—-ਬਲਾਕ ਪਠਾਨਕੋਟ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਹਾਰ ਰੁੱਤ ਦੀ ਮੱਕੀ ਅਤੇ ਦਾਲਾਂ ਹੇਠ ਰਕਬਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ।
ਪਠਾਨਕੋਟ: 27 ਫਰਵਰੀ 2020 ( RAJINDER RAJAN RAJAN BUREAU ) ਬੇਮੌਸਮੀ ਬਾਰਸ਼ਾਂ ਕਾਰਨ ਬਲਾਕ ਪਠਾਨਕੋਟ ਦੇ ਕੁਝ ਪਿੰਡਾਂ ਦੇ ਰਕਬੇ ਵਿੱਚ ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਹੈ। ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਗਰਮੀ ਰੁੱਤ ਦੇ ਮਾਂਹ, ਮੂੰਗੀ, ਚਾਰੇ ਵਾਲੀ ਮੱਕੀ ਅਤੇ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਘਰੋਟਾ ਦੇ ਅਗਾਂਹਵਧੂ ਕਿਸਾਨ ਬਲਵਾਨ ਸਿੰਘ ਦੇ ਖੇਤਾਂ ਵਿੱਚ ਬਹਾਰ ਰੁੱਤ ਦੀ ਬਿਜਾਈ ਕਰਵਾ ਕੇ ਕਿਸਾਨਾਂ ਨੂੰ ਮੱਕੀ ਦੀ ਕਾਸਤ ਦੇ ਸੁਧਰੇ ਢੰਗ ਤਰੀਕਿਆਂ ਬਾਰੇ ਬਲਾਕ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਲਵ ਕੁਮਾਰ ਬਲਾਕ ਤਕਨਾਲੋਜੀ ਪ੍ਰਬੰਧਕ( ਆਤਮਾ) ਰਘਬੀਰ ਸਿੰਘ,ਵਿਜੇ ਕੁਮਾਰ ਹਾਜ਼ਰ ਸਨ। ਮੌਕੇ ਤੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਕਰਨ ਵਾਲੀ ਨਵੀ ਮਸ਼ੀਨ ਨਾਲ ਮੱਕੀ ਦੀ ਬਿਜਾਈ ਕਰਕੇ ਪ੍ਰਦਰਸ਼ਤ ਵੀ ਕੀਤਾ ਗਿਆ।
ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਖਰਾਬ ਹੋਈ ਕਣਕ ਦੀ ਫਸਲ ਵਾਲੇ ਖੇਤਾਂ ਵਿੱਚ ਗਰਮ ਰੁੱਤ ਦੀ ਮੁੰਗੀ,ਮਾਂਹ,ਪਸ਼ੂਆਂ ਲਈ ਚਾਰੇ ਵਾਲੀ ਮੱਕੀ ਜਾਂ ਮੱਕੀ ਦੀ ਫਸਲ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਨਾਂ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਸੁਧਰੀਆ ਕਾਸਤਕਾਰੀ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਦਾ ਢੁਕਵਾਂ ਸਮਾਂ ਫਰਵੀ ਦਾ ਪਹਿਲਾ ਪੰਦਰਵਾੜਾ ਹੈ ਅਤੇ ਜੇਕਰ ਬਿਜਾਈ ਲੇਟ ਹੋ ਜਾਵੇ ਤਾਂ ਵਧੇਰੇ ਤਾਪਮਾਨ ਨਾਲ ਪ੍ਰਾਗ ਕਣ ਸੁੱਕਣ ਨਾਲ ਦਾਣੇ ਬਨਣ ਦੀ ਪ੍ਰਕਿਰਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਪੈਦਾਵਾਰ ਵੀ ਘੱਟ ਨਿਕਲਦੀ ਹੈ।ਉਨਾਂ ਕਿਹਾ ਕਿ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਕੇਰੇ ਜਾਂ ਚੋਗ ਕੇ ਕਰਨੀ ਚਾਹੀਦੀ ਹੈ ਤਾਂ ਜੋ ਪ੍ਰਤੀ ਏਕੜ ਵਧੇਰੇ ਪੈਦਾਵਾਰ ਲਈ ਜਾ ਸਕੇ। ਉਨਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 500 ਤੋਂ 800 ਗ੍ਰਾਮ ਐਟਰਾਟਾਫ ਪ੍ਰਤੀ ਏਕੜ ਨਦੀਨਾਸ਼ਕ ਦਾ ਛਿੜਕਾਅ ਬਿਜਾਈ ਤੋਂ10 ਦਿਨਾਂ ਦੇ ਅੰਦਰ-ਅੰਦਰ ਕਰ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਬਹਾਰ ਦੀ ਮੱਕੀ ਦੀ ਬਿਜਾਈ ਸਮੇਂ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਕਣਕ ਦੀ ਫਸਲ ਨੂੰ ਪਾਈ ਡਾਇਆ ਖਾਦ ਖੇਤ ਵਿੱਚ ਹੀ ਮੌਜੂਦ ਹੈ।ਉਨਾਂ ਕਿਹਾ ਕਿ ਗਰਮੀ ਰੁੱਤ ਦੇ ਮਾਹਾਂ ਦੀ ਕਾਸਤ ਲਈ ਪ੍ਰਤੀ ਏਕੜ 20 ਕਿਲੋ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ ਜਦ ਕਿ ਮੂੰੰਗੀ ਦੀ ਬਿਜਾਈ ਲਈ ਪ੍ਰਤੀ ਏਕੜ 12 ਤੋਂ 15 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਗਰਮੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਇਨਾਂ ਫਸਲਾਂ ਦੀ ਬਿਜਾਈ 5 ਮਾਰਚ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ ।ਉਨਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਬੀਜੀ ਮੁੰਗੀ ਅਤੇ ਮਾਂਹਾਂ ਦੀ ਬਿਜਾਈ ਕਰਨ ਨਾਲ ਬੀਜ ਦੀ ਉੱਗਣ ਸ਼ਕਤੀ ਘਟ ਸਕਦੀ ਹੈ । ਉਨਾਂ ਕਿਹਾ ਕਿ ਗਰਮੀ ਰੁੱਤ ਦੀ ਮੂੰਗੀ ਦੇ ਬੀਜ ਦੀਆਂ ਮਿੰਨੀ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ,ਚਾਹਵਾਨ ਕਿਸਾਨ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕਰ ਸਕਦਾ ਹੈ। ਉਨਾਂ ਕਿਹਾ ਕਿ ਜੋ ਵੀ ਕਿਸਾਨ ਬਹਾਰ ਰੁੱਤ ਦੀ ਮੱਕੀ ਜਾਂ ਗਰਮੀ ਰੁੱਤ ਦੇ ਮਾਂਹ/ਮੂੰਗੀ ਦੀ ਕਾਸਤ ਕਰਨਾ ਚਾਹੁੰਦਾ ਹੈ ਉਹ ਆਪਣੇ ਹਲਕੇ ਦੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰੇ ਤਾਂ ਜੋ ਖੇਤੀਬਾੜੀ ਮਾਹਿਰਾਂ ਵੱਲੋਂ ਤਕਨੀਕੀ ਅਗਵਾਈ ਦਿੱਤੀ ਜਾ ਸਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp