭਾਈਚਾਰਕ ਏਕਤਾ ਅਤੇ ਆਲਮੀ ਸਦਭਾਵਨਾ ਵਧਾਉਣ ਲਈ ਇੱਕ ਪੁਲ ਦਾ ਕੰਮ ਕਰ ਸਕਦਾ ਹੈ।
ਡਾ: ਦੀਪ ਸਿੰਘ ਨੇ ਗੱਤਕੇ ਨੂੰ ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਵੈ-ਰੱਖਿਆ ਵਜੋਂ ਗੱਤਕਾ ਕਲਾ ਨੂੰ ਉਤਸ਼ਾਹਿਤ ਕਰਨ ਨਾਲ ਖਾਸ ਤੌਰ ‘ਤੇ ਔਰਤਾਂ ਨੂੰ ਦੁਨੀਆ ਵਿੱਚ ਵਧ ਰਹੇ ਜੁਰਮਾਂ ਤੋਂ ਆਪਣੀ ਰੱਖਿਆ ਤੇ ਸੁਰੱਖਿਆ ਕਰਨ ਦੀ ਸਮਰੱਥਾ ਨਾਲ ਸ਼ਸ਼ਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਗੱਤਕਾ ਕਲਾ ਸਿੱਖਣ ਵਿੱਚ ਲਿੰਗ ਰੁਕਾਵਟਾਂ ਨਾ ਹੋਣ ਕਰਕੇ ਇਸਦੇ ਸੰਮਲਿਤ ਸੁਭਾਅ ਨੂੰ ਉਜਾਗਰ ਕੀਤਾ ਜਿਸ ਰਾਹੀਂ ਔਰਤਾਂ ਮਾਨਸਿਕ ਤਾਕਤ ਅਤੇ ਲਚਕੀਲੇਪਣ ਨੂੰ ਅਪਣਾਉਣ ਦੇ ਯੋਗ ਬਣ ਸਕਦੀਆਂ ਹਨ।
ਜਨਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਹਰ ਮਨੁੱਖ ਲਈ ਜੰਗਜੂ ਕਲਾ ਦੀ ਮਹੱਤਤਾ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਖਿਲਾਫ ਲੜਾਈ ਵਿੱਚ ਗੱਤਕੇ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਨਸ਼ਾਖੋਰੀ ਰਾਹੀਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਸ ਕਲਾ ਦੇ ਅਨੁਸ਼ਾਸਿਤ ਅਭਿਆਸ ਦੌਰਾਨ ਊਰਜਾ ਅਤੇ ਧਿਆਨ ਨੂੰ ਕੇਂਦਰਿਤ ਕਰਕੇ ਬਿਹਤਰ ਜੀਵਨ ਜਿਉਣ ਲਈ ਇੱਕ ਬਦਲ ਵਜੋਂ ਰਚਨਾਤਮਕ ਰਸਤਾ ਲੱਭ ਸਕਦੇ ਹਨ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਲਈ ਗੱਤਕੇ ਨੂੰ ਅਪਣਾਉਣ, ਔਰਤਾਂ ਦੇ ਸਸ਼ਕਤੀਕਰਨ ਅਤੇ ਨਸ਼ਿਆਂ ਦੀ ਵਰਤੋਂ ਰੋਕਣ ਲਈ ਗੱਤਕੇ ਦੀ ਵਰਤੋਂ ਕਰਨ ਖਾਤਰ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਕੌਮਾਂਤਰੀ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ (ਇਸਮਾਕ) ਦੇ ਬੁਲਾਰੇ ਲਖਬੀਰ ਸਿੰਘ ਖਾਲਸਾ ਨੇ ਕਿਹਾ ਕਿ ਗੱਤਕੇ ਦੀ ਮੱਦਦ ਕਰਕੇ ਅਸੀਂ ਨਾ ਸਿਰਫ਼ ਆਪਣੇ ਇੱਕ ਅਨਮੋਲ ਸੱਭਿਆਚਾਰਕ ਖਜ਼ਾਨੇ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਬਲਕਿ ਆਪਣੀ ਕੌਮ ਨੂੰ ਅਜਿਹੇ ਸਾਧਨਾਂ ਨਾਲ ਲੈਸ ਕਰਦੇ ਹਾਂ ਜਿਸ ਰਾਹੀਂ ਕੌਮ ਨੂੰ ਦਰਪੇਸ਼ ਮੁੱਖ ਚੁਣੌਤੀਆਂ ਨੂੰ ਸਰ ਕਰਨ ਤੋਂ ਇਲਾਵਾ ਇੱਕ ਸੁਰੱਖਿਅਤ ਅਤੇ ਵੱਧ ਸਦਭਾਵਨਾ ਭਰਪੂਰ ਸੰਸਾਰ ਸਿਰਜਿਆ ਜਾ ਸਕਦਾ ਹੈ।
ਸਮਾਗਮ ਵਿੱਚ ਹਾਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਕਾਰੋਬਾਰੀ ਹਰਭਜਨ ਸਿੰਘ, ਮੌਜੂਦਾ ਪ੍ਰਧਾਨ ਸੁਪਿੰਦਰ ਸਿੰਘ ਬੈਂਸ, ਚੇਅਰਮੈਨ ਜਸਜੀਤ ਸਿੰਘ ਹੁੰਦਲ, ਸਕੱਤਰ ਬਲਜੀਤ ਸਿੰਘ, ਪ੍ਰਿਤਪਾਲ ਸਿੰਘ ਖਾਲਸਾ, ਯਾਦਵਿੰਦਰ ਸਿੰਘ, ਹਰਕਿਸ਼ਨ ਸਿੰਘ ਜੱਸਲ, ਦਵਿੰਦਰ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਨਿਊਜਰਸੀ ਸੂਬੇ ਵਿੱਚ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨਾਂ ਹਾਜ਼ਰੀਨ ਨੂੰ ਪ੍ਰੇਰਿਤ ਕਰਦਿਆਂ ਵਿਸ਼ਵ ਭਾਈਚਾਰੇ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਤੋਂ ਗੱਤਕੇ ਨੂੰ ਮਾਨਤਾ ਦਿਵਾਉਣ, ਗੱਤਕੇ ਦੀ ਅਮੀਰ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਸੰਭਾਲਣ ਸਬੰਧੀ ਯਤਨਾਂ ਵਿੱਚ ਮੱਦਦ ਕਰਨ ਦੀ ਅਪੀਲ ਕੀਤੀ। ਇਹ ਸੈਮੀਨਾਰ ਪੁਰਾਤਨ ਜੰਗਜੂ ਕਲਾ ਦੀ ਪਰਿਵਰਤਨਸ਼ੀਲ ਤਾਕਤ ਦੇ ਇੱਕ ਸ਼ਕਤੀਸ਼ਾਲੀ ਪ੍ਰਮਾਣ ਵਜੋਂ ਸਾਰਥਿਕ ਸਿੱਧ ਹੋਇਆ ਜਿਸ ਵਿੱਚ ਉਹਨਾਂ ਮੁੱਦਿਆਂ ਨੂੰ ਵਿਚਾਰਿਆ ਗਿਆ ਜਿੰਨਾ ਦਾ ਵਿਸ਼ਵ ਭਰ ਦੇ ਲੋਕ ਸਾਹਮਣਾ ਕਰ ਰਹੇ ਹਨ।
ਇਹ ਸੈਮੀਨਾਰ ਗੱਤਕੇ ਨੂੰ ਅੰਤਰਰਾਸ਼ਟਰੀ ਮੰਚਾਂ, ਵਰਕਸ਼ਾਪਾਂ ਅਤੇ ਵਿੱਦਿਅਕ ਪਹਿਲਕਦਮੀਆਂ ਰਾਹੀਂ ਪ੍ਰਫੁੱਲਤ ਕਰਨ ਲਈ ਸਾਂਝੇ ਯਤਨ ਸ਼ੁਰੂ ਕਰਨ ਦੇ ਸਰਬਸੰਮਤ ਅਹਿਦ ਨਾਲ ਸਮਾਪਤ ਹੋਇਆ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp