–ਸਰੋਂ ਦੀ ਫਸਲ ਵਿੱਚ ਮਧੂ ਮੱਖੀਆ ਦੇ ਬਚਾਅ ਲਈ ਕੀਟਨਾਸ਼ਕਾਂ ਦਾ ਛਿੜਕਾਅ ਸ਼ਾਮ ਨੂੰ ਹੀ ਕਰਨ ਦੀ ਅਪੀਲ
ਪਠਾਨਕੋਟ: 24 ਫਰਵਰੀ 2020 ( RAJAN BUREAU CHIEF ) ਤੇਲ ਬੀਜ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ ਸਿਰ,ਸਹੀ ਕੀਟਨਾਸ਼ਕ ਦਾ ਸਹੀ ਤਰੀਕੇ ਨਾਲ ਛਿੜਕਾਅ ਕੀਤਾ ਜਾਵੇ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਟੋਲਾ ਵਿੱਚ ਸਰੋਂ ਅਤੇ ਕਣਕ ਦੀ ਫਸਲ ਉੱਪਰ ਲੱਗਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਕਹੇ। ਇਸ ਮੌਕੇ ਉਨਾਂ ਦੇ ਨਾਲ ਸ੍ਰੀ ਗੁਰਦਿੱਤ ਸਿੰਘ,ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਭੁਪਿੰਦਰ ਸਿੰਘ ਵੀ ਹਾਜ਼ਰ ਸਨ।
ਪਿੰਡ ਟੋਲਾ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਰੋਂ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਜ਼ਰੂਰੀ ਹੈ ਕਿ ਕੀੜਿਆਂ ਅਤੇ ਬਿਮਾਰੀਆਂ ਦੀ ਸਮੇਂ ਸਿਰ ਰੋਕਥਾਮ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਤਾਪਮਾਨ ਵਿੱਚ ਵਾਧੇ ਕਾਰਨ ਸਰੋਂ ਦੇ ਚੇਪੇ ਦਾ ਹਮਲਾ ਹੋ ਸਕਦਾ ਹੈ।ਉਨਾਂ ਕਿਹਾ ਕਿ ਇਹ ਕੀੜੇ ਬਹੁਤ ਜ਼ਿਆਦਾ ਗਿਣਤੀ ਵਿੱਚ ਫੁੱਲਾਂ ਅਤੇ ਫਲੀਆਂ ਤੇ ਹਮਲਾ ਕਰਕੇ ਪੂਰੀ ਤਾਂ ਢੱਕ ਲੈਂਦੇ ਹਨ। ਜਿਸ ਕਾਰਨ ਫਲੀਆਂ ਸੁਕੜ ਜਾਂਦੀਆ ਹਨ ਅਤੇ ਪੈਦਾਵਾਰ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨਾਂ ਨੇ ਚੇਪੇ ਦੀ ਰੋਕਥਾਮ ਬਾਰੇ ਕਿਹਾ ਕਿ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ 0.5 ਤੋਂ 1.0 ਸੈਂਟੀ ਮੀਟਰ ਚੇਪੇ ਨਾਲ ਢੱਕਿਆ ਜਾਵੇ ਜਾਂ 40-50 ਫੀਸਦੀ ਪੌਦਿਆਂ ਤੇ ਚੇਪਾ ਨਜ਼ਰ ਆਵੇ ਤਾਂ 40 ਗ੍ਰਾਮ ਐਕਟਾਰਾ 24 ਡਬਲਿਯੂ ਜੀ,ਡਾਈਮੈਥੋਏਟ 30 ਈ ਸੀ ਜਾਂ 400 ਮਿ.ਲਿ.ਕਿਊਨਲਫਾਸ ਜਾਂ 600 ਮਿ.ਲਿ. ਕਲੋਰੋਪਾਈਰੀਫਾਸ ਪ੍ਰਤੀ ਏਕੜ ਨੂੰ 80 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਚੇਪੇ ਦੀ ਰੋਕਥਾਮ ਲਈ 20 ਗ੍ਰਾਮ ਥਾਇਆਮੈਥੋਕਸਮ ਪ੍ਰਤੀ ਏਕੜ ਨੂੰ 100 ਲਿਟਰ ਵਿੱਚ ਘੋਲ ਕੇ ਛਿੜਕਾਅ ਕਰੋ। ਉਨਾਂ ਕਿਹਾ ਕਿ ਸਰੋਂ ਵਿੱਚ ਕਿਸੇ ਵੀ ਕੀਟਨਾਸ਼ਕ ਦਾ ਛਿੜਕਾਅ ਸ਼ਾਮ ਵੇਲੇ ਕੀਤਾ ਜਾਵੇ ਤਾਂ ਜੋ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਪਿੰਡ ਟੋਲਾ ਵਿੱਚ ਕਿਸਾਨਾਂ ਵੱਲੋਂ ਜ਼ਰਖੇਜ਼ ਮਿੱਟੀ, ਭੱਠੇ ਵਾਲਿਆਂ ਨੂੰ ਇੱਟਾਂ ਬਨਾਉਣ ਲਈ ਪਟਾਉਣ ਨਾਲ ਕਣਕ ਦੀ ਫਸਲ ਵਿੱਚ ਕਈ ਖੇਤਾਂ ਵਿੱਚ ਮੈਂਗਨੀਜ਼ ਖੁਰਾਕੀ ਤੱਤ ਦੀ ਕਮੀ ਦੇਖੀ ਗਈ ਹੈ। ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਮੈਂਗਨੀਜ਼ ਦੀ ਘਾਟ ਕਾਰਨ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੁਰੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਉਨਾਂ ਕਿਹਾ ਕਿ ਬਹੁਤ ਜ਼ਿਆਦਾ ਘਾਟ ਕਾਰਨ ਆਉਣ ਨਾਲ ਬੂਟੇ ਬਿੱਲਕੁੱਲ ਸੁੱਕ ਜਾਂਦੇ ਹਨ। ਉਨਾਂ ਕਿਹਾ ਕਿ ਸਿੱਟੇ ਨਿਕਲਣ ਸਮੇਂ ਝੰਡਾ ਪੱਤੇ ਤੇ ਮੈਨਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਸਾਫ ਦਿਖਾਈ ਦਿੰਦੀਆਂ ਹਨ। ਉਨਾਂ ਕਿਹਾ ਕਿ ਮੈਂਗਨੀਜ਼ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਕਿਲੋ ਮੈਂਗਨੀਜ਼ ਸਲਫੇਟ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰੋ। ਉਨਾਂ ਕਿਹਾ ਕਿ ਮੈਂਗਨੀਜ਼ ਸਲਫੇਟ ਦਾ ਛਿੜਕਾਅ ਧੁੱਪ ਵਾਲੇ ਦਿਨ ਕਰੋ ਅਤੇ ਹਫਤੇ ਬਾਅਦ ਦੁਬਾਰਾ ਛਿੜਕਾਅ ਕਰੋ।ਉਨਾਂ ਕਿਹਾ ਕਿ ਮੈਂਗਨੀਜ਼ ਦਾ ਸਿਰਫ ਛਿੜਕਾਅ ਹੀ ਕੀਤਾ ਜਾਵੇ ਅਤੇ ਇਸ ਨੂੰ ਜ਼ਮੀਨ ਵਿੱਚ ਨਾਂ ਪਾਉ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp