ARTICLE ON MAHARAJA RANJIT SINGH : ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਬਣਾਉਣ ਵਾਲੀ ਦਲੇਰ ਸਿੱਖ ਔਰਤ ਸਦਾ ਕੌਰ 

ਬਟਾਲੇ ਤੋਂ ਲਾਹੌਰ ਤੱਕ ਫ਼ਤਿਹ ਦੀ ਲਲਕਾਰ……
ਬਟਾਲਾ (SHARMA,Nyyar )
ਰਾਣੀ ਸਦਾ ਕੌਰ ਦਾ ਨਾਮ ਸਿੱਖ ਇਤਿਹਾਸ ਵਿੱਚ ਦਲੇਰ ਔਰਤਾਂ ਵਜੋਂ ਜਾਣਿਆ ਜਾਂਦਾ ਹੈ। ਉਸਨੂੰ ਸਿੱਖ ਇਤਿਹਾਸ ਦੀ ਪਹਿਲੀ ਪ੍ਰਸ਼ਾਸਕ ਹੋਣ ਦਾ ਮਾਣ ਵੀ ਹਾਸਲ ਹੈ। ਸਦਾ ਕੌਰ ਉਹ ਬਹਾਦਰ ਔਰਤ ਸੀ ਜਿਸਨੇ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਬਣਾਉਣ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਰਾਣੀ ਸਦਾ ਕੌਰ ਕਨ੍ਹਈਆ ਮਿਸਲ ਦੀ ਮੁੱਖੀ ਸੀ ਅਤੇ ਰਿਸ਼ਤੇ ਵਜੋਂ ਉਹ ਮਹਾਂਰਾਜਾ ਰਣਜੀਤ ਸਿੰਘ ਦੀ ਸੱਸ, ਮਹਾਂਰਾਣੀ ਮਹਿਤਾਬ ਕੌਰ ਦੀ ਮਾਂ ਅਤੇ ਮਹਾਂਰਾਜਾ ਸ਼ੇਰ ਸਿੰਘ ਦੇ ਨਾਨੀ ਲੱਗਦੇ ਸਨ। ਰਾਣੀ ਸਦਾ ਕੌਰ ਅਤੇ ਉਸਦੀ ਕਨ੍ਹਈਆ ਮਿਸਲ ਦਾ ਬਟਾਲਾ ਸ਼ਹਿਰ ਉੱਪਰ ਲੰਮਾ ਸਮਾਂ ਰਾਜ ਰਿਹਾ ਹੈ। ਬਟਾਲਾ ਸ਼ਹਿਰ ਵਿੱਚ ਅੱਜ ਵੀ ਕਨ੍ਹਈਆ ਮਿਸਲ ਦੇ ਰਾਜ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਸਦਾ ਕੌਰ ਦੇ ਰੂਪ ਵਿੱਚ ਬਟਾਲਾ ਤੋਂ ਉੱਠੀ ਜਿੱਤ ਦੀ ਲਲਕਾਰ ਜਦੋਂ ਲਾਹੌਰ ਤੱਕ ਪਹੁੰਚੀ ਤਾਂ ਇਸਨੇ ਸਾਰੇ ਖਿਤੇ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ।
ਦੁਨੀਆਂ ਦੇ ਸਭ ਤੋਂ ਤਾਕਤਵਰ ਸਾਮਰਾਜਾਂ ਵਿੱਚੋਂ ਇੱਕ ਮਹਾਂਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਸਥਾਪਤ ਕਰਨ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੀ ਦਲੇਰ ਔਰਤ ਸਦਾ ਕੌਰ ਤੋਂ ਭਾਂਵੇ ਬਹੁਤੇ ਲੋਕ ਅਣਜਾਣ ਹੋਣ ਪਰ ਜਦੋਂ ਵੀ ਅਸੀ ਇਤਿਹਾਸ ਦੇ ਪੱਤਰੇ ਫਰੋਲਦੇ ਹਾਂ ਤਾਂ ਰਾਣੀ ਸਦਾ ਕੌਰ ਦੇ ਬਹਾਦਰੀ ਭਰੇ ਕਾਰਨਾਮੇ ਉਸ ਨੂੰ ਬਹੁਤ ਉੱਚਾ ਸਥਾਨ ਦਿੰਦੇ ਹਨ। ਰਾਣੀ ਸਦਾ ਕੌਰ ਦੇ ਸਮੇਂ ਬਟਾਲਾ ਸ਼ਹਿਰ ਜਿਥੇ ਦੁਸ਼ਮਣਾਂ ਦੇ ਹਮਲਿਆਂ ਤੋਂ ਬਚਿਆ ਰਿਹਾ ਅਤੇ ਅਮਨ-ਸ਼ਾਂਤੀ ਕਾਇਮ ਹੋਣ ਕਾਰਨ ਇਸ ਸ਼ਹਿਰ ਨੇ ਤਰੱਕੀ ਤੇ ਖੁਸ਼ਹਾਲੀ ਵੀ ਹਾਸਲ ਕੀਤੀ।
ਰਾਣੀ ਸਦਾ ਕੌਰ ਦਾ ਜਨਮ 1762 ਨੂੰ ਫਿਰੋਜ਼ਪੁਰ ਵਿੱਚ ਸਰਦਾਰ ਦਸੌਂਧਾ ਸਿੰਘ ਗਿੱਲ ਦੇ ਘਰ ਹੋਇਆ ਸੀ। ਸਦਾ ਕੌਰ ਦਾ ਪਿੰਡ ਰਾਉਕੇ (ਹੁਣ ਮੋਗਾ ਜ਼ਿਲ੍ਹਾ) ਸੀ। ਉਸ ਦਾ ਪਿਤਾ ਰਾਉਕਿਆਂ ਦਾ ਇੱਕ ਤਕੜਾ ਸਰਦਾਰ ਸੀ। ਸਰਦਾਰਨੀ ਸਦਾ ਕੌਰ ਦਾ ਵਿਆਹ ਕਨ੍ਹਈਆ ਮਿਸਲ ਦੇ ਮਿਸਲਦਾਰ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ ਨਾਲ ਹੋਇਆ। ਗੁਰਬਖਸ਼ ਸਿੰਘ ਦੀ ਵਿਆਹ ਵੇਲੇ ਉਮਰ ਨੌਂ ਸਾਲ ਸੀ ਅਤੇ ਸਦਾ ਕੌਰ ਵੀ ਉਦੋਂ ਨਿਆਣੀ ਹੀ ਸੀ। ਕਨ੍ਹਈਆ ਮਿਸਲ ਉਸ ਸਮੇਂ ਤਾਕਤਵਰ ਮਿਸਲਾਂ ਵਿਚੋਂ ਇੱਕ ਸੀ ਅਤੇ ਕਨ੍ਹਈਆ ਮਿਸਲ ਦੀ ਰਾਮਗੜ੍ਹੀਆ ਮਿਸਲ ਅਤੇ ਸ਼ੁਕਰਚੱਕੀਆ ਮਿਸਲ ਨਾਲ ਇਲਾਕਿਆਂ ਉਪਰ ਕਬਜ਼ੇ ਨੂੰ ਲੈ ਕੇ ਦੁਸ਼ਮਣੀ ਸੀ। ਕਨ੍ਹਈਆ ਮਿਸਲ ਮਾਝੇ ਦੇ ਸਭ ਤੋਂ ਅਹਿਮ ਸ਼ਹਿਰ ਬਟਾਲਾ ਉੱਪਰ ਕਾਬਜ਼ ਸੀ। ਸੰਨ 1784 ਨੂੰ ਰਾਮਗੜ੍ਹੀਆ ਮਿਸਲ ਦੇ ਮੁਖੀ ਜੱਸਾ ਸਿੰਘ ਰਾਮਗੜ੍ਹੀਆ ਅਤੇ ਸ਼ੁਕਰਚੱਕੀਆ ਮਿਸਲ ਦੇ ਮੁਖੀ ਮਹਾਂ ਸਿੰਘ ਨੇ ਕਨ੍ਹਈਆ ਮਿਸਲ ਉਪੱਰ ਹਮਲਾ ਕਰ ਦਿੱਤਾ। ਕਨ੍ਹਈਆ ਮਿਸਲ ਦਾ ਮੁਖੀ ਉਸ ਸਮੇਂ ਜੈ ਸਿੰਘ ਸੀ ਅਤੇ ਜੈ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਗੁਰਬਖਸ਼ ਸਿੰਘ ਜੋ ਕਿ ਸਦਾ ਕੌਰ ਦਾ ਪਤੀ ਸੀ ਨੂੰ ਰਾਮਗੜ੍ਹੀਆ ਅਤੇ ਸ਼ੁਕਰਚੱਕੀਆ ਮਿਸਲ ਨਾਲ ਟਾਕਰਾ ਕਰਨ ਲਈ ਮੈਦਾਨ ਵਿੱਚ ਭੇਜਿਆ। ਉਸ ਸਮੇਂ ਗੁਰਬਖਸ਼ ਸਿੰਘ ਦੀ ਉਮਰ 25 ਕੁ ਸਾਲ ਦੀ ਸੀ ਅਤੇ ਅੱਚਲ ਸਾਹਿਬ ਨੇੜੇ ਜਾਹਦਪੁਰ ਸੇਖਵਾਂ ਪਿੰਡ ਨਜ਼ਦੀਕ ਹੋਈ ਲੜ੍ਹਾਈ ਵਿੱਚ ਕਨ੍ਹਈਆ ਮਿਸਲ ਦਾ ਸਰਦਾਰ ਗੁਰਬਖਸ਼ ਸਿੰਘ ਮਾਰਿਆ ਜਾਂਦਾ ਹੈ। ਜਦੋਂ ਜੈ ਸਿੰਘ ਅਤੇ ਸਦਾ ਕੌਰ ਨੂੰ ਬਟਾਲਾ ਵਿਖੇ ਇਹ ਦੁਖਦ ਖਬਰ ਮਿਲਦੀ ਹੈ ਤਾਂ ਕਹਿੰਦੇ ਹਨ ਕਿ ਸਦਾ ਕੌਰ ਤਲਵਾਰ ਲੈ ਕੇ ਘੋੜੇ ਉਪਰ ਸਵਾਰ ਹੋ ਕੇ ਖੁਦ ਜੰਗ ਦੇ ਮੈਦਾਨ ਵਿੱਚ ਚਲੀ ਜਾਂਦੀ ਹੈ। ਸਦਾ ਕੌਰ ਜੰਗ ਦੇ ਮੈਦਾਨ ਵਿਚ ਬੜੀ ਬਹਾਦਰੀ ਨਾਲ ਲੜ੍ਹਦੀ ਹੈ ਅਤੇ ਆਪਣੀ ਪਤੀ ਗੁਰਬਖਸ਼ ਸਿੰਘ ਦੀ ਲਾਸ਼ ਨੂੰ ਬਟਾਲੇ ਲੈ ਆਉਂਦੀ ਹੈ। ਬਟਾਲਾ ਸ਼ਹਿਰ ਦੇ ਉੱਤਰ ਵਾਲੇ ਪਾਸੇ ਸ਼ੇਰਾਂ ਵਾਲੇ ਦਰਵਾਜੇ ਤੋਂ ਬਾਹਰ ਹੰਸਲੀ ਨਾਲਾ ਪਾਰ ਕਰਕੇ ਉਸਦੇ ਕੰਢੇ ਹੀ ਗੁਰਬਖਸ਼ ਸਿੰਘ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ। ਉਸ ਦਿਨ ਸਾਰੇ ਬਟਾਲਾ ਸ਼ਹਿਰ ਵਿੱਚ ਆਪਣੇ ਸਰਦਾਰ ਦੇ ਅਕਾਲ ਚਲਾਣੇ ਦਾ ਸੋਗ ਮਨਾਇਆ ਜਾਂਦਾ ਹੈ। ਸਦਾ ਕੌਰ ਨੇ ਹੰਸਲੀ ਨਾਲੇ ਦੇ ਕੰਢੇ (ਜਿਥੇ ਅੱਜ-ਕੱਲ ਭੂਤ ਨਾਥ ਦਾ ਮੰਦਰ ਹੈ) ਗੁਰਬਖਸ਼ ਸਿੰਘ ਦੀ ਸਮਾਧ ਬਣਾ ਦਿੱਤੀ। ਨਾਨਕਸ਼ਾਹੀ ਇੱਟ ਨਾਲ ਬਣੀ ਇਹ ਸਮਾਧ ਅੱਜ ਵੀ ਹੰਸਲੀ ਨਾਲੇ ਦੇ ਕੰਢੇ ਮੌਜੂਦ ਹੈ ਪਰ ਕਿਸੇ ਨੂੰ ਪਤਾ ਨਾ ਹੋਣ ਕਾਰਨ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈ। ਇਹ ਸਮਾਧ ਘਾਹ-ਬੂਟੀ ਵਿੱਚ ਗਵਾਚੀ ਅੱਜ ਵੀ ਕੌਮ ਨੂੰ ਮਿਹਣਾ ਦੇ ਰਹੀ ਹੈ ਕਿ ਉਨ੍ਹਾਂ ਨੇ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਉਸ ਵਾਂਗ ਹੀ ਰੋਲ ਦਿੱਤਾ ਹੈ।
ਸਰਦਾਰਨੀ ਸਦਾ ਕੌਰ ਜਵਾਨ ਉਮਰੇ ਵਿਧਵਾ ਹੋ ਗਈ। ਉਸ ਸਮੇਂ ਉਸਦੀ ਇੱਕ ਧੀ ਸੀ ਮਹਿਤਾਬ ਕੌਰ ਸੀ। ਕਨ੍ਹਈਆ ਮਿਸਲ ਨੇ ਸ਼ੁਕਰਚੱਕੀਆ ਮਿਸਲ ਨਾਲ ਝਗੜਾ ਖਤਮ ਕਰਨ ਦੀ ਸੋਚੀ। ਕਨ੍ਹਈਆ ਮਿਸਲ ਦੇ ਮੁਖੀ ਜੈ ਸਿੰਘ ਅਤੇ ਉਸਦੀ ਨੂੰਹ ਸਦਾ ਕੌਰ ਨੇ ਆਪਣੀ ਧੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤਾ। ਸੰਨ 1785 ਵਿੱਚ ਰਣਜੀਤ ਸਿੰਘ ਦੀ ਉਮਰ ਕੇਵਲ ਪੰਜ ਸਾਲ ਸੀ ਅਤੇ ਉਹ ਬਟਾਲਾ ਵਿਖੇ ਮਹਿਤਾਬ ਕੌਰ ਨੂੰ ਵਿਆਹੁਣ ਆਏ ਸਨ। ਰਣਜੀਤ ਸਿੰਘ ਦਾ ਮਹਿਤਾਬ ਕੌਰ ਨਾਲ ਵਿਆਹ ਹੋਣ ਨਾਲ ਦੋਵਾਂ ਮਿਸਲਾਂ ਦੀ ਦੁਸ਼ਮਣੀ ਰਿਸ਼ਤੇਦਾਰੀ ਵਿੱਚ ਬਦਲ ਜਾਂਦੀ ਹੈ।
ਸੰਨ 1789 ਵਿਚ ਕਨ੍ਹਈਆ ਮਿਸਲ ਦੇ ਮੁਖੀ ਜੈ ਸਿੰਘ ਦਾ 81 ਸਾਲ ਦੀ ਉਮਰ ਵਿੱਚ ਬਟਾਲਾ ਵਿਖੇ ਦੇਹਾਂਤ ਹੋ ਜਾਂਦਾ ਹੈ। ਆਪਣੇ ਸੁਹਰੇ ਦੀ ਮੌਤ ਤੋਂ ਬਾਅਦ ਸਦਾ ਕੌਰ ਕਨ੍ਹਈਆ ਮਿਸਲ ਦੀ ਮੁਖੀ ਬਣ ਜਾਂਦੀ ਹੈ। ਉਸ ਸਮੇਂ ਕਨ੍ਹਈਆ ਮਿਸਲ ਕੋਲ 8000 ਦੇ ਕਰੀਬ ਤਾਕਤਵਰ ਘੋੜ ਸਵਾਰ ਫੌਜ ਸੀ, ਜਿਸਦੀ ਉਹ ਕਮਾਂਡਰ ਬਣ ਜਾਂਦੀ ਹੈ। ਓਧਰ ਸੰਨ 1790 ਵਿੱਚ ਸ਼ੁਕਰਚੱਕੀਆ ਮਿਸਲ ਦੇ ਮੁਖੀ ਅਤੇ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦਾ ਦੇਹਾਂਤ ਹੋ ਜਾਂਦਾ ਹੈ। ਉਸ ਸਮੇਂ ਰਣਜੀਤ ਸਿੰਘ ਦੀ ਉਮਰ ਮਹਿਜ 10 ਸਾਲ ਦੀ ਸੀ। ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਮੁਖੀ ਬਣ ਜਾਂਦਾ ਹੈ। ਸਦਾ ਕੌਰ ਜੋ ਕਿ ਕਨ੍ਹਈਆ ਮਿਸਲ ਦੀ ਮੁਖੀ ਹੁੰਦੀ ਹੈ ਆਪਣੇ ਜਵਾਈ ਰਣਜੀਤ ਸਿੰਘ ਦੀ ਵੀ ਸਰਪਰਸਤ ਬਣ ਜਾਂਦੀ ਹੈ, ਜਿਸਤੋਂ ਬਾਅਦ ਸਦਾ ਕੌਰ ਦੇ ਹੱਥਾਂ ਵਿੱਚ ਕਨ੍ਹਈਆ ਮਿਸਲ ਦੇ ਨਾਲ ਸ਼ੁਕਰਚੱਕੀਆ ਮਿਸਲ ਦਾ ਕੰਟਰੋਲ ਵੀ ਆ ਜਾਂਦਾ ਹੈ।
ਸਦਾ ਕੌਰ ਬੜੀ ਬਹਾਦਰ ਅਤੇ ਪ੍ਰਗਤੀਸ਼ੀਲ ਸੋਚ ਵਾਲੀ ਔਰਤ ਸੀ ਅਤੇ ਉਸਨੇ ਬੜੀ ਸਿਆਣਪ ਤੇ ਬਹਾਦਰੀ ਨਾਲ ਕਨ੍ਹਈਆ ਤੇ ਸ਼ੁਕਰਚੱਕੀਆ ਮਿਸਲਾਂ ਨੂੰ ਰਣਜੀਤ ਸਿੰਘ ਦੀ ਸੱਤਾ ਨੂੰ ਅੱਗੇ ਵਧਾਉਣ ਲਈ ਵਰਤਿਆ। 1796 ਵਿੱਚ ਅਫ਼ਗ਼ਾਨਿਸਤਾਨ ਦੇ ਸ਼ਾਹ ਜ਼ਮਾਨ ਨੇ 30000 ਫ਼ੌਜ ਨਾਲ਼ ਪੰਜਾਬ ਤੇ ਹੱਲਾ ਬੋਲ ਦਿੱਤਾ। ਕੋਈ ਉਨ੍ਹਾਂ ਦੇ ਰਸਤੇ ਵਿੱਚ ਖੜ੍ਹਾ ਨਹੀਂ ਹੋਇਆ ਪਰ ਰਾਣੀ ਸਦਾ ਕੌਰ ਉਸਦੇ ਰਸਤੇ ਵਿੱਚ ਚਟਾਨ ਬਣ ਕੇ ਖੜੀ ਹੋ ਗਈ। ਉਸਨੇ ਆਪਣੇ 16 ਸਾਲਾ ਜਵਾਈ ਰਣਜੀਤ ਸਿੰਘ ਨਾਲ ਰਲ ਕੇ ਅਫ਼ਗਾਨੀਆਂ ਦਾ ਟਾਕਰਾ ਕੀਤਾ ਜਿਸ ਵਿਚ ਅਫ਼ਗਾਨੀਆਂ ਨੂੰ ਮੈਦਾਨ ਛੱਡ ਕੇ ਨੱਸਣਾ ਪਿਆ।
 ਇਸੇ ਸਮੇਂ ਦੌਰਾਨ ਭੰਗੀ ਮਿਸਲ ਦਾ ਲਾਹੌਰ ਉੱਪਰ ਕਬਜ਼ਾ ਸੀ। ਰਾਣੀ ਸਦਾ ਕੌਰ ਨੇ ਆਪਣੇ ਜਵਾਈ ਰਣਜੀਤ ਸਿੰਘ ਨੂੰ ਕਿਹਾ ਕਿ ਜਿਹੜਾ ਲਾਹੌਰ ਦਾ ਮਾਲਿਕ ਹੁੰਦਾ ਉਹ ਫਿਰ ਸਾਰੇ ਪੰਜਾਬ ਦਾ ਮਾਲਕ ਹੋ ਜਾਂਦਾ। ਸਦਾ ਕੌਰ ਨੇ ਰਣਜੀਤ ਸਿੰਘ ਨੂੰ ਨਾਲ ਲੈ ਸੰਨ 1799 ਨੂੰ ਲਾਹੌਰ ਉੱਪਰ ਹੱਲਾ ਬੋਲਿਆ ਅਤੇ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਰਾਣੀ ਸਦਾ ਕੌਰ ਨੇ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਂਰਾਜਾ ਬਣਾ ਦਿੱਤਾ। ਅੰਮ੍ਰਿਤਸਰ, ਚਨਿਓਟ, ਕਸੂਰ, ਅਟਕ ਅਤੇ ਹਜ਼ਾਰਾ ਦੀਆਂ ਲੜਾਈਆਂ ਸਮੇਂ ਸਦਾ ਕੌਰ ਰਣਜੀਤ ਸਿੰਘ ਨਾਲ ਸੀ ਅਤੇ ਉਸਨੇ ਖੁਦ ਬੜੀ ਬਹਾਦਰੀ ਨਾਲ ਇਹ ਸਾਰੀਆਂ ਜੰਗਾਂ ਲੜ੍ਹੀਆਂ। ਕਹਿੰਦੇ ਹਨ ਕਿ 1807 ਵਿੱਚ ਜਦੋਂ ਰਣਜੀਤ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਇਹ ਗੱਲ ਸਦਾ ਕੌਰ ਨੂੰ ਚੰਗੀ ਨਾ ਲੱਗੀ। ਉਸਦੇ ਮਹਾਂਰਾਜਾ ਰਣਜੀਤ ਸਿੰਘ ਨਾਲ ਰਿਸ਼ਤੇ ਟੁੱਟਣੇ ਸ਼ੁਰੂ ਹੋ ਗਏ ਅਤੇ ਉਹ ਫਿਰ ਆਪਣੀ ਮਿਸਲ ਦੇ ਦਮ ਉਪਰ ਰਾਜ ਕਰਨ ਦੀ ਸੋਚਣ ਲੱਗੀ। ਮਹਾਂਰਾਜਾ ਰਣਜੀਤ ਸਿੰਘ ਨੇ ਜਦੋਂ ਇਹ ਮਹਿਸੂਸ ਕੀਤਾ ਤਾਂ ਉਨ੍ਹਾਂ ਨੇ ਰਾਣੀ ਸਦਾ ਕੌਰ ਨੂੰ ਲਾਹੌਰ ਵਿਖੇ ਨਜ਼ਰਬੰਦ ਕਰ ਦਿੱਤਾ ਅਤੇ ਉਸਦੀ ਬਟਾਲਾ ਸਥਿਤ ਜਗੀਰ ਉਸਦੇ ਦੋਹਤਰੇ ਅਤੇ ਮਹਿਤਾਬ ਕੌਰ ਦੇ ਪੁੱਤਰ ਸ਼ੇਰ ਸਿੰਘ ਨੂੰ ਸੌਂਪ ਦਿੱਤੀ। ਮਜਬੂਤ ਖਾਲਸਾ ਰਾਜ ਕਾਇਮ ਕਰਨ ਵਿੱਚ ਆਪਣਾ ਯੋਗਦਾਨ ਦੇਣ ਵਾਲੀ ਰਾਣੀ ਸਦਾ ਕੌਰ ਦਾ ਸੰਨ 1832 ’ਚ ਲਹੌਰ ਵਿੱਚ ਦੇਹਾਂਤ ਹੋ ਗਿਆ।
 ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਦਾ ਰੁਤਬਾ ਦਿਵਾਉਣ ਵਾਲੀ ਦਲੇਰ ਔਰਤ ਸਦਾ ਕੌਰ ਭਾਂਵੇਂ ਕਰੀਬ 200 ਸਾਲ ਪਹਿਲਾਂ ਸਦਾ ਲਈ ਇਸ ਜਹਾਨ ਤੋਂ ਰੁਖਸਤ ਹੋ ਗਈ ਸੀ ਪਰ ਜੰਗ ਦੇ ਮੈਦਾਨ ਵਿੱਚ ਮਾਰੀਆਂ ਉਸਦੀਆਂ ਤੇਗਾਂ ਦੀ ਗੂੰਜ ਸਦਾ ਇਤਿਹਾਸ ਵਿੱਚ ਗੂੰਜਦੀ ਰਹੇਗੀ। ਬਟਾਲਾ ਵਾਸੀਆਂ ਨੂੰ ਆਪਣੀ ਰਾਣੀ ਸਦਾ ਕੌਰ ਉੱਪਰ ਮਾਣ ਹੈ ਜਿਸਨੇ ਬੜੀ ਬਹਾਦਰੀ ਨਾਲ ਮਜਬੂਤ ਸਿੱਖ ਰਾਜ ਕਾਇਮ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਆਓ ਬਟਾਲਾ ਵਿਖੇ ਰਾਣੀ ਸਦਾ ਕੌਰ ਦੇ ਰਾਜ ਦੀਆਂ ਨਿਸ਼ਾਨੀਆਂ ਨੂੰ ਸੰਭਾਲੀਏ ਅਤੇ ਨੌਜਵਾਨਾਂ ਨੂੰ ਇਸ ਬਾਰੇ ਦੱਸੀਏ।
– ਇੰਦਰਜੀਤ ਸਿੰਘ ਬਾਜਵਾ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply