ਐਮ ਐਲ ਏ ਚੌ. ਮੰਗੂਪੁਰ ਵੱਲੋਂ ਮੁੱਖ ਮੰਤਰੀ, ਵਿੱਤ ਮੰਤਰੀ, ਤਕਨੀਕੀ ਸਿਖਿਆ ਮੰਤਰੀ ਅਤੇ ਐਮ ਪੀ ਤਿਵਾੜੀ ਦਾ ਧੰਨਵਾਦ
BALACHOR / S.B.S. NAGAR ਬਲਾਚੌਰ, 28 ਫ਼ਰਵਰੀ- (JATINDERPAL SINGH SPL. CORRESPONDENT)
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅੱਜ ਵਿਧਾਨ ਸਭਾ ’ਚ ਪੇਸ਼ ਕੀਤੇ ਬਜਟ ’ਚ ਬਲਾਚੌਰ ਵਿਧਾਨ ਸਭਾ ਹਲਕੇ ਨੂੰ ਇੱਕ ਆਈ ਟੀ ਆਈ ਅਤੇ ਦੂਸਰਾ ਖੇਤੀਬਾੜੀ ਕਾਲਜ ਦਾ ਵੱਡਾ ਤੋਹਫ਼ਾ ਮਿਲਣ ਨਾਲ ਸਮੁੱਚੇ ਬਲਾਚੌਰ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ।
ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਆਪਣੇ ਹਲਕੇ ਦੇ ਲੋਕਾਂ ਲਈ ਮਨਜੂਰ ਕੀਤੀਆਂ ਇਨ੍ਹਾਂ ਦੋਵੇਂ ਪ੍ਰਾਪਤੀਆਂ ਲਈ ਜਿੱਥੇ ਸਦਨ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਮਿਲ ਕੇ ਧੰਨਵਾਦ ਕੀਤਾ ਉੱਥੇ ਨਾਲ ਹੀ ਐਮ ਪੀ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਸ੍ਰੀ ਮਨੀਸ਼ ਤਿਵਾੜੀ, ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦਾ ਆਪਣੇ ਹਲਕੇ ਦੇ ਲੋਕਾਂ ਦੀਆਂ ਇਨ੍ਹਾਂ ਵੱਡੀਆਂ ਮੰਗਾਂ ਨੂੰ ਹਕੀਕੀ ਰੂਪ ਦੇਣ ਲਈ ਦਿੱਤੇ ਸਹਿਯੋਗ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ ਹੈ।
ਵਿਧਾਇਕ ਚੌ. ਮੰਗੂਪੁਰ ਨੇ ਫ਼ੋਨ ’ਤੇ ਇਨ੍ਹਾਂ ਦੋਵਾਂ ਪ੍ਰਾਪਤੀਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਸਰਕਾਰ ਚਰਨਜੀਤ ਸਿੰਘ ਚੰਨੀ ਵੱਲੋਂ ਚਾਲੂ ਬਜਟ ਸੈਸ਼ਨ ਦੌਰਾਨ ਸਦਨ ’ਚ ਐਲਾਨੀਆਂ 19 ਨਵੀਂਆਂ ਆਈ ਟੀ ਆਈਜ਼ ’ਚੋਂ ਇੱਕ ਆਈ ਟੀ ਆਈ ਬਲਾਚੌਰ ਹਲਕੇ ਦੇ ਪਿੰਡ ਸਾਹਿਬਾਂ ਵਿਖੇ ਮਨਜੂਰ ਕੀਤੀ ਗਈ ਹੈ, ਜਿਸ ’ਤੇ ਜਲਦ ਹੀ ਢਾਂਚਾਗਤ ਲੋੜਾਂ ਤੇ ਕਲਾਸਾਂ ਸ਼ੁਰੂ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ’ਚ ਆਈ ਟੀ ਆਈ ਨਾ ਹੋਣ ਕਾਰਨ ਨੌਜੁਆਨਾਂ ਨੂੰ ਨਵਾਂਸ਼ਹਿਰ ਜਾਣਾ ਪੈਂਦਾ ਸੀ, ਜਿਸ ਕਾਰਨ ਉੱਥੇ ਸੀਮਿਤ ਸੀਟਾਂ ਹੋਣ ਕਾਰਨ ਬਲਾਚੌਰ ਨਾਲ ਸਬੰਧਤ ਬੱਚੇ ਤਕਨੀਕੀ ਤੇ ਹੁਨਰੀ ਸਿਖਿਆ ਤੋਂ ਵਾਂਝੇ ਰਹਿ ਜਾਂਦੇ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਆਈ ਟੀ ਆਈ ਦੇ ਕਾਰਜਸ਼ੀਲ ਹੋਣ ਨਾਲ ਜਿੱਥੇ ਨੌਜੁਆਨਾਂ ਨੂੰ ਤਕਨੀਕੀ ਸਿਖਿਆ ਤੇ ਸਿਖਲਾਈ ਮਿਲੇਗੀ ਉੱਥੇ ਉਨ੍ਹਾਂ ਲਈ ਰੋਜ਼ਗਾਰ ਦੇ ਵੀ ਨਵੇਂ ਸਬੱਬ ਬਣਨਗੇ।ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਦੋ ਸਾਲ ਪਹਿਲਾਂ ਖੇਤੀਬਾੜੀ ਡਿਪਲੋਮੇ ਦੀ ਪੜ੍ਹਾਈ ਸ਼ੁਰੂ ਬਾਅਦ, ਕੰਢੀ ਦੇ ਇਸ ਪੱਛੜੇ ਇਲਾਕੇ ’ਚ 10+2 ਤੋਂ ਬਾਅਦ ਦੀ ਉਚੇਰੀ ਤੇ ਪੇਸ਼ੇਵਰ ਸਿਖਿਆ ਲਈ ਵੱਡੀ ਮੰਗ ਸੀ, ਜਿਸ ਨੂੰ ਅੱਜ ਬਜਟ ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਨੇ ਗੁਰਦਾਸਪੁਰ ਅਤੇ ਬਲਾਚੌਰ ਵਿਖੇ ਦੋ ਖੇਤੀਬਾੜੀ ਕਾਲਜ ਖੋਲ੍ਹਣ ਦੇ ਐਲਾਨ ਨਾਲ ਅਮਲੀ ਜਾਮਾ ਪਹਿਨਾਇਆ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਇਸ ਮੰਤਵ ਸਬੰਧੀ 14 ਕਰੋੜ ਰੁਪਏ ਦੇ ਬਜਟ ਦਾ ਐਲਾਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਲਾਚੌਰ ਦੇ ਕੰਢੀ ਇਲਾਕੇ ’ਚ ਇਸ ਕਾਲਜ ਦੀ ਸਥਾਪਤੀ ਨਾਲ ਜਿੱਥੇ ਨੀਮ ਪਹਾੜੀ ਇਲਾਕੇ ’ਚ ਫ਼ਸਲਾਂ ਦੀ ਖੋਜ ਦੇ ਕਾਰਜ ਨੂੰ ਮਜ਼ਬੂਤੀ ਮਿਲੇਗੀ ਉੱਥੇ ਇਲਾਕੇ ਦੇ ਨੌਜੁਆਨਾਂ ਨੂੰ 10+2 ਤੋਂ ਬਾਅਦ 4 ਸਾਲਾ ਡਿਗਰੀ ’ਚ ਦਾਖਲਾ ਲੈ ਕੇ ਜ਼ਿੰਦਗੀ ’ਚ ਉੱਚੇ ਮੁਕਾਮਾਂ ’ਤੇ ਜਾਣ ’ਚ ਸਫ਼ਲਤਾ ਵੀ ਮਿਲੇਗੀ।
ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਆਪਣੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਮਨੀਸ਼ ਤਿਵਾੜੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ, ਵਾਅਦਾ ਕੀਤਾ ਕਿ ਉਹ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਹਰ ਹਾਲ ’ਚ ਪੂਰੇ ਕਰਨਗੇ ਅਤੇ ਬਲਾਚੌਰ ਹਲਕੇ ਨੂੰ 2022 ਤੱਕ ਨਵਾਂ ਰੂਪ ਦੇਣ ਲਈ ਵਚਨਬੱਧ ਰਹਿਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp