ਹੁਸ਼ਿਆਰਪੁਰ, (ਵਿਕਾਸ ਜੁਲਕਾ) : ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਸ ਸਬੰਧੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਜਾਣਕਾਰੀ ਦਿੰਦਿਆਂ ਮਿ੍ਤਕ ਨੌਜਵਾਨ ਪ੍ਰਦੀਪ ਕੁਮਾਰ (28) ਪੁੱਤਰ ਸੀਤਲ ਦਾਸ ਵਾਸੀ ਨਸਰਾਲਾ ਕਾਲੋਨੀ ਦੇ ਭਰਾ ਦਲਜੀਤ ਮਾਹੀ ਤੇ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪ੍ਰਦੀਪ ਕੁਮਾਰ ਘਰ ‘ਚ ਹੀ ਉਪਰਲੀ ਮੰਜ਼ਿਲ ‘ਤੇ ਬਣੇ ਕਮਰੇ ‘ਚ ਰਹਿੰਦਾ ਸੀ। ਜਦੋਂ ਉਸ ਦੀ ਭਰਜਾਈ ਲਖਵਿੰਦਰ ਕੌਰ ਛੱਤ ‘ਤੇ ਕੱਪੜੇ ਪਾਉਣ ਗਈ ਤਾਂ ਪ੍ਰਦੀਪ ਨੇ ਛੱਤ ਨਾਲ ਫਾਹਾ ਲਿਆ ਹੋਇਆ ਸੀ। ਉਸ ਦੇ ਰੋਲਾ ਪਾਉਣ ‘ਤੇ ਪਰਿਵਾਰਕ ਮੈਂਬਰ ਛੱਤ ‘ਤੇ ਪੁੱਜੇ ਤੇ ਉਸ ਨੂੰ ਹੇਠਾਂ ਉਤਾਰ ਕੇ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਆਏ, ਜਿੱਥੇ ਡਾਕਟਰਾਂ ਨੇ ਪ੍ਰਦੀਪ ਨੂੰ ਮਿ੍ਤਕ ਕਰਾਰ ਦਿੱਤਾ।
ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਪਿੰਡ ਦੀ ਸਰਪੰਚ ਰਾਣੋ ਦੀ ਹਾਜ਼ਰੀ ‘ਚ ਮਿ੍ਤਕ ਨੌਜਵਾਨ ਪ੍ਰਦੀਪ ਦੇ ਭਰਾ ਦਲਜੀਤ ਮਾਹੀ ਤੇ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਪ੍ਰਦੀਪ ਦਾ ਵਿਆਹ 12 ਮਈ 2019 ਨੂੰ ਚੱਕ ਗੁੱਜਰਾਂ ਦੀ ਪ੍ਰਵੀਨ ਕੁਮਾਰੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਦੀ ਪਤਨੀ ਉਸ ਨੂੰ ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਪਰੇਸ਼ਾਨ ਕਰਦੀ ਰਹਿੰਦੀ ਸੀ ਤੇ ਕਈ-ਕਈ ਦਿਨ ਆਪਣੇ ਪੇਕਿਆਂ ਦੇ ਪਿੰਡ ਚੱਕ ਗੁੱਜਰਾਂ ਤੇ ਆਪਣੀ ਜੀਜੇ ਸੰਤੋਖ ਸਿੰਘ ਕੋਲ ਫਗਵਾੜੇ ਹੀ ਰਹਿੰਦੀ ਸੀ। ਬੀਤੇ ਦਿਨ ਉਹ ਆਪਣੇ ਸਹੁਰਿਆਂ ਦੇ ਪਿੰਡ ਚੱਕ ਗੁੱਜਰਾਂ ਗਿਆ ਹੋਇਆ ਸੀ ਤੇ ਐਤਵਾਰ ਸਵੇਰੇ ਹੀ ਵਾਪਸ ਆਇਆ ਸੀ। ਜਿਥੋਂ ਵਾਪਸ ਆ ਕੇ ਉਸ ਨੇ ਇਹ ਜਾਨਲੇਵਾ ਕਦਮ ਚੁੱਕ ਲਿਆ।
ਵਿਚੋਲੇ ਤੇ ਪਤਨੀ ਦੇ ਜੀਜੇ ਤੋਂ ਪਰੇਸ਼ਾਨ ਹੋ ਕੇ ਆਤਮਘਾਤੀ ਕਦਮ ਚੁੱਕਣ ਦਾ ਲਾਇਆ ਦੋਸ਼
ਸਿਵਲ ਹਸਪਤਾਲ ‘ਚ ਹਾਜ਼ਰ ਮਿ੍ਤਕ ਨੌਜਵਾਨ ਪ੍ਰਦੀਪ ਦੇ ਪਿਤਾ ਸੀਤਲ ਦਾਸ ਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜ਼ਿਆਦਾਤਰ ਪ੍ਰਵੀਨ ਆਪਣੇ ਪੇਕਿਆਂ ਦੇ ਘਰ ਚੱਕ ਗੁੱਜਰਾਂ ਤੇ ਜੀਜੇ ਸੰਤੋਖ ਦੇ ਘਰ ਫਗਵਾੜੇ ਹੀ ਰਹਿੰਦੀ ਸੀ। ਇਸ ਤੋਂ ਇਲਾਵਾ ਵਿਚੋਲੇ ਦੀ ਨੂੰਹ ਨੀਤੂ ਵਿਆਹ ‘ਚ ਸੋਨੇ ਦੀ ਮੁੰਦਰੀ ਨਾ ਪਾਏ ਜਾਣ ਕਾਰਨ ਨਾਰਾਜ਼ ਹੋ ਕੇ ਸ਼ਰੇਆਮ ਇਹ ਕਹਿ ਚੁੱਕੇ ਸਨ ਅਸੀਂ ਕੁੜੀ ਵੱਸਣ ਨਹੀਂ ਦੇਣੀ ਸਗੋਂ ਤਲਾਕ ਕਰਵਾ ਦੇਣਾ ਹੈ, ਜਿਸ ਕਾਰਨ ਪ੍ਰਦੀਪ ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀ ‘ਚ ਰਹਿੰਦਾ ਸੀ, ਜਿਸ ਕਾਰਨ ਉਸ ਨੇ ਆਪਣੀ ਪਤਨੀ, ਸਾਂਢੂ ਤੇ ਵਿਚੋਲਾ ਦੀ ਨੂੰਹ ਤੋਂ ਦੁਖੀ ਹੋ ਕੇ ਐਤਵਾਰ ਸਵੇਰੇ ਇਹ ਕਦਮ ਚੁੱਕ ਲਿਆ। ਇਸ ਮਾਮਲੇ ਦੀ ਸੂਚਨਾ ਥਾਣਾ ਬੁੱਲੋਵਾਲ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਮੌਕੇ ‘ਤੇ ਪੱੁਜ ਕੇ ਡਿਊਟੀ ਅਫਸਰ ਨੇ ਜਾਂਚ ਪੜਤਾਲ ਆਰੰਭ ਕਰ ਦਿੱਤੀ ਹੈ। ਡਿਊਟੀ ਅਫਸਰ ਨੇ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਤਨੀ, ਸਾਂਢੂ ਤੇ ਵਿਚੋਲੇ ਖ਼ਿਲਾਫ਼ ਮਾਮਲਾ ਦਰਜ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਨਸਰਾਲਾ ਏਐੱਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ‘ਚ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ‘ਤੇ ਤਿੰਨ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਪ੍ਰਵੀਨ ਕੁਮਾਰੀ, ਸਾਂਢੂ ਸੰਤੋਖ ਸਿੰਘ ਤੇ ਵਿਚੋਲੇ ਦੀ ਨੂੰਹ ਨੀਤੂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp