ਲੁਧਿਆਣਾ : ਲਗਪਗ 100 ਦਿਨ ਪਹਿਲਾਂ ਲੁਧਿਆਣਾ ਦੇ ਇੱਕ ਫੈਕਟਰੀ ਮਾਲਕ ਤੋਂ 25 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲੇ ਐਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼ ਨੂੰ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰਕੇ ਘਰ ਤੋਰ ਦਿੱਤਾ ਹੈ। ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇਸ ਦਾ ਸਵਾਗਤ ਕਰਦਿਆਂ ਹੋਰਨਾਂ ਰਿਸ਼ਵਤਖੋਰਾਂ ਨੂੰ ਵੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ‘ਸਭ ਫੜੇ ਜਾਣਗੇ’ ਤਹਿਤ ਸਾਰੇ ਰਿਸ਼ਵਤਖੋਰਾਂ ਖਿਲਾਫ ਸਬੂਤ ਇਕੱਤਰ ਕੀਤੇ ਜਾ ਰਹੇ ਹਨ ਜੋ ਪਹਿਲਾਂ ਹੀ ਫੜੇ ਜਾ ਚੁੱਕੇ ਹਨ, ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਚੱਲ ਰਹੀ ਹੈ ਤੇ ਜਲਦੀ ਹੀ ਉਹ ਵੀ ਨੌਕਰੀ ਤੋਂ ਬੰਨ੍ਹੇ ਕੀਤੇ ਜਾਣਗੇ।
ਯਾਦ ਰਹੇ 24 ਅਪ੍ਰੈਲ, 2019 ਨੂੰ ਐਮਪੀ ਬੇਰੀ, ਐਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼, ਪੰਜਾਬ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਹੋਟਲ ਸ਼ੈਵਰਨ ਵਿਖੇ ਕਾਰਖਾਨੇਦਾਰ ਤੋਂ ਫੈਕਟਰੀ ਲਾਈਸੰਸ ਦੇਣ ਦੀ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਲਈ ਆਏ ਸੀ। ਕਿਰਤ ਵਿਭਾਗ ਦੇ ਉਕਤ ਅਧਿਕਾਰੀ ਨੂੰ ਜਦੋਂ ਲੁਧਿਆਣਾ ਦਾ ਸਨਅਤਕਾਰ ਗੁਰਨੀਤ ਪਾਲ ਸਿੰਘ ਪਾਹਵਾ ਹੋਟਲ ਵਿੱਚ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਪੁੱਜਾ ਤਾਂ ਇਸ ਦੌਰਾਨ ਵਿਧਾਇਕ ਬੈਂਸ ਤੇ ਉਨ੍ਹਾਂ ਦੇ ਸਾਥੀ ਵੀ ਪੁੱਜ ਗਏ। ਵਿਧਾਇਕ ਬੈਂਸ ਨੇ ਉਕਤ ਅਧਿਕਾਰੀ ਤੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਵਜੋਂ ਦਿੱਤੀ ਗਈ ਰਕਮ ਬਰਾਮਦ ਕੀਤੀ ਸੀ।
ਇਸ ਦੌਰਾਨ ਐਮਪੀ ਬੇਰੀ ਨੇ ਮੰਨਿਆ ਸੀ ਉਹ ਸੇਵਾ ਮੁਕਤੀ ਤੋਂ ਬਾਅਦ ਇੱਕ ਸਾਲ ਲਈ ਵਾਧੂ ਸੇਵਾਕਾਲ ਵਜੋਂ ਸੇਵਾ ਨਿਭਾਅ ਰਹੇ ਹਨ ਤੇ ਉਨ੍ਹਾਂ ਦੀ ਪ੍ਰਤੀ ਮਹੀਨੇ ਡੇਢ ਲੱਖ ਰੁਪਏ ਤਨਖਾਹ ਹੈ। ਉਕਤ ਅਧਿਕਾਰੀ ਨਾਲ ਹੋਈ ਗੱਲਬਾਤ, ਰਿਸ਼ਵਤ ਦੇ ਪੈਸੇ ਲੈਣ ਸਬੰਧੀ ਪੂਰੀ ਵੀਡੀਓ ਲਾਈਵ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਅਧਿਕਾਰੀ ਨੇ ਲਾਈਵ ਵੀਡੀਓ ਵਿੱਚ ਮਾਫੀ ਵੀ ਮੰਗੀ ਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦੀ ਵੀ ਤੌਬਾ ਕੀਤੀ ਸੀ।
ਵਿਧਾਇਕ ਬੈਂਸ ਨੇ ਸੂਬੇ ਭਰ ਦੇ ਸਰਕਾਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਕਿ ਉਹ ਰਿਸ਼ਵਤਖੋਰੀ ਛੱਡ ਕੇ ਲੋਕਾਂ ਦੇ ਸਹੀ ਤਰੀਕੇ ਨਾਲ ਕੰਮ ਕਰਨ ਤਾਂ ਜੋ ਸੂਬੇ ਭਰ ਦੇ ਲੋਕਾਂ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸੂਬੇ ਭਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਵਿਸ਼ਵਾਸ਼ ਬਣਿਆ ਰਹੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp