ਜੀ.ਟੀ ਰੋਡ ਅਤੇ ਜਲੰਧਰ ਰੋਡ ਕਿਨਾਰੇ ਬਿਜਲੀ ਦੀਆਂ ਲਾਈਨਾਂ ਹੋਣਗੀਆਂ ਪਿੱਛੇ – ਤ੍ਰਿਪਤ ਬਾਜਵਾ
DOABA TIMES ਬਟਾਲਾ, 8 ( SHRMA ) – ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨਛੋਹ ਪ੍ਰਾਪਤ ਨਗਰ ਬਟਾਲਾ ਸ਼ਹਿਰ ਦਾ ਵਿਕਾਸ ਪੰਜਾਬ ਸਰਕਾਰ ਵਲੋਂ ਨਿਰੰਤਰ ਜਾਰੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਨਿਗਰਾਨੀ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਕੀਤੀ ਜਾ ਰਹੀ ਹੈ। ਵਿਕਾਸ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਕੈਬਨਿਟ ਮੰਤਰੀ ਸ. ਬਾਜਵਾ ਵਲੋਂ ਸ਼ਹਿਰ ਦੀ ਆਵਾਜਾਈ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਸ਼ਹਿਰ ਵਿਚੋਂ ਲੰਘਦੇ ਅੰਮ੍ਰਿਤਸਰ-ਪਠਾਨਕੋਟ ਜੀ.ਟੀ. ਰੋਡ ਅਤੇ ਜਲੰਧਰ ਰੋਡ ਦੇ ਕਿਨਾਰਿਆਂ ਉੱਪਰ ਸਾਰੀਆਂ ਬਿਜਲੀ ਦੀਆਂ ਲਾਈਨਾਂ ਅਤੇ ਟਰਾਂਸਫਾਰਮ ਪਿੱਛੇ ਹਟਾਏ ਜਾਣਗੇ ਤਾਂ ਜੋ ਸੜਕਾਂ ਹੋਰ ਖੁੱਲੀਆਂ ਹੋ ਸਕਣ।
ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਉਚੇਰੀ ਸਿੱਖਿਆ ਤੇ ਭਾਸ਼ਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਦੀਆਂ ਦੋ ਮੁੱਖ ਸੜਕਾਂ ਅੰਮ੍ਰਿਤਸਰ-ਪਠਾਨਕੋਟ ਜੀ.ਟੀ. ਰੋਡ ਅਤੇ ਜਲੰਧਰ ਰੋਡ ਕਿਨਾਰੇ ਜਿਨੇ ਵੀ ਬਿਜਲੀ ਦੇ ਖੰਬੇ ਜਾਂ ਟਰਾਂਸਫਾਰਮ ਹਨ, ਉਨ੍ਹਾਂ ਨੂੰ ਸੜਕ ਤੋਂ ਪਿੱਛੇ ਕੀਤਾ ਜਾਵੇਗਾ ਤਾਂ ਜੋ ਸੜਕਾਂ ਖੁੱਲੀਆਂ ਹੋਣ ਨਾਲ ਟਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਇਸ ਸਬੰਧੀ ਪੂਰੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਪ੍ਰੋਜੈਕਟ ਉੱਪਰ ਕਰੀਬ 5 ਕਰੋੜ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਬਿਜਲੀ ਦੇ ਇਹ ਪੋਲ ਕਾਫੀ ਸਮਾਂ ਪਹਿਲਾਂ ਦੇ ਲੱਗੇ ਹੋਏ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਪੋਲ ਸੜਕਾਂ ਦੇ ਕਿਨਾਰੇ ਦੇ ਬਿਲਕੁਲ ਹੀ ਉੱਪਰ ਹਨ, ਜੋ ਕਿ ਟਰੈਫਿਕ ਜਾਮ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਪੋਲ ਅੱਗੇ ਲੱਗੇ ਹੋਣ ਕਾਰਨ ਪਿਛੋਂ ਕਈ-ਕਈ ਫੁੱਟ ਸੜਕ ਉੱਪਰ ਦੁਕਾਨਦਾਰਾਂ ਵਲੋਂ ਨਜਾਇਜ ਕਬਜ਼ੇ ਕੀਤੇ ਹੋਏ ਹਨ ਜਿਸ ਨਾਲ ਰਾਹਗੀਰਾਂ ਨੂੰ ਸਮੱਸਿਆ ਪੈਦਾ ਹੋ ਰਹੀ ਹੈ। ਸ. ਬਾਜਵਾ ਨੇ ਕਿਹਾ ਕਿ ਸ਼ਹਿਰ ਦੇ ਇਨ੍ਹਾਂ ਦੋ ਮੁੱਖ ਮਾਰਗਾਂ ਉੱਪਰ ਇਸ ਪ੍ਰੋਜੈਕਟ ਤਹਿਤ ਬੜੀ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਜਿਥੇ ਬਟਾਲਾ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ ਉਥੇ ਆਵਾਜਾਈ ਸਮੱਸਿਆ ਦੇ ਹੱਲ ਲਈ ਵੀ ਆਪਣੇ ਸੁਹਿਰਦ ਯਤਨ ਕਰ ਰਹੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp