ਪਾਕਿਸਤਾਨ: ਭਾਰਤ ਸਰਕਾਰ ਦੀ ਧਾਰਾ 370 ਨੂੰ ਹਟਾਉਣ ਦੇ ਫੈਸਲੇ ਤੋਂ ਖ਼ਾਸਾ ਨਾਰਾਜ਼ ਹੈ। ਪਾਕਿਸਤਾਨੀ ਫੌਜ ਦੇ ਨਾਲ-ਨਾਲ ਹੁਣ ਗੁਆਂਢੀ ਦੇਸ਼ ਦੇ ਆਹਲਾ ਹੁਕਮਰਾਨ ਵੀ ਸ਼ਰ੍ਹੇਆਮ ਯੁੱਧ ਤੇ ਖੂਨ-ਖਰਾਬੇ ਦੀ ਗੱਲ ਕਰਨ ਲੱਗੇ ਹਨ। ਹੁਣ ਪਾਕਿਸਤਾਨੀ ਰਾਸ਼ਟਰਪਤੀ ਆਰਿਫ ਅਲਵੀ ਨੇ ਧਮਕੀ ਦਿੱਤੀ ਹੈ ਕਿ ਜੇ ਭਾਰਤ ਜੰਗ ਲੜਦਾ ਤਾਂ ਖ਼ੁਦ ਨੂੰ ਬਚਾਉਣ ਲਈ ਸਾਡੇ ਕੋਲ ਜੇਹਾਦ ਤੇ ਮੁਕਾਬਲਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਏਗਾ। ਉਨ੍ਹਾਂ ਧਮਕੀ ਦਿੱਤੀ ਕਿ ਇਹ ਯੁੱਧ ਸਿਰਫ ਦੋ ਦੇਸ਼ਾਂ ਤੱਕ ਸੀਮਤ ਨਹੀਂ ਹੋਵੇਗਾ। ਸਾਰੀ ਦੁਨੀਆਂ ਇਸ ਦੇ ਪ੍ਰਭਾਵ ਨੂੰ ਮਹਿਸੂਸ ਕਰੇਗੀ।
ਰਾਸ਼ਟਰਪਤੀ ਅਲਵੀ ਪਾਕਿਸਤਾਨ ਦੇ 73ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਇਸਲਾਮਾਬਾਦ ਦੇ ਜਿਨਾਹ ਕਨਵੈਨਸ਼ਨ ਸੈਂਟਰ ਵਿਖੇ ਝੰਡਾ ਫਹਿਰਾਉਣ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਹ ਯੁੱਧ ਨਹੀਂ ਚਾਹੁੰਦੇ, ਪਰ ਜੇ ਭਾਰਤ ਜੰਗ ਵੱਲ ਜਾਂਦਾ ਹੈ ਤਾਂ ਉਨ੍ਹਾਂ ਕੋਲ ਜੇਹਾਦ ਤੇ ਮੁਕਾਬਲ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹਮੇਸ਼ਾ ਕਸ਼ਮੀਰ ਦੇ ਲੋਕਾਂ ਦੇ ਨਾਲ ਖੜ੍ਹਾ ਹੈ। ਭਾਰਤ ਦੀ ਇਕਪਾਸੜ ਕਾਰਵਾਈ ਤੋਂ ਬਾਅਦ ਉਨ੍ਹਾਂ ਦੁਵੱਲਾ ਵਪਾਰ ਖਤਮ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਕਸ਼ਮੀਰ ਦੇ ਮਸਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਲੈ ਕੇ ਜਾਣਗੇ।
ਪਾਕਿ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਜੰਮੂ-ਕਸ਼ਮੀਰ ਦੀ ਸਥਿਤੀ ਵਿੱਚ ਬਦਲਾਅ ਕਰਕੇ ਸ਼ਿਮਲਾ ਸਮਝੌਤੇ ਦੀ ਉਲੰਘਣਾ ਕੀਤੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਪਾਕਿਸਤਾਨ ਦੇ ਨੇਤਾਵਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਦੇ ਨਾਲ ਹੀ ਅਲਵੀ ਨੇ ਪਾਕਿਸਤਾਨੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਖ਼ਿਲਾਫ਼ ਪ੍ਰੋਪੇਗੈਂਡਾ ਫੈਲਾਉਣ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਵਿੱਚ ਕੋਈ ਕੁਤਾਹੀ ਨਾ ਵਰਤਣ। ਇਸ ਦੇ ਨਾਲ ਹੀ ਇਮਰਾਨ ਖਾਨ ਸਰਕਾਰ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਨੇ ਪ੍ਰਮਾਣੂੰ ਹਮਲੇ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਈਦ ਜਾਂ ਸ਼ਬ-ਏ-ਬਰਾਤ ਲਈ ਪ੍ਰਮਾਣੂੰ ਹਥਿਆਰ ਨਹੀਂ ਰੱਖੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp