Article – ਮਹਾਂਰਾਜਾ ਸ਼ੇਰ ਸਿੰਘ ਤੇ ਬਟਾਲਾ ਸ਼ਹਿਰ, ਨਾਨਕਿਆਂ ਵਿਸਾਰਿਆ ਦੋਹਤਾ…..

 ਬਟਾਲਾ(SHARMA,NYYAR)
ਸਿੱਖ ਇਤਿਹਾਸ ਵਿੱਚ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖਾਂ ਲਈ ਸੁਨਿਹਰੀ ਸਮਾਂ ਮੰਨਿਆ ਗਿਆ ਹੈ। ਜਦੋਂ ਕਦੀ ਵੀ ਲੋਕ ਪੱਖੀ ਨਿਯਾਮ ਦੀ ਗੱਲ ਚੱਲਦੀ ਹੈ ਤਾਂ ਉਸ ਸਮੇਂ ਮਹਾਂਰਾਜਾ ਰਣਜੀਤ ਸਿੰਘ ਦੇ ਹਲੀਮੀ ਰਾਜ ਦੀ ਉਦਾਹਰਨ ਅੱਜ ਵੀ ਦਿੱਤੀ ਜਾਂਦੀ ਹੈ। ਸ਼ੇਰ-ਏ-ਪੰਜਾਬ ਮਹਾਂਰਾਜਾ ਸਿੰਘ ਚਾਰ ਦਹਾਕੇ ਸਰਕਾਰ-ਏ-ਖਾਲਸਾ ਦੇ ਮੁੱਖੀ ਰਹੇ ਅਤੇ ਉਨ੍ਹਾਂ ਦੇ ਰਾਜ-ਭਾਗ ਦੌਰਾਨ ਖਾਲਸਾ ਰਾਜ ਦਾ ਬਹੁਤ ਸਾਰਾ ਵਿਸਥਾਰ ਅਤੇ ਤਰੱਕੀ ਹੋਈ। ਖਾਲਸਾ ਰਾਜ ਦੌਰਾਨ ਜਿਥੇ ਹੋਰ ਖਿੱਤਿਆਂ ਦਾ ਵਿਕਾਸ ਹੋਇਆ ਉਥੇ ਇਹ ਸਮਾਂ ਮਾਝੇ ਦੇ ਇਤਿਹਾਸਕ ਸ਼ਹਿਰ ਬਟਾਲਾ ਲਈ ਵੀ ਯਾਦਗਾਰੀ ਹੋ ਨਿਬੜਿਆ।
ਸਿੱਖ ਮਿਸਲਾਂ ਦੇ ਸਮੇਂ ਬਟਾਲਾ ਸ਼ਹਿਰ ਉੱਪਰ ਕਨ੍ਹਈਆ ਮਿਸਲ ਦਾ ਕਬਜ਼ਾ ਰਿਹਾ। ਪਹਿਲਾਂ ਕਨ੍ਹਈਆ ਮਿਸਲ ਦੇ ਮਿਸਲਦਾਰ ਸਰਦਾਰ ਜੈ ਸਿੰਘ ਅਤੇ ਉਸਤੋਂ ਬਾਅਦ ਲੰਮਾ ਸਮਾਂ ਸਰਦਾਰ ਜੈ ਸਿੰਘ ਦੀ ਨੂੰਹ ਅਤੇ ਗੁਰਬਖਸ਼ ਸਿੰਘ ਦੀ ਵਿਧਵਾ ਮਹਾਂਰਾਣੀ ਸਦਾ ਕੌਰ ਨੇ ਬਟਾਲਾ ਸ਼ਹਿਰ ਦੀ ਅਗਵਾਈ ਕੀਤੀ। ਇਸ ਸਮੇਂ ਦੌਰਾਨ ਕਨ੍ਹਈਆ ਮਿਸਲ ਨੇ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸਦੀ ਚਾਰਦਿਵਾਰੀ ਨੂੰ ਦੁਬਾਰਾ ਮਜਬੂਤ ਕੀਤਾ। ਮਹਾਂਰਾਣੀ ਸਦਾ ਕੌਰ ਦੇ ਰਾਜ ਅਧੀਨ ਬਟਾਲਾ ਉੱਪਰ ਕਿਸੇ ਵਿਰੋਧੀ ਦੀ ਕਬਜ਼ਾ ਕਰਨ ਦੀ ਹਿੰਮਤ ਨਹੀਂ ਹੋਈ। ਲੰਮਾ ਸਮਾਂ ਰਾਜਨੀਤਿਕ ਸਥਿਰਤਾ ਹੋਣ ਕਾਰਨ ਬਟਾਲਾ ਵਪਾਰ ਦਾ ਮੁੱਖ ਕੇਂਦਰ ਬਣ ਗਿਆ ਅਤੇ ਇਸ ਸਮੇਂ ਦੌਰਾਨ ਬਟਾਲਾ ਸ਼ਹਿਰ ਨੇ ਬਹੁਤ ਤਰੱਕੀ ਕੀਤੀ। ਸ਼ਹਿਰ ਦੇ ਅੰਦਰ ਬਹੁਤ ਖੂਬਸੂਰਤ ਇਮਾਰਤਾਂ ਦਾ ਨਿਰਮਾਣ ਹੋਇਆ ਜਿਨ੍ਹਾਂ ਵਿੱਚੋਂ ਅੱਜ ਵੀ ਗੁਰਦੁਆਰਾ ਡੇਹਰਾ ਸਾਹਿਬ ਕੋਲ ਸਿੱਖ ਰਾਜ ਸਮੇਂ ਦੀ ਬਣੀ ਇੱਕ ਇਮਾਰਤ ਜਿਸਦਾ ਨਾਮ ‘ਗੋਲ ਹਵੇਲੀ’  ਹੈ, ਦੇਖੀ ਜਾ ਸਕਦੀ ਹੈ।
ਇਸ ਤੋਂ ਬਾਅਦ ਜਦੋਂ ਮਹਾਂਰਾਜਾ ਰਣਜੀਤ ਸਿੰਘ ਵਲੋਂ ਜਦੋਂ ਆਪਣੇ ਪੁੱਤਰ ਅਤੇ ਮਹਾਂਰਾਣੀ ਸਦਾ ਕੌਰ ਦੇ ਦੋਹਤਰੇ ਸ਼ੇਰ ਸਿੰਘ ਨੂੰ ਬਟਾਲੇ ਦੀ ਜਗੀਰ ਦਿੱਤੀ ਜਾਂਦੀ ਹੈ ਤਾਂ ਕੰਵਰ ਸ਼ੇਰ ਸਿੰਘ ਬਟਾਲੇ ਆ ਕੇ ਇਸ ਸ਼ਹਿਰ ਦੀ ਤਰੱਕੀ ਵਿੱਚ ਹੋਰ ਵੀ ਯੋਗਦਾਨ ਪਾਉਂਦੇ ਹਨ। ਉਸ ਸਮੇਂ ਲਾਹੌਰ ਦਰਬਾਰ ਦੀਆਂ ਸਰਹੱਦਾਂ ਚਾਰੇ ਪਾਸੇ ਫੈਲ ਰਹੀਆਂ ਹੁੰਦੀਆਂ ਹਨ ਅਤੇ ਬਟਾਲਾ ਸ਼ਹਿਰ ਵੀ ਵੱਧ ਫੁੱਲ ਰਿਹਾ ਹੁੰਦਾ ਹੈ। ਮਹਾਂਰਾਜਾ ਸ਼ੇਰ ਸਿੰਘ ਵਲੋਂ ਬਟਾਲਾ ਸ਼ਹਿਰ ਦੀ ਵਾਗਡੋਰ ਸੰਭਾਲਣ ਮਗਰੋਂ ਹਾਲਤ ਏਨੇ ਸਾਜ਼ਗਾਰ ਹੋ ਜਾਂਦੇ ਹਨ ਕਿ ਮਹਾਂਰਾਜਾ ਸ਼ੇਰ ਸਿੰਘ ਆਪਣਾ ਸ਼ਾਹੀ ਮਹੱਲ ਸ਼ਹਿਰ ਤੋਂ ਕਰੀਬ ਇੱਕ ਕਿਲੋਮੀਟਰ ਬਾਹਰ ਬਣਾ ਲੈਂਦੇ ਹਨ। ਉਸ ਸਮੇਂ ਜਦੋਂ ਸਾਰਾ ਬਟਾਲਾ ਸ਼ਹਿਰ 12 ਦਰਵਾਜਿਆਂ ਦੇ ਅੰਦਰ ਸੀ ਪਰ ਮਹਾਂਰਾਜਾ ਸ਼ੇਰ ਸਿੰਘ ਦਾ ਸ਼ਾਹੀ ਮਹੱਲ ਸ਼ਹਿਰ ਤੋਂ ਬਾਹਰ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਸ ਸਮੇਂ ਬਟਾਲਾ ਸ਼ਹਿਰ ਨੂੰ ਕਿਸੇ ਬਾਹਰੀ ਹਮਲੇ ਦਾ ਖਤਰਾ ਬਿਲਕੁਲ ਨਹੀਂ ਸੀ। ਆਪਣੇ ਸ਼ਾਹੀ ਮਹੱਲ ਦੇ ਨਾਲ ਹੀ ਮਹਾਂਰਾਜਾ ਸ਼ੇਰ ਸਿੰਘ ਨੇ ਮੁਗਲ ਕਾਲ ਦੌਰਾਨ ਸ਼ਮਸ਼ੇਰ ਖਾਨ ਵਲੋਂ ਬਣਾਏ ਗਏ ਇੱਕ ਵੱਡੇ ਤਲਾਬ ਵਿੱਚ ਬਾਰਾਂਦਰੀ (ਜਲ ਮਹਿਲ) ਉਸਾਰ ਦਿੱਤੀ ਜੋ ਕਿ ਅੱਜ ਵੀ ਅਡੋਲ ਖੜ੍ਹੀ ਸਿੱਖ ਰਾਜ ਦੀ ਗਵਾਹੀ ਭਰਦੀ ਹੈ। ਇਸਦੇ ਨਾਲ ਹੀ ਮਹਾਂਰਾਜਾ ਸ਼ੇਰ ਸਿੰਘ ਨੇ ਬਟਾਲਾ ਵਿਖੇ ਕਈ ਸੁੰਦਰ ਬਾਗ ਵੀ ਲਗਾਏ ਸਨ।
ਮਹਾਂਰਾਜਾ ਸ਼ੇਰ ਸਿੰਘ ਬਟਾਲਾ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਸਨ। ਇਹ ਸ਼ਹਿਰ ਉਨ੍ਹਾਂ ਦੇ ਨਾਨਕਿਆਂ ਦਾ ਸ਼ਹਿਰ ਸੀ ਅਤੇ ਆਪਣੀ ਮਾਂ ਮਹਿਤਾਬ ਕੌਰ ਅਤੇ ਨਾਨੀ ਸਦਾ ਕੌਰ ਦੀਆਂ ਯਾਦਾਂ ਬਟਾਲਾ ਸ਼ਹਿਰ ਨਾਲ ਜੁੜੀਆਂ ਹੋਣ ਕਾਰਨ ਉਨ੍ਹਾਂ ਦਾ ਇਸ ਸ਼ਹਿਰ ਨਾਲ ਬਹੁਤ ਲਗਾਅ ਸੀ। ਮਹਾਂਰਾਜਾ ਸ਼ੇਰ ਸਿੰਘ ਇਕੱਲਾ ਸਿੱਖਾਂ ਦੇ ਹੀ ਰਾਜਾ ਨਹੀਂ ਸਨ ਸਗੋਂ ਉਹ ਹਰ ਧਰਮ ਅਤੇ ਕੌਮ ਨੂੰ ਬਰਾਬਰ ਸਤਿਕਾਰ ਦਿੰਦੇ ਸਨ। ਮਹਾਂਰਾਜਾ ਸ਼ੇਰ ਸਿੰਘ ਨੇ ਬਟਾਲਾ ਵਿਖੇ ਗੁਜ਼ਾਰੇ ਆਪਣੇ ਸਮੇਂ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰਿਆਂ ਦੇ ਘਰ ਜਿਥੇ ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਹੈ ਦੀ ਸੇਵਾ ਕਰਵਾਈ ਸੀ। ਇਸਦੇ ਨਾਲ ਹੀ ਮਹਾਂਰਾਜਾ ਸਾਹਿਬ ਨੇ ਬਟਾਲਾ ਸ਼ਹਿਰ ਦੇ ਐਨ ਵਿਚਕਾਰ ਚੱਕਰੀ ਬਜ਼ਾਰ ਕੋਲ ਪ੍ਰਸਿੱਧ ਪ੍ਰਾਚੀਨ ਕਾਲੀ ਦੁੁਆਰਾ ਮੰਦਰ ਦੀ ਸੇਵਾ ਵੀ ਆਪਣੇ ਹੱਥੀਂ ਕਰਵਾਈ ਸੀ। ਮਹਾਂਰਾਜਾ ਸ਼ੇਰ ਸਿੰਘ ਦੇ ਸਮੇਂ ਮੁਸਲਮਾਨ ਵੀ ਬਟਾਲਾ ਸ਼ਹਿਰ ਵਿਖੇ ਪੂਰੀ ਅਜ਼ਾਦੀ ਨਾਲ ਰਹਿੰਦੇ ਸਨ ਅਤੇ ਮੁਸਲਮਾਨਾਂ ਦੀ ਬਹੁਤ ਵੱਡੀ ਅਬਾਦੀ ਬਟਾਲਾ ਵਿਖੇ ਅਬਾਦ ਸੀ।
ਖਾਲਸਾ ਰਾਜ ਦੇ ਮਹਾਂਰਾਜਾ ਨੌਨਿਹਾਲ ਸਿੰਘ ਦਾ ਜਦੋਂ ਲਾਹੌਰ ਵਿਖੇ ਕਤਲ ਹੁੰਦਾ ਹੈ ਤਾਂ ਉਸ ਸਮੇਂ ਕੁਝ ਸਮਾਂ ਰਾਜ-ਭਾਗ ਦੀ ਵਾਗ-ਡੋਰ ਨੌਨਿਹਾਲ ਸਿੰਘ ਦੀ ਮਾਂ ਚੰਦ ਕੌਰ ਕੋਲ ਰਹਿੰਦੀ ਹੈ। ਆਖਰ ਜਦੋਂ ਸ਼ੇਰ ਸਿੰਘ ਸਰਕਾਰ-ਏ-ਖਾਲਸਾ ਦੇ ਬਾਦਸ਼ਾਹ ਬਣਦੇ ਹਨ ਤਾਂ ਉਨ੍ਹਾਂ ਉੱਪਰ ਪੂਰੇ ਖਾਲਸਾ ਰਾਜ ਨੂੰ ਸੰਭਾਲਣ ਦੀ ਜਿੰਮੇਵਾਰੀ ਆ ਜਾਂਦੀ ਹੈ। ਆਪਣੇ ਬਾਦਸ਼ਾਹੀ ਦੇ ਸਮੇਂ ਦੌਰਾਨ ਵੀ ਮਹਾਂਰਾਜਾ ਸ਼ੇਰ ਸਿੰਘ ਦਾ ਬਟਾਲਾ ਸ਼ਹਿਰ ਨਾਲ ਖਾਸ ਲਗਾਅ ਅਤੇ ਪਿਆਰ ਰਹਿੰਦਾ ਹੈ ਅਤੇ ਉਹ ਬਟਾਲਾ ਨੂੰ ਸਭ ਤੋਂ ਖਾਸ ਮੰਨਦੇ ਸਨ। ਜਦੋਂ ਮਹਾਂਰਾਜਾ ਸ਼ੇਰ ਸਿੰਘ ਲਹੌਰ ਤਖਤ ਉੱਪਰ ਬੈਠੇ ਸਨ ਤਾਂ ਉਸ ਸਮੇਂ ਬਟਾਲਾ ਵਾਸੀਆਂ ਨੇ ਪੂਰੀਆਂ ਖੁਸ਼ੀਆਂ ਮਨਾਈਆਂ ਸਨ। ਬਟਾਲਾ ਵਾਸੀਆਂ ਅਤੇ ਕਨ੍ਹਈਆ ਸਰਦਾਰਾਂ ਨੇ ਇਸ ਗੱਲੋਂ ਵੀ ਖੁਸ਼ੀ ਮਨਾਈ ਸੀ ਕਿ ਮਹਾਂਰਾਣੀ ਸਦਾ ਕੌਰ ਦਾ ਸ਼ੇਰ ਸਿੰਘ ਨੂੰ ਮਹਾਂਰਾਜਾ ਬਣਾਉਣ ਦਾ ਜੋ ਸੁਪਨਾ ਸੀ ਉਹ ਪੂਰਾ ਹੋ ਗਿਆ ਸੀ।
ਜਦੋਂ ਸੰਧਾਵਾਲੀਆ ਸਰਦਾਰਾਂ ਵਲੋਂ ਮਹਾਂਰਜਾ ਸ਼ੇਰ ਸਿੰਘ ਅਤੇ ਉਸਦੇ ਪੁੱਤਰ ਪ੍ਰਤਾਪ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਸਮੇਂ ਜਿਥੇ ਸਮੁੱਚਾ ਖਾਲਸਾ ਰਾਜ ਉਦਾਸ ਹੋਇਆ ਸੀ ਓਥੇ ਬਟਾਲਾ ਵਾਸੀਆਂ ਲਈ ਤਾਂ ਇਹ ਖਬਰ ਕਹਿਰ ਢਾਹੁਣ ਵਾਲੀ ਸੀ। ਮਹਾਂਰਾਜਾ ਸ਼ੇਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਟਾਲਾ ਸ਼ਹਿਰ ਵਿੱਚ ਬਣੇ ਉਸਦੇ ਸ਼ਾਹੀ ਮਹੱਲ ਅਤੇ ਬਾਰਾਂਦਰੀ ਵਿੱਚ ਅਜਿਹੀ ਵੀਰਾਨਗੀ ਪੱਸਰੀ ਜਿਸਨੇ ਅੱਜ ਤੱਕ ਪਿੱਛਾ ਨਹੀਂ ਛੱਡਿਆ ਹੈ।
ਮਹਾਂਰਾਜਾ ਸ਼ੇਰ ਸਿੰਘ ਬਟਾਲਾ ਦੇ ਸਾਰੇ ਧਰਮਾਂ ਦਾ ਸਾਂਝਾ ਸ਼ਾਸਕ ਤੇ ਮਹਾਂਰਾਜਾ ਸੀ। ਉਨ੍ਹਾਂ ਕਿਸੇ ਧਰਮ ਨਾਲ ਵਿਤਕਰਾ ਨਹੀਂ ਕੀਤਾ ਅਤੇ ਸਭ ਨੂੰ ਬਰਾਬਰ ਮਾਣ ਦਿੱਤਾ। ਪਰ ਅਫ਼ਸੋਸ ਅੱਜ ਸਿੱਖਾਂ ਸਮੇਤ ਸਾਰੇ ਹੀ ਧਰਮਾਂ ਦੇ ਲੋਕ ਮਹਾਂਰਾਜਾ ਸ਼ੇਰ ਸਿੰਘ ਨੂੰ ਭੁੱਲ ਗਏ ਹਨ। ਬੇਰਿੰਗ ਕਾਲਜ ਸਥਿਤ ਮਹਾਂਰਾਜਾ ਸ਼ੇਰ ਸਿੰਘ ਦਾ ਸ਼ਾਹੀ ਮਹੱਲ ਅਤੇ ਬਾਹਰ ਵੱਡੇ ਤਲਾਬ ਵਿੱਚ ਬਣੀ ਬਾਰਾਂਦਰੀ (ਜਲ ਮਹਿਲ) ਅੱਜ ਵੀ ਆਪਣੇ ਕੋਲੋਂ ਲੰਘਦੇ ਹਰ ਬਟਾਲਾ ਵਾਸੀ ਨੂੰ ਸਵਾਲ ਕਰਦੇ ਹਨ ਕਿ ਆਖਰ ਉਹ ਏਨੇ ਬੇਮੁੱਖ ਕਿਉਂ ਹੋ ਗਏ ਹਨ। ਕੀ ਅਸੀਂ ਬਟਾਲਾ ਵਾਸੀਆਂ ਨੇ ਆਪਣੇ ਸ਼ਹਿਰ ਦੇ ਦੋਹਤਰੇ ਮਹਾਂਰਾਜਾ ਸ਼ੇਰ ਸਿੰਘ ਦੀ ਯਾਦ ਅਤੇ ਉਸਦੀਆਂ ਯਾਦਗਾਰਾਂ ਨੂੰ ਸਾਂਭਿਆ ਹੈ….? ਇਹ ਸਵਾਲ ਆਪਣੇ ਕੋਲੋਂ ਜਰੂਰ ਪੁੱਛਣਾ ਬਣਦਾ ਹੈ। ਆਪਣੇ ਮਨ ਨੂੰ ਇਹ ਸਵਾਲ ਜਰੂਰ ਕਰਿਓ।
– ਇੰਦਰਜੀਤ ਸਿੰਘ ਬਾਜਵਾ,
ਪਿੰਡ – ਹਰਪੁਰਾ,
ਤਹਿਸੀਲ – ਬਟਾਲਾ (ਗੁਰਦਾਸਪੁਰ)
98155-77574
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply