Exlusive Story : ਮਹਾਂਰਾਜਾ ਸ਼ੇਰ ਸਿੰਘ ਬਾਰਾਂਦਰੀ ਬਟਾਲਾ, ਸੁੱਕੇ ਤਲਾਬ ਵਾਂਗ ਸੁੱਕੇ ਨਸੀਬ……

BATALA/ GURDASPUR (ਇੰਦਰਜੀਤ ਸਿੰਘ ਬਾਜਵਾ)ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਸਿੱਖ ਰਾਜ ਦੇ ਉਹ ਸ਼ਕਤੀਸ਼ਾਲੀ ਮਹਾਂਰਾਜੇ ਹੋਏ ਹਨ ਜਿਨ੍ਹਾਂ ਦੇ ਸਮੇਂ ਦੌਰਾਨ ਕਿਸੇ ਵੀ ਵਿਦੇਸ਼ੀ ਧਾੜਵੀ ਨੇ ਖਾਲਸਾ ਰਾਜ ਵੱਲ ਮੂੰਹ ਨਹੀਂ ਕੀਤਾ। ਕਹਿੰਦੇ ਹਨ ਕਿ ਮਹਾਂਰਾਜਾ ਰਣਜੀਤ ਸਿੰਘ ਏਨੇ ਤਾਕਤਵਰ ਸਨ ਕਿ ਉਨ੍ਹਾਂ ਦੀ ਮੌਤ ਤੋਂ 10 ਸਾਲ ਬਾਅਦ ਤੱਕ ਉਨ੍ਹਾਂ ਦੀ ਮੜ੍ਹੀ ਹੀ ਰਾਜ ਕਰਦੀ ਰਹੀ ਅਤੇ ਅੰਗਰੇਜ਼ ਹਕੂਮਤ ਨੇ ਪੂਰਾ ਇੱਕ ਦਹਾਕਾ ਸਿੱਧੇ ਤੌਰ ’ਤੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਹਿੰਮਤ ਨਹੀਂ ਸੀ ਕੀਤੀ। ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਤੋਂ 10 ਸਾਲ ਬਾਅਦ ਸੰਨ 1849 ਵਿਚ ਜਦੋਂ ਅੰਗਰੇਜ਼ ਸਰਕਾਰ ਨੇ ਸਿੱਖ ਰਾਜ ਨੂੰ ਆਪਣੇ ਅਧੀਨ ਕੀਤਾ ਤਾਂ ਉਸ ਵੇਲੇ ਸਿੱਖ ਰਾਜ ਦੀ ਜੋ ਜੱਦੀ ਜਾਇਦਾਦ ਸੀ, ਨੂੰ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ। ਉਸ ਜਾਇਦਾਦ ਵਿਚ ਬਟਾਲਾ ਵਿਖੇ ਮਹਾਂਰਾਜਾ ਸ਼ੇਰ ਸਿੰਘ ਦੀ ਜਾਇਦਾਦ ਵੀ ਸ਼ਾਮਲ ਸੀ। 
ਬਟਾਲਾ ਸ਼ਹਿਰ ਜੋ ਕਿ ਖਾਲਸਾ ਰਾਜ ਦਾ ਹਿੱਸਾ ਰਿਹਾ ਹੈ ਅਤੇ ਇਸ ਸ਼ਹਿਰ ਵਿੱਚ ਮਹਾਂਰਾਜਾ ਰਣਜੀਤ ਸਿੰਘ ਤੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦਾ ਸ਼ਾਹੀ ਮਹਿਲ (ਅਨਾਰਕਲੀ) ਅਤੇ ਬਾਰਾਂਦਰੀ (ਜਲ ਮਹਿਲ) ਅੱਜ ਵੀ ਸਿੱਖ ਰਾਜ ਦੀ ਗਵਾਹੀ ਭਰਦੇੇ ਹਨ। ਬਟਾਲਾ ਸ਼ਹਿਰ ’ਚ ਸਿੱਖ ਰਾਜ ਦੀਆਂ ਵਿਰਾਸਤਾਂ ਦੇ ਤਹਿਤ ਪਹਿਲੇ ਭਾਗ ਵਿੱਚ ਮਹਾਂਰਾਜਾ ਸ਼ੇਰ ਸਿੰਘ ਦੇ ਸ਼ਾਹੀ ਮਹਿਲ ਦਾ ਜਿਕਰ ਕੀਤਾ ਗਿਆ ਸੀ ਅਤੇ ਇਸ ਦੂਜੇ ਭਾਗ ਵਿੱਚ ਮਹਾਂਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ (ਅਨਾਰਕਲੀ) ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਸਿੱਖ ਰਾਜ ਦੀ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਹੈ। ਤਲਾਬ ਵਿਚ ਬਣੀ ਬਾਰਾਂਦਰੀ ਨੂੰ ਜਲ ਮਹਿਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਸਮੇਂ ਇਹ ਬਾਰਾਂਦਾਰੀ ਆਰਕਾਲੋਜੀ ਸਰਵੇ ਆਫ ਇੰਡੀਆ (ਪੁਰਾਤੱਤਵ ਵਿਭਾਗ) ਦੇ ਅਧਿਕਾਰ ਖੇਤਰ ਅਧੀਨ ਹੈ। ਪੁਰਾਤੱਤਵ ਵਿਭਾਗ ਵੱਲੋਂ ਪਿਛਲੇ ਸਮੇਂ ਇਸ ਦੀ ਸਾਂਭ-ਸੰਭਾਲ ਲਈ ਮੁਰੰਮਤ ਕੀਤੀ ਗਈ ਹੈ। ਕਹਿੰਦੇ ਹਨ ਕਿ ਬਾਦਸ਼ਾਹ ਅਕਬਰ ਦੇ ਫੌਜਦਾਰ ਸ਼ਮਸ਼ੇਰ ਖਾਨ ਵੱਲੋਂ ਬਣਵਾਏ ਗਏ ਤਲਾਬ ਵਿਚ ਮਹਾਰਾਜਾ ਸ਼ੇਰ ਸਿੰਘ ਨੇ ਬਾਰਾਂਦਰੀ ਬਣਵਾਈ ਸੀ। ਮਹਾਰਾਜਾ ਸ਼ੇਰ ਸਿੰਘ ਆਪਣੇ ਦਰਬਾਰੀਆਂ ਨਾਲ ਮੀਟਿੰਗ ਕਰਨ ਸਮੇਂ ਬਾਰਾਂਦਰੀ ਦੀ ਵਰਤੋਂ ਕਰਦੇ ਹੁੰਦੇ ਸਨ। ਤਲਾਬ ਵਿਚ ਬਣੀ ਬਾਰਾਂਦਰੀ ਦੋ ਮੰਜਿਲਾ ਹੈ। ਹੇਠਲੀ ਮੰਜਿਲ ਦੇ ਅੱਠ ਅਤੇ ਉਪਰਲੀ ਮੰਜਿਲ ਦੇ ਚਾਰ ਦਰਵਾਜ਼ੇ ਹਨ। ਇਸ ਦੇ ਅੰਦਰ ਦੀਵਾਰਾਂ ਤੇ ਸ਼ੀਸ਼ੇ ਦੀ ਸੁੰਦਰ ਮੀਨਾਕਾਰੀ ਨਾਲ ਰੰਗਦਾਰ ਚਿੱਤਰ ਬਣੇ ਹੋਏ ਸਨ ਪਰ ਸਮਾਂ ਬੀਤ ਜਾਣ ਤੇ ਸਾਂਭ-ਸੰਭਾਲ ਨਾ ਹੋਣ ਕਾਰਨ ਦੀਵਾਰਾਂ `ਤੇ ਰੰਗ-ਚਿੱਤਰ ਤੇ ਮੀਨਾਕਾਰੀ ਅਲੋਪ ਹੋ ਚੁੱਕੀ ਹੈ। ਹੁਣ ਤਾਂ ਬਾਰਾਂਦਰੀ ਦੇ ਟੁੱਟੇ ਛੱਜਿਆਂ ਦੇ ਨੇੜੇ ਸਿੱਖ ਰਾਜ ਸਮੇਂ ਹੋਈ ਮੀਨਾਕਾਰੀ ਦੇ ਕੁਝ ਕੁ ਅੰਸ਼ ਹੀ ਦਿਖਾਈ ਦਿੰਦੇ ਹਨ। ਪੁਰਾਤੱਤਵ ਵਿਭਾਗ ਵੱਲੋਂ ਬਾਰਾਂਦਰੀ ਦੀ ਮਹਿਰਾਬਦਾਰ ਛੱਤ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਤਲਾਬ ਦੀਆਂ ਪੌੜੀਆਂ ਦੀ ਮੁਰੰਮਤ ਕੀਤੀ ਗਈ ਹੈ। ਇਹ ਤਲਾਬ ਪਿਛਲੇ ਲੰਮੇ ਸਮੇਂ ਤੋਂ ਸੁੱਕਿਆ ਹੋਇਆ ਹੈ ਅਤੇ ਇਸ ਵਿੱਚ ਭੰਗ-ਬੂਟੀ ਉੱਘੀ ਹੋਈ ਹੈ।

ਸ਼ਇਦ ਬਹੁਤੇ ਲੋਕਾਂ ਨੂੰ ਪਤਾ ਨਾ ਹੋਵੇ ਕਿ ਬਾਰਾਂਦਰੀ ਦੇ ਕਈ ਏਕੜ ਰਕਬੇ ਦੇ ਤਲਾਬ ਨੂੰ ਪਾਣੀ ਨਾਲ ਕਿਵੇਂ ਭਰਿਆ ਜਾਂਦਾ ਹੋਵੇਗਾ ਕਿਉਂਕਿ ਉਸ ਸਮੇਂ ਅੱਜ ਵਾਂਗ ਟਿਊਬਵੈੱਲ ਨਹੀਂ ਸਨ। ਬਾਰਾਂਦਰੀ ਦੇ ਚੜ੍ਹਦੇ ਪਾਸੇ (ਬੇਰਿੰਗ ਕਾਲਜ ਦੇ ਅੰਦਰ) ਜਿਧਰ ਮਹਾਂਰਾਜਾ ਸ਼ੇਰ ਸਿੰਘ ਦਾ ਸ਼ਾਹੀ ਮਹੱਲ ਹੈ ਉਸ ਤੋਂ ਕੁਝ ਦੂਰੀ ਤੋਂ ਇੱਕ ਛੋਟੀ ਜਿਹੀ ਨਹਿਰ ਬਾਰਾਂਦਰੀ ਦੇ ਤਲਾਬ ਵੱਲ ਆਉਂਦੀ ਹੈ। ਇਹ ਨਹਿਰ ਸੁਭਾਸ਼ ਪਾਰਕ ਦੇ ਦੱਖਣ ਵਾਲੇ ਪਾਸੇ ਕੋਲੋਂ ਲੰਘਦੀ ਹੋਈ ਬੇਰਿੰਗ ਸਕੂਲ ਵਿਚੋਂ ਦੀ ਹੰਸਲੀ ਨਾਲੇ (ਕਸੂਰ ਨਾਲਾ) ਨਾਲ ਜਾ ਜੁੜਦੀ ਸੀ। ਇਸ ਨਹਿਰ ਰਾਹੀਂ ਹੰਸਲੀ ਨਾਲੇ ਦਾ ਪਾਣੀ ਬਾਰਾਂਦਰੀ ਦਾ ਤਲਾਬ ਭਰਨ ਲਈ ਵਰਤਿਆ ਜਾਂਦਾ ਸੀ। ਸਬੂਤ ਵਜੋਂ ਅੱਜ ਵੀ ਬਾਰਾਂਦਰੀ ਤੋਂ ਸੁਭਾਸ਼ ਪਾਰਕ ਦੇ ਨਾਲ ਇੱਕ ਛੋਟੀ ਜਿਹੀ ਨਹਿਰ ਜੋ ਅੱਗੇ ਜਾ ਕੇ ਬੇਰਿੰਗ ਸਕੂਲ ਵਿੱਚ ਵੀ ਹੈ ਦੇਖੀ ਜਾ ਸਕਦੀ ਹੈ। ਬੇਰਿੰਗ ਸਕੂਲ ਵਿੱਚ ਇਸ ਨਹਿਰ ਉੱਪਰ ਇੱਕ ਪੁੱਲ ਵੀ ਬਣਿਆ ਹੋਇਆ ਹੈ ਜੋ ਕਾਲਜ ਤੇ ਸਕੂਲ ਨੂੰ ਆਪਸ ਵਿੱਚ ਜੋੜਦਾ ਹੈ।
ਮਹਾਂਰਾਜਾ ਸ਼ੇਰ ਸਿੰਘ ਆਪਣੇ ਸ਼ਾਹੀ ਮਹਿਲ ਤੋਂ ਇਸ ਨਹਿਰ ਰਾਹੀਂ ਜਲ ਮਹਿਲ ਤੱਕ ਜਾਣ ਲਈ ਬੇੜੀ ਦੀ ਵਰਤੋਂ ਕਰਿਆ ਕਰਦੇ ਸਨ। ਆਪਣੇ ਸ਼ਾਹੀ ਮਹਿਲ ਦੇ ਬਾਹਰ ਮਹਾਂਰਾਜਾ ਸ਼ੇਰ ਸਿੰਘ ਆਪਣਾ ਦਰਬਾਰ ਲਗਾਉਂਦੇ ਸਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਸਨ। ਜੇਕਰ ਅਸੀਂ ਕਰੀਬ ਪੌਣੇ ਦੋ ਸਦੀਆਂ ਪਿਛੇ ਝਾਤ ਮਾਰੀਏ ਤਾਂ ਉਸ ਸਮੇਂ ਬਟਾਲਾ ਸ਼ਹਿਰ ਜੋ ਲਹੌਰ ਦਰਬਾਰ ਦੇ ਸਭ ਤੋਂ ਤਾਕਤਵਰ ਅਤੇ ਖੂਬਸੂਰਤ ਸ਼ਹਿਰਾਂ ਵਿਚੋਂ ਇੱਕ ਸੀ। ਮਹਾਂਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਵਲੋਂ ਇਸ ਸ਼ਹਿਰ ਵਿੱਚ ਆਪਣੀ ਰਿਹਾਇਸ਼ ਬਣਾਉਣੀ ਅਤੇ ਖੂਬਸੂਰਤ ਬਾਰਾਂਦਰੀ ਦਾ ਨਿਰਮਾਣ ਕਰਨਾ ਇਹ ਦਰਸਾਉਂਦਾ ਹੈ ਕਿ ਸਿੱਖ ਰਾਜ ਉਸ ਸਮੇਂ ਪੂਰੀ ਤਰਾਂ ਖੁਸ਼ਹਾਲ ਅਤੇ ਚੜ੍ਹਦੀਕਲਾ ਵਿੱਚ ਸੀ।
ਇਸ ਸਮੇਂ ਬਟਾਲਾ ਸ਼ਹਿਰ ਵਿੱਚ ਸਿੱਖ ਰਾਜ ਦੀਆਂ ਇਹ ਨਿਸ਼ਾਨੀਆਂ ਆਪਣੀ ਹੀ ਕੌਮ ਦੀ ਬੇਰੁੱਖੀ ਕਾਰਨ ਖਤਮ ਹੋਣ ਦੇ ਕਿਨਾਰੇ ਹਨ। ਬਾਰਾਂਦਰੀ ਦੀ ਰਾਖੀ ਤੇ ਸੰਭਾਲ ਭਾਂਵੇ ਆਰਕਾਲੋਜੀ ਸਰਵੇ ਆਫ ਇੰਡੀਆ (ਪੁਰਾਤੱਤਵ ਵਿਭਾਗ) ਕਰ ਰਿਹਾ ਹੈ ਪਰ ਬਾਰਾਂਦਰੀ ਆਪਣੇ ਸੁੱਕੇ ਤਲਾਬ ਵਿੱਚ ਲਾਵਾਰਿਸ ਹਾਲਤ ਵਿੱਚ ਖੜੀ ਆਪਣੇ ਆਪ ਵਿੱਚ ਪਾਣੀਓ-ਪਾਣੀ ਹੋ ਰਹੀ ਹੈ। ਇਸ ਕੌਮੀ ਯਾਦਗਾਰ ਨੂੰ ਆਮ ਲੋਕਾਂ ਦੇ ਦੇਖਣ ਲਈ ਨਾ ਖੋਲਣਾ ਬਹੁਤ ਅਫਸੋਸਨਾਕ ਹੈ। ਆਮ ਲੋਕਾਂ ਦੀ ਇਥੇ ਪਹੁੰਚ ਨਾ ਹੋਣ ਕਾਰਨ ਲੋਕ ਇਸ ਗੱਲ ਤੋਂ ਬਿਲਕੁਲ ਅਣਜਾਣ ਹਨ ਕਿ ਇਹ ਬਾਰਾਂਦਰੀ ਸਿੱਖ ਰਾਜ ਦੀ ਨਿਸ਼ਾਨੀ ਹੈ।
ਜਿਸ ਬਾਰਾਂਦਰੀ ਵਿੱਚ ਮਹਾਂਰਾਜਾ ਸ਼ੇਰ ਸਿੰਘ ਵਲੋਂ ਆਪਣੇ ਦਰਬਾਰੀਆਂ ਨਾਲ ਬੈਠ ਕੇ ਵੱਡੇ-ਵੱਡੇ ਰਾਜਸੀ ਫੈਸਲੇ ਕੀਤੇ ਜਾਂਦੇ ਸਨ, ਉਸ ਬਾਰਾਂਦਰੀ ਦੀਆਂ ਕੰਧਾਂ ਦੇ ਨਾਲ ਲੱਗ ਹੁਣ ਅਮਲੀ ਨਸ਼ਾ ਕਰਨ ਦੀਆਂ ਵਿਉਂਤਾਂ ਘੜ੍ਹਦੇ ਦੇਖੇ ਜਾ ਸਕਦੇ ਹਨ। ਬਟਾਲਾ ਸ਼ਹਿਰ ਆਪਣੀ ਹੋਂਦ ਤੋਂ ਹੀ ਇਤਿਹਾਸ ਵਿੱਚ ਆਪਣਾ ਅਹਿਮ ਸਥਾਨ ਰੱਖਦਾ ਰਿਹਾ ਹੈ। ਸਮਾਂ ਬੀਤਣ ਨਾਲ ਇਸ ਸ਼ਹਿਰ ਦਾ ਗੌਰਵਮਈ ਇਤਿਹਾਸ ਸਮੇਂ ਦੀਆਂ ਪਰਤਾਂ ਹੇਠ ਦੱਬਦਾ ਚਲਾ ਗਿਆ, ਜਿਸ ਕਾਰਨ ਅੱਜ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਅਲੋਪ ਹੋ ਗਈਆਂ ਹਨ ਅਤੇ ਕਈਆਂ ਨੂੰ ਜਾਣ-ਬੁੱਝ ਕੇ ਅਲੋਪ ਕਰ ਦਿੱਤਾ ਗਿਆ ਹੈ।

Advertisements


ਆਰਕਾਲੋਜੀ ਸਰਵੇ ਆਫ ਇੰਡੀਆ (ਪੁਰਾਤੱਤਵ ਵਿਭਾਗ) ਨੂੰ ਚਾਹੀਦਾ ਹੈ ਕਿ ਬਾਰਾਂਦਰੀ ਸਮੇਤ ਹੋਰ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੂੰ ਫਿਰ ਉਸਦੇ ਅਸਲੀ ਰੂਪ ਵਿਚ ਲਿਆਂਦਾ ਜਾਵੇ। ਜੇਕਰ ਹੋ ਸਕੇ ਤਾਂ ਬਾਰਾਂਦਰੀ ਵਿੱਚ ਦੁਬਾਰਾ ਪਾਣੀ ਭਰਨ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਜੇਕਰ ਇਹ ਸੰਭਵ ਨਹੀਂ ਹੈ ਤਾਂ ਤਲਾਬ ਦੇ ਮੈਦਾਨ ਵਿੱਚ ਖੂਬਸੂਰਤ ਪਾਰਕ ਬਣਾ ਕੇ ਉਸਨੂੰ ਆਮ ਲੋਕਾਂ ਲਈ ਖੋਲ੍ਹ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਮਹਾਂਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਅਤੇ ਸ਼ਾਹੀ ਮਹਿਲ ਦੀ ਜਾਣਕਾਰੀ ਦਿੰਦੇ ਵੱਡ-ਅਕਾਰੀ ਬੋਰਡ ਲਗਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਾਨਾ-ਮੱਤੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਸਿੱਖ ਸੰਸਥਾਵਾਂ ਅਤੇ ਸੰਗਤਾਂ ਨੂੰ ਵੀ ਅਪੀਲ ਹੈ ਕਿ ਉਹ ਸਿੱਖ ਰਾਜ ਦੀਆਂ ਏਨਾਂ ਬੇਸ਼ਕੀਮਤੀ ਵਿਰਾਸਤਾਂ ਨੂੰ ਸਾਂਭਣ ਲਈ ਅੱਗੇ ਆਉਣ। ਇਤਿਹਾਸ ਗਵਾਹ ਹੈ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਨਹੀਂ ਸੰਭਾਲਦੀਆਂ ਫਿਰ ਸਮਾਂ ਵੀ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੰਦਾ। ਆਓ ਆਪਣੀਆਂ ਜੜ੍ਹਾਂ ਤੇ ਵਿਰਸੇ ਨਾਲ ਜੁੜ ਕੇ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋਈਏ।

Advertisements

– ਇੰਦਰਜੀਤ ਸਿੰਘ ਬਾਜਵਾ,
ਪਿੰਡ ਹਰਪੁਰਾ,
ਤਹਿਸੀਲ ਬਟਾਲਾ (ਗੁਰਦਾਸਪੁਰ)
 98155-77574

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply