DOABA TIMES : ਬਟਾਲਾ ਸ਼ਹਿਰ ਧਾਰਮਿਕ ਅਤੇ ਇਤਿਹਾਸਕ ਖੇਤਰ ਵਿੱਚ ਆਪਣੀ ਖਾਸ ਥਾਂ ਰੱਖਦਾ ਹੈ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਟਾਲਾ ਸ਼ਹਿਰ ਵਿਖੇ ਮਾਤਾ ਸੁਲੱਖਣੀ ਜੀ ਨਾਲ ਵਿਆਹ ਕਰਾ ਕੇ ਇਸ ਧਰਤੀ ਨੂੰ ਪੂਜਣਯੋਗ ਬਣਾ ਦਿੱਤਾ। ਬਟਾਲਾ ਸ਼ਹਿਰ ਵਿਖੇ ਹੀ ਮੀਰੀ-ਪੀਰੀ ਦੇ ਮਾਲਿਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ। ਇਸ ਤੋਂ ਇਲਾਵਾ ਸਿੱਖ ਰਾਜ ਸਮੇਂ ਮਹਾਂਰਾਣੀ ਸਦਾ ਕੌਰ ਦੀ ਬੀਰਤਾ ਅਤੇ ਚੜ੍ਹਤ ਨੇ ਬਟਾਲਾ ਨੂੰ ਇਤਿਹਾਸ ਵਿੱਚ ਉੱਚਾ ਸਥਾਨ ਦਿਵਾਇਆ ਹੈ। ਮਹਾਂਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਬਟਾਲਾ ਵਿਖੇ ਹੀ ਮਹਾਂਰਾਣੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਹੋਇਆ ਸੀ। ਮਹਾਂਰਾਜਾ ਸ਼ੇਰ ਸਿੰਘ ਦੀ ਬਟਾਲਾ ਸ਼ਹਿਰ ਨੂੰ ਵੱਡੀ ਦੇਣ ਹੈ। ਇਸ ਤੋਂ ਇਲਾਵਾ ਸਾਹਿਤ ਦੇ ਖੇਤਰ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਬਟਾਲਾ ਸ਼ਹਿਰ ਨੂੰ ਬਹੁਤ ਮਾਣ ਦਿਵਾਇਆ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਦੀਆਂ ਯਾਦਗਾਰਾਂ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅੱਜ ਵੀ ਬਟਾਲਾ ਸ਼ਹਿਰ ਵਿਖੇ ਸ਼ੁਸੋਬਿਤ ਹਨ।
ਜੇ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਪਤਾ ਚੱਲਦਾ ਹੈ ਕਿ ਬਟਾਲਾ ਸ਼ਹਿਰ ਦੀ ਨੀਂਹ ਬਹਿਲੋਲ ਲੋਧੀ ਦੀ ਹਕੂਮਤ ਸਮੇਂ 1465 ਈਸਵੀ ਨੂੰ ਭੱਟੀ ਰਾਜਪੂਤ ਰਾਜਾ ਰਾਮ ਦੇਓ ਨੇ ਰੱਖੀ ਸੀ। ਲੋਧੀ ਵੰਸ ਦੀ ਹਕੂਮਤ ਸਮੇਂ ਲਾਹੌਰ ਦੇ ਗਵਰਨਰ ਤਤਾਰ ਖਾਨ ਨੇ ਭੱਟੀ ਰਾਜਪੂਤ ਰਾਜਾ ਰਾਮ ਦੇਓ ਨੂੰ ਜਗੀਰ ਦਿੱਤੀ ਸੀ, ਜਿਥੇ ਉਨ੍ਹਾਂ ਫਿਰ ਵਟਾਲਾ ਨਗਰ ਵਸਾਇਆ। ਹਾਲਾਂਕਿ ਕੁਝ ਇਤਿਹਾਸਕਾਰ ਸ਼ਹਿਰ ਦੀ ਬੁਨਿਆਦ ਰੱਖਣ ਦਾ ਸਮਾਂ ਇਸਤੋਂ ਵੀ ਪਹਿਲਾਂ ਦਾ ਮੰਨਦੇ ਹਨ।
ਇੱਕ ਅੰਗਰੇਜ਼ ਇਤਿਹਾਸਕਾਰ ਲੇਪਲ ਐੱਚ ਗਰੀਫਨ ਆਪਣੀ ਪੁਸਤਕ ‘ਚੀਫਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ’ ਵਿੱਚ ਲਿਖਦੇ ਹਨ ਕਿ ਜਦੋਂ ਰਾਜਾ ਰਾਮ ਦੇਓ ਨੇ 1465 ਈਸਵੀ ਵਿੱਚ ਇਸ ਨਵੇਂ ਸ਼ਹਿਰ ਦੀ ਬੁਨਿਆਦ ਰੱਖਣ ਲਈ ਨੀਂਹਾਂ ਦੀ ਖੁਦਾਈ ਸ਼ੁਰੂ ਕੀਤੀ ਤਾਂ ਇਸ ਵਿੱਚ ਕਈ ਤਰ੍ਹਾਂ ਦੀਆਂ ਕਈ ਔਂਕੜਾਂ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਸ਼ਹਿਰ ਦੀ ਬੁਨਿਆਦ ਦੀ ਖੁਦਾਈ ਕੀਤੀ ਜਾਂਦੀ ਤਾਂ ਰਾਤ ਸਮੇਂ ਰਹੱਸਮਈ ਢੰਗ ਨਾਲ ਉਹ ਨੀਂਹਾਂ ਦੁਬਾਰਾ ਮਿੱਟੀ ਨਾਲ ਭਰ ਜਾਂਦੀਆਂ ਸਨ। ਫਿਰ ਉਸ ਸਥਾਨ ਤੋਂ ਦੋ ਮੀਲ ਦੂਰ ਸ਼ਹਿਰ ਦੀ ਬੁਨਿਆਦ ਰੱਖੀ ਗਈ, ਜਿਥੇ ਅੱਜ ਮੌਜੂਦਾ ਬਟਾਲਾ ਸ਼ਹਿਰ ਹੈ। ਸ਼ਹਿਰ ਦੀ ਜ਼ਮੀਨ ਨੂੰ ਵਟਾਉਣ ਕਾਰਨ ਇਸ ਸ਼ਹਿਰ ਨੂੰ ਲੋਕ ‘ਵਟਾਲਾ’ ਕਹਿਣ ਲੱਗ ਪਏ ਜੋ ਇਸ ਪਿਛੋਂ ਬੋਲ-ਵਿਗਾੜ ਰਾਹੀਂ ਬਟਾਲਾ ਬਣ ਗਿਆ। ਬਟਾਲਾ ਸ਼ਹਿਰ ਨੂੰ ਪਹਿਲਾਂ-ਪਹਿਲ ਸਾਰੇ ਵਟਾਲਾ ਹੀ ਕਹਿੰਦੇ ਸਨ ਜਿਸਦੀ ਉਦਾਹਰਨ ਜਨਮ ਸਾਖੀਆਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਵੀ ਮਿਲ ਜਾਂਦੀ ਹੈ।
ਮੇਲਾ ਸੁਣ ਸ਼ਿਵਰਾਤਿ ਦਾ ਬਾਬਾ ਅੱਚਲ ਵਟਾਲੇ ਆਈ॥
ਹਿੰਦੂ ਧਰਮ ਦੇ 68 ਤੀਰਥਾਂ ਵਿੱਚੋਂ ਇੱਕ ਤੀਰਥ ਅਚਲੇਸ਼ਵਰ ਧਾਮ ਬਟਾਲਾ ਸ਼ਹਿਰ ਤੋਂ 2 ਮੀਲ ਦੀ ਵਿੱਥ ਉੱਪਰ ਸਥਿਤ ਹੈ ਅਤੇ ਇਹ ਬਟਾਲਾ ਸ਼ਹਿਰ ਤੋਂ ਵੀ ਕਈ ਸਦੀਆਂ ਪੁਰਾਣਾ ਤੀਰਥ ਹੈ। ਪਹਿਲਾਂ-ਪਹਿਲ ਬਟਾਲੇ ਸ਼ਹਿਰ ਦੀ ਪਛਾਣ ਅੱਚਲ ਦੇ ਨਾਲ ਵੀ ਹੁੰਦੀ ਸੀ ਅਤੇ ਬਟਾਲਾ ਨੂੰ ਅੱਚਲ ਵਟਾਲਾ ਵੀ ਕਿਹਾ ਜਾਂਦਾ ਸੀ।
ਬਟਾਲਾ ਸ਼ਹਿਰ ਬਣਤਰ ਅਤੇ ਸੁਰੱਖਿਆ ਦੇ ਪੱਖ ਤੋਂ ਉਸ ਸਮੇਂ ਦੇ ਵੱਡੇ ਸ਼ਹਿਰਾਂ ਲਾਹੌਰ ਅਤੇ ਜਲੰਧਰ ਦੀ ਬਰਾਬਰੀ ਕਰਦਾ ਸੀ। ਭੱਟੀ ਰਾਜਪੂਤ ਰਾਜਾ ਰਾਮ ਦੇਓ ਨੇ ਬਟਾਲਾ ਸ਼ਹਿਰ ਨੂੰ ਸਭ ਤੋਂ ਉੱਚੇ ਟਿੱਬੇ ਉੱਪਰ ਵਸਾਇਆ ਅਤੇ ਇਸਦੇ ਆਲੇ-ਦੁਆਲੇ ਦੀਵਾਰ ਕਰ ਦਿੱਤੀ। ਅੱਜ ਵੀ ਬਟਾਲਾ ਦੇ ਸਭ ਤੋਂ ਉੱਚੇ ਸਥਾਨ ਨੂੰ ਟਿੱਬੇ ਬਜ਼ਾਰ ਵਜੋਂ ਜਾਣਿਆ ਜਾਂਦਾ ਹੈ। ਬਟਾਲਾ ਸ਼ਹਿਰ ਦੀ ਸੁਰੱਖਿਆ ਲਈ ਆਲੇ-ਦੁਆਲੇ 11 ਦਰਵਾਜੇ ਬਣਵਾਏ ਗਏ। ਬਟਾਲਾ ਸ਼ਹਿਰ ਦੇ 11 ਦਰਵਾਜਿਆਂ ਵਿੱਚ ਅੱਚਲੀ ਦਰਵਾਜਾ, ਹਾਥੀ ਦਰਵਾਜਾ, ਮੋਰੀ ਦਰਵਾਜਾ, ਠਠਿਆਰੀ ਦਰਵਾਜਾ, ਭੰਡਾਰੀ ਦਰਵਾਜਾ, ਓਹਰੀ ਦਰਵਾਜਾ, ਤੇਲੀ ਦਰਵਾਜਾ (ਹੁਣ ਇਸਨੂੰ ਸ਼ੇਰਾਂ ਵਾਲਾ ਦਰਵਾਜਾ ਕਹਿੰਦੇ ਹਨ), ਖਜ਼ੂਰੀ ਦਰਵਾਜਾ (ਇਸ ਦਰਵਾਜੇ ਨੂੰ ਸਿੱਖ ਰਾਜ ਦੌਰਾਨ ਮਹਾਂਰਾਜਾ ਸ਼ੇਰ ਸਿੰਘ ਦਰਵਾਜਾ ਵੀ ਕਹਿੰਦੇ ਸਨ), ਪਹਾੜੀ ਦਰਵਾਜਾ, ਕਪੂਰੀ ਦਰਵਾਜਾ, ਨਸੀਰ ਉੱਲਾ ਹੱਕ ਦਰਵਾਜਾ (ਇਸਨੂੰ ਦਰਵਾਜੇ ਨੂੰ ਮੀਆਂ ਦਰਵਾਜਾ ਵੀ ਸੱਦਦੇ ਰਹੇ ਹਨ) ਸ਼ਾਮਲ ਸਨ। ਇਸਤੋਂ ਇਲਾਵਾ ਸ਼ਹਿਰ ਵਿੱਚ ਦਾਖਲ ਹੋਣ ਲਈ ਇੱਕ ਛੋਟਾ ਦਰਵਾਜਾ ਬਣਾਇਆ ਗਿਆ ਜਿਸਨੂੰ ਮੋਰੀ ਕਿਹਾ ਜਾਂਦਾ ਸੀ। ਇਨ੍ਹਾਂ ਦਰਵਾਜਿਆਂ ਵਿਚੋਂ ਬਹੁਤੇ ਖਤਮ ਹੋ ਚੁੱਕੇ ਹਨ ਅਤੇ ਕੁਝ ਕੁ ਹੀ ਬਾਕੀ ਬਚੇ ਹਨ।
ਮੁਗਲ ਰਾਜ ਦੌਰਾਨ ਬਾਦਸ਼ਾਹ ਅਕਬਰ ਨੇ ਆਪਣੇ ਮਤਰਏ ਭਰਾ ਸ਼ਮਸ਼ੇਰ ਖਾਨ ਨੂੰ 1590 ਵਿੱਚ ਬਟਾਲਾ ਵਿਖੇ ਜਗੀਰ ਦੇ ਦਿੱਤੀ ਜਿਥੋਂ ਉਹ ਮਾਝਾ ਅਤੇ ਜਲੰਧਰ ਦੁਆਬ ਦਾ ਇਲਾਕਾ ਦੇਖਣ ਲੱਗਾ। ਸ਼ਮਸ਼ੇਰ ਖਾਨ ਦੇ ਸਮੇਂ ਬਟਾਲਾ ਸ਼ਹਿਰ ਨੇ ਬਹੁਤ ਤਰੱਕੀ ਕੀਤੀ ਅਤੇ ਉਸਨੇ ਸ਼ਹਿਰ ਵਿੱਚ ਖੂਬਸੂਰਤ ਇਮਾਰਤਾਂ ਬਣਾਉਣ ਦੇ ਨਾਲ ਸ਼ਹਿਰ ਦੇ ਪੂਰਬ ਵਾਲੇ ਪਾਸੇ ਇੱਕ ਬਹੁਤ ਵੱਡਾ ਤੇ ਸੁੰਦਰ ਤਲਾਬ ਬਣਾਇਆ। ਅੰਗਰੇਜ਼ ਇਤਿਹਾਸਕਾਰ ਲੇਪਲ ਐੱਚ ਗਰੀਫਨ ਆਪਣੀ ਪੁਸਤਕ ‘ਚੀਫਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ’ ਵਿੱਚ ਲਿਖਦੇ ਹਨ ਕਿ ਸ਼ਮਸ਼ੇਰ ਖਾਨ ਨੇ ਜਦੋਂ ਦੇਖਿਆ ਕਿ ਹਿੰਦੂ ਧਰਮ ਦੇ ਲੋਕ ਇਸ ਤਲਾਬ ਵਿੱਚ ਨਹਾਉਣ ਤੋਂ ਕਤਰਾਉਂਦੇ ਹਨ ਤਾਂ ਉਸ ਨੇ ਬਟਾਲਾ ਤੋਂ 300 ਊਠ ਹਰਿਦੁਆਰ ਨੂੰ ਗੰਗਾ ਜਲ ਲੈਣ ਲਈ ਭੇਜੇ। ਜਦੋਂ ਬਟਾਲਾ ਦੇ ਇਸ ਤਲਾਬ ਵਿੱਚ ਗੰਗਾ ਜਲ ਪਾਇਆ ਗਿਆ ਤਾਂ ਹਿੰਦੂ ਧਰਮ ਦੇ ਲੋਕਾਂ ਦੀ ਆਸਥਾ ਇਸ ਤਲਾਬ ਲਈ ਪੈਦਾ ਹੋ ਗਈ ਅਤੇ ਉਹ ਇਸ ਤਲਾਬ ਵਿਚ ਇਸ਼ਨਾਨ ਕਰਨ ਲੱਗ ਪਏ। ਕਹਿੰਦੇ ਹਨ ਕਿ ਇਸ ਤਲਾਬ ਦਾ ਪਾਣੀ ਬਹੁਤ ਸਾਫ਼ ਸੀ ਅਤੇ ਇਹ ਕਦੀ ਸੁੱਕਦਾ ਵੀ ਨਹੀਂ ਸੀ। ਬਟਾਲਵੀਆਂ ਲਈ ਵੱਡੇ ਤਲਾਅ ਵਿੱਚ ਇਸ਼ਨਾਨ ਕਰਨਾ ਗੰਗਾ ਇਸ਼ਨਾਨ ਕਰਨ ਬਰਾਬਰ ਹੁੰਦਾ ਸੀ ਕਿਉਂਕਿ ਇਸ ਤਲਾਬ ਵਿੱਚ ਗੰਗਾ ਜਲ ਜਿਉਂ ਮਿਲਾਇਆ ਗਿਆ ਸੀ।
ਬਟਾਲਾ ਸ਼ਹਿਰ ਦੇ ਆਲੇ-ਦੁਆਲੇ ਕਈ ਹੋਰ ਵੀ ਤਲਾਬ ਬਣਾਏ ਗਏ ਜਿਨ੍ਹਾਂ ਵਿੱਚ ਓਹਰੀ ਗੇਟ ਤੋਂ ਬਾਹਰ 2 ਤਲਾਅ, ਸ਼ੇਰਾਂ ਵਾਲੇ ਦਰਵਾਜੇ ਤੋਂ ਬਾਹਰ ਹੰਸਲੀ ਕੰਢੇ ਤਲਾਅ, ਲੀਕ ਵਾਲਾ ਤਲਾਅ, ਸੀਤਲਾ ਮੰਦਰ ਤਲਾਅ ਆਦਿ ਸ਼ਾਮਲ ਸਨ। ਇਸਤੋਂ ਇਲਾਵਾ ਸ਼ਹਿਰ ਦੇ ਬਾਹਰਵਰ ਕਈ ਢਾਬਾਂ ਵੀ ਸਨ ਜੋ ਪਾਣੀ ਨਾਲ ਭਰੀਆਂ ਰਹਿੰਦੀਆਂ ਸਨ। ਬਟਾਲਾ ਵਾਸੀਆਂ ਲਈ ਪਾਣੀ ਦੇ ਬਹੁਤ ਸੋਮੇ ਸਨ ਜਿਨ੍ਹਾਂ ਵਿੱਚ ਤਲਾਅ, ਢਾਬਾਂ ਅਤੇ ਹੰਸਲੀ ਨਾਲਾ ਮੁੱਖ ਸੀ। ਇਨ੍ਹਾਂ ਤਲਾਬਾਂ ਵਿੱਚੋਂ ਕੁਝ ਤਲਾਬ ਅੱਜ ਵੀ ਮੌਜੂਦ ਹਨ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਾਂਦੇੜ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਪੰਜਾਬ ਵੱਲ ਕੂਚ ਕਰਦੇ ਹਨ ਤਾਂ ਖਾਲਸਾ ਫ਼ੌਜ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਬਾਅਦ ਇੱਕ ਤੋਂ ਇੱਕ ਸ਼ਹਿਰਾਂ ਉੱਪਰ ਕਬਜ਼ਾ ਕਰਦੀ ਜਦੋਂ ਮਾਝੇ ਵਿੱਚ ਦਾਖਲ ਹੁੰਦੀ ਹੈ ਤਾਂ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸਾ ਫੌਜਾਂ 1715 ਵਿੱਚ ਬਟਾਲਾ ਸ਼ਹਿਰ ਉੱਪਰ ਕਬਜ਼ਾ ਕਰਦੀਆਂ ਹਨ। ਬਟਾਲਾ ਸ਼ਹਿਰ ਦੀਆਂ ਕੰਧਾਂ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਹਦਰੀ ਦੀ ਗਵਾਹੀ ਭਰਦੀਆਂ ਹਨ।
ਜਦੋਂ ਸਿੱਖ ਮਿਸਲਾਂ ਦਾ ਦੌਰ ਆਇਆ ਤਾਂ ਬਟਾਲਾ ਸ਼ਹਿਰ ਉੱਪਰ ਪਹਿਲਾਂ ਰਾਮਗੜ੍ਹੀਆ ਅਤੇ ਬਾਅਦ ਵਿੱਚ ਕਨ੍ਹਈਆ ਮਿਸਲ ਦਾ ਲੰਮਾ ਸਮਾਂ ਰਾਜ ਰਿਹਾ। ਮਾਤਾ ਸਦਾ ਕੌਰ ਨੇ ਬਟਾਲਾ ਤੋਂ ਲਾਹੌਰ ਅਤੇ ਫਿਰ ਉਸ ਤੋਂ ਵੀ ਅੱਗੇ ਅਫ਼ਗਾਨਿਸਤਾਨ ਤੱਕ ਸਿੱਖ ਰਾਜ ਦੀ ਹੱਦਾਂ ਵਧਾਉਣ ਵਿੱਚ ਆਪਣੇ ਜਵਾਈ ਰਣਜੀਤ ਸਿੰਘ ਦਾ ਸਾਥ ਦਿੱਤਾ। ਮਿਸਲਾਂ ਦੇ ਰਾਜ ਦੌਰਾਨ ਰਾਮਗੜ੍ਹੀਆ ਅਤੇ ਕਨ੍ਹਈਆ ਮਿਸਲਾਂ ਨੇ ਬਟਾਲਾ ਸ਼ਹਿਰ ਦੀ ਸੁਰੱਖਿਆ ਨੂੰ ਮਜਬੂਤ ਕੀਤਾ ਅਤੇ ਇਸ ਸਮੇਂ ਸ਼ਹਿਰ ਨੇ ਖੂਬ ਤਰੱਕੀ ਵੀ ਕੀਤੀ।
ਮਹਾਂਰਾਜਾ ਰਣਜੀਤ ਸਿੰਘ ਵਲੋਂ ਆਪਣੀ ਸੱਸ ਸਦਾ ਕੌਰ ਨੂੰ ਨਜ਼ਰਬੰਦ ਕਰਕੇ ਬਟਾਲਾ ਸ਼ਹਿਰ ਦੀ ਜਗੀਰ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਦੇ ਦਿੱਤੀ। ਸ਼ੇਰ ਸਿੰਘ ਨੇ ਬਟਾਲਾ ਵਿਖੇ ਦੋ ਖੂਬਸੂਰਤ ਇਮਾਰਤਾਂ ਜਿਨ੍ਹਾਂ ਵਿੱਚ ਇੱਕ ਉਸਦਾ ਸ਼ਾਹੀ ਮਹੱਲ ਅਤੇ ਦੂਸਰੀ ਅਨਾਰਕਲੀ (ਬਾਰਾਂਦਰੀ) ਦਾ ਨਿਰਮਾਣ ਕਰਾਇਆ ਜੋ ਅੱਜ ਵੀ ਮੌਜੂਦ ਹਨ।
ਇਸ ਤੋਂ ਬਾਅਦ ਅੰਗਰੇਜ਼ ਰਾਜ ਦੌਰਾਨ ਬਟਾਲਾ ਕੁਝ ਸਮਾਂ ਜ਼ਿਲ੍ਹਾ ਸਦਰ ਮੁਕਾਮ ਵੀ ਰਿਹਾ ਅਤੇ ਫਿਰ ਅੰਗਰੇਜ਼ ਹਕੂਮਤ ਨੇ ਸੰਨ 1878 ਵਿੱਚ ਬਟਾਲਾ ਸ਼ਹਿਰ ਨੂੰ ਈਸਾਈ ਮਿਸ਼ਨਰੀ ਰੇਵ ਹੈਨਰੀ ਫਰਾਂਸਿਸ ਦੇ ਹਵਾਲੇ ਕਰ ਦਿੱਤਾ।
ਬਟਾਲਾ ਸ਼ਹਿਰ ਨੇ ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਅਨੇਕਾਂ ਦੌਰ ਦੇਖੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਛੇਵੀਂ ਪਤਾਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਚਰਨ ਜਦੋਂ ਇਸ ਸ਼ਹਿਰ ਵਿੱਚ ਪੈਂਦੇ ਹਨ ਤਾਂ ਬਟਾਲਾ ਸ਼ਹਿਰ ਅਤੇ ਇਸਦੇ ਵਾਸੀ ਧੰਨ ਹੋ ਜਾਂਦੇ ਹਨ। ਰੂਹਾਨੀਅਤ ਵਿੱਚ ਰੰਗਿਆ ਇਹ ਸ਼ਹਿਰ ਕਈ ਜੰਗਾਂ ਯੁੱਧਾਂ ਦਾ ਅਖਾੜਾ ਵੀ ਰਿਹਾ ਹੈ। ਇਸ ਸਭ ਦੇ ਬਾਵਜੂਦ ਵੀ ਬਟਾਲਾ ਸ਼ਹਿਰ ਅੱਜ ਵੀ ਗੁਰਾਂ ਦੇ ਨਾਮ ਉੱਪਰ ਵੱਸ ਰਿਹਾ ਹੈ ਅਤੇ ਅਬਾਦ ਹੈ। ਇਤਿਹਾਸਕ ਪੱਖ ਤੋਂ ਬਟਾਲਾ ਸ਼ਹਿਰ ਬਹੁਤ ਅਹਿਮ ਹੈ ਅਤੇ ਇਸ ਸ਼ਹਿਰ ਦਾ ਹਰ ਗਲੀ-ਮੁਹੱਲਾ ਅੱਜ ਵੀ ਆਪਣੇ ਵਿੱਚ ਕੀਮਤੀ ਇਤਿਹਾਸ ਸਮੋਈ ਬੈਠਾ ਹੈ, ਜਿਸਨੂੰ ਖੋਜਣ ਦੀ ਲੋੜ ਹੈ।
-ਇੰਦਰਜੀਤ ਸਿੰਘ ਬਾਜਵਾ,
ਪਿੰਡ – ਹਰਪੁਰਾ,
ਤਹਿਸੀਲ – ਬਟਾਲਾ (ਗੁਰਦਾਸਪੁਰ)
98155-77574
EDITOR
CANADIAN DOABA TIMES
Email: editor@doabatimes.com
Mob:. 98146-40032 whtsapp