ਵੱਡੀ ਖ਼ਬਰ : ਸੰਘਣੀ ਧੁੰਦ ਕਾਰਨ 50 ਤੋਂ ਵੱਧ ਵਾਹਨ ਇਕ ਦੂਜੇ ਨਾਲ ਟਕਰਾਏ, 2 ਮੌਤਾਂ, 30 ਜ਼ਖ਼ਮੀ : ਮੁੱਖ ਮੰਤਰੀ ਮਾਨ ਨੇ ਸੜਕ ਹਾਦਸੇ ‘ਤੇ ਦੁੱਖ ਪ੍ਰਗਟਾਇਆ

ਖੰਨਾ / ਚੰਡੀਗੜ੍ਹ : ਸੀਜ਼ਨ ਦੀ ਪਹਿਲੀ ਧੁੰਦ ਜੀਟੀ ਰੋਡ ਦੇ ਰਾਹਗੀਰਾਂ ਲਈ ਕਹਿਰ ਬਣ ਗਈ। ਸੰਘਣੀ ਧੁੰਦ ਕਾਰਨ ਜੀਟੀ ਰੋਡ ਖੰਨਾ ‘ਤੇ ਵੱਖ-ਵੱਖ ਸੜਕ ਹਾਦਸਿਆਂ ‘ਚ 50 ਤੋਂ ਵੱਧ ਵਾਹਨ ਇਕ ਤੋਂ ਬਾਅਦ ਇਕ ਦੂਜੇ ਨਾਲ ਟਕਰਾ ਗਏ ਹਨ।

ਟਰੱਕ, ਬੱਸਾਂ, ਕਾਰਾਂ, ਜੀਪਾਂ ਤੇ ਦੋਪਹੀਆ ਵਾਹਨ ਆਪਸ ‘ਚ ਟਕਰਾ ਕੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ। ਇਨ੍ਹਾਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 30 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਹੈ, ਜਿੱਥੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਇਲਾਜ ਚੱਲ ਰਿਹਾ ਹੈ।

ਮੁੱਖ ਮੰਤਰੀ ਨੇ ਸਮਰਾਲਾ ਨੇੜੇ ਧੁੰਦ ਕਾਰਨ ਵਾਪਰੇ ਸੜਕ ਹਾਦਸੇ ‘ਤੇ ਦੁੱਖ ਪ੍ਰਗਟਾਇਆ

*ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ,
ਲੋਕਾਂ ਨੂੰ ਧੁੰਦ ਦੇ ਦਿਨਾਂ ਦੌਰਾਨ ਵਾਹਨ ਚਲਾਉਣ ਸਮੇਂ ਸੁਚੇਤ ਰਹਿਣ ਲਈ ਕਿਹਾ*

ਚੰਡੀਗੜ੍ਹ, 13 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਮਰਾਲਾ ਨੇੜੇ ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ ‘ਤੇ ਡੂੰਘਾ ਅਫ਼ਸੋਸ ਜ਼ਾਹਰ ਕੀਤਾ ਹੈ, ਜਿਸ ਕਾਰਨ ਕਈ ਯਾਤਰੀ ਜ਼ਖਮੀ ਹੋ ਗਏ ਹਨ।
ਮੁੱਖ ਮੰਤਰੀ ਨੇ ਇਸ ਘਟਨਾ ‘ਤੇ ਅਫ਼ਸੋਸ ਜ਼ਾਹਰ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਕਈ ਯਾਤਰੀ ਜ਼ਖਮੀ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦੇ ਨਿਰਦੇਸ਼ ਪਹਿਲਾਂ ਹੀ ਦੇ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਮੁੱਖ ਮੰਤਰੀ ਨੇ ਅੱਗੇ ਧੁੰਦ ਦੇ ਦਿਨਾਂ ਦੌਰਾਨ ਲੋਕਾਂ ਨੂੰ ਆਪਣੇ ਵਾਹਨ ਸਾਵਧਾਨੀ ਨਾਲ ਚਲਾਉਣ ਲਈ ਕਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

 

Related posts

Leave a Reply