ਗੁਰਦਾਸਪੁਰ, 15 ਫਰਵਰੀ (ਅਸ਼ਵਨੀ) :– ਵਿਜੀਲੈਂਸ ਵਿਭਾਗ ਦੀ ਟੀਮ ਨੇ ਪੰਜਾਬ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਸਰਬਜੀਤ ਸਿੰਘ ਵਾਸੀ ਪਿੰਡ ਛੋਟਾ ਮਟਮ (ਥਾਣਾ ਬਹਿਰਾਮ) ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਬੀਤੀ 29 ਜਨਵਰੀ ਨੂੰ ਉਸ ਦਾ ਪਿੰਡ ਵਿੱਚ ਹੀ ਕਿਸੇ ਨਾਲ ਝਗੜਾ ਹੋ ਗਿਆ ਅਤੇ ਉਸ ਖ਼ਿਲਾਫ਼ ਵੱਖ- ਵੱਖ ਧਾਰਾਵਾਂ ਤਹਿਤ ਪੁਲੀਸ ਸਟੇਸ਼ਨ ਬਹਿਰਾਮਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ ਜੋ ਬਿਲਕੁਲ ਝੂਠਾ ਸੀ ਅਤੇ ਰੰਜਿਸ਼ ਤਹਿਤ ਅਜਿਹਾ ਕੀਤਾ ਗਿਆ ਸੀ। ਇਸ ਸਬੰਧੀ ਉਸ ਨੇ 181 ਨੰਬਰ ’ਤੇ ਫੋਨ ਕਰ ਕੇ ਸ਼ਿਕਾਇਤ ਦਰਜ ਕਰਵਾਈ ਕਿ ਇਹ ਮਾਮਲਾ ਝੂਠਾ ਹੈ ਅਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਸਰਬਜੀਤ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਦੇ ਪੰਦਰਾਂ ਦਿਨ ਤੱਕ ਕੋਈ ਅਧਿਕਾਰੀ ਉਸ ਕੋਲ ਨਹੀਂ ਪਹੁੰਚਿਆ। ਇਸ ਦੌਰਾਨ ਪਿੰਡ ਦੇ ਮੋਹਤਬਰਾਂ ਨੇ ਬੀਤੀ 7 ਫਰਵਰੀ ਨੂੰ ਦੋਵਾਂ ਧਿਰਾਂ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ। ਰਾਜ਼ੀਨਾਮਾ ਹੋਣ ਦੇ ਬਾਅਦ ਥਾਣਾ ਬਹਿਰਾਮਪੁਰ ਦਾ ਸਹਾਇਕ ਸਬ ਇੰਸਪੈਕਟਰ ਹਰਜਿੰਦਰ ਸਿੰਘ ਉਨ੍ਹਾਂ ਕੋਲ ਅਾ ਕੇ ਕਹਿਣ ਲੱਗਿਆ ਕਿ 181 ਦੀ ਸ਼ਿਕਾਇਤ ਦਾ ਨਿਬੇਡ਼ਾ ਕਰਨ ਦੇ ਬਦਲੇ ਉਸ ਨੂੰ ਵੀਹ ਹਜ਼ਾਰ ਰੁਪਏ ਚਾਹੀਦੇ ਹਨ ਜਿਸ ਵਿੱਚੋਂ ਦਸ ਹਜ਼ਾਰ ਰੁਪਏ ਥਾਣਾ ਮੁਖੀ ਨੂੰ ਵੀ ਦੇਣੇ ਹਨ। ਸਰਬਜੀਤ ਸਿੰਘ ਨੇ ਇਸ ਤੋਂ ਮਨ੍ਹਾਂ ਕੀਤਾ ਪਰ ਉਹ ਆਪਣੀ ਜ਼ਿੱਦ ’ਤੇ ਅੜਿਆ ਰਿਹਾ ਅਤੇ ਮਾਮਲਾ ਦਸ ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਸਰਬਜੀਤ ਨੇ ਦੱਸਿਆ ਕਿ ਉਸ ਕੋਲ ਇੰਨੇ ਪੈਸੇ ਨਹੀਂ ਸਨ ਅਤੇ ਉਸ ਨੇ ਵਿਜੀਲੈਂਸ ਵਿਭਾਗ ਕੋਲ ਪਹੁੰਚ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ। ਅੱਜ ਸਵੇਰੇ ਉਸ ਨੇ ਹਰਜਿੰਦਰ ਸਿੰਘ ਨੂੰ ਫ਼ੋਨ ਕਰ ਕੇ ਮਿਲਣ ਲਈ ਕਿਹਾ ਤਾਂ ਉਸ ਨੇ ਉਸ ਨੂੰ ਦੀਨਾਨਗਰ ਬੁਲਾ ਲਿਆ। ਜਦੋਂ ਸਰਬਜੀਤ ਉਸ ਨੂੰ ਪੈਸੇ ਦੇਣ ਲੱਗਾ ਤਾਂ ਉਸ ਨੇ ਥਾਣਾ ਮੁਖੀ ਨਾਲ ਵੀ ਫ਼ੋਨ ’ਤੇ ਗੱਲ ਕੀਤੀ ਕਿ ਦਸ ਹਜ਼ਾਰ ਦੇ ਰਹੇ ਹਨ। ਇਸ ਦੇ ਬਾਅਦ ਉਸ ਵੱਲੋਂ ਦਸ ਹਜ਼ਾਰ ਰੁਪਏ ਫੜਨ ਮੌਕੇ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਹਰਜਿੰਦਰ ਸਿੰਘ ਅਨੁਸਾਰ ਉਸ ਨੇ ਰਿਸ਼ਵਤ ਦੇ ਪੈਸਿਆਂ ਵਿੱਚੋਂ ਅੱਧੇ ਪੈਸੇ ਥਾਣਾ ਮੁਖੀ ਨੂੰ ਦੇਣੇ ਸਨ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਸਹਾਇਕ ਸਬ ਇੰਸਪੈਕਟਰ ਹਰਜਿੰਦਰ ਸਿੰਘ ਤੋਂ ਇਲਾਵਾ ਥਾਣਾ ਮੁਖੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp