ਪਠਾਨਕੋਟ , 2 ਮਾਰਚ (RAJINDER RAJAN BUREAU CHIEF) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 3 ਮਾਰਚ 2020 ਤੋਂ ਆਰੰਭ ਹੋ ਰਹੀਆਂ ਅੱਠਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅੱਠਵੀਂ ਸ਼੍ਰੇਣੀ ਦੀ ਬੋਰਡ ਪ੍ਰੀਖਿਆ ਇਸ ਸਾਲ ਲਗਭਗ ਇੱਕ ਦਹਾਕੇ ਦੇ ਵਕਫ਼ੇ ਮਗਰੋਂ ਆਰੰਭ ਹੋਈ ਹੈ। ਜਦੋਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਾਰੀਆਂ ਹੀ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਕੇ, ਮਿਸਾਲੀ ਨਤੀਜਿਆਂ ਤੱਕ ਪੁੱਜਣ ਦਾ ਤਹੱਈਆ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ. ਬਲਬੀਰ ਸਿੰਘ ਨੇ ਸਮੂਹ ਸੈਂਟਰ ਸੁਪ੍ਰਿੰਟੈਂਡੈਂਟ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਅਕਾਦਮਿਕ ਸਾਲ 2019-20 ਦੀ ਸਾਲਾਨਾ ਪ੍ਰੀਖਿਆ ਵਿੱਚ ਮਿਡਲ ਸ਼੍ਰੇਣੀ ਲਈ 7976 ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ, ਜਿਨ੍ਹਾਂ ਲਈ 78 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ, ਜਦੋਂ ਕਿ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਲਈ 5996 ਵਿਦਿਆਰਥੀ 78 ਪ੍ਰੀਖਿਆ ਕੇਂਦਰਾਂ ਵਿੱਚ ਆਪਣੀ ਕਾਰਗੁਜ਼ਾਰੀ ਦਿਖਾਉਣਗੇ। ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਦਾ ਸਮਾਂ ਸਵੇਰੇ ਨੌ ਵਜੇ ਤੋਂ ਅਤੇ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਦਾ ਸਮਾਂ ਬਾਅਦ ਦੁਪਹਿਰ ਦੋ ਵਜੇ ਤੋਂ ਆਰੰਭ ਹੋਵੇਗਾ।
ਇਹਨਾਂ ਪ੍ਰੀਖਿਆਵਾਂ ਨੂੰ ਨਕਲ ਰਹਿਤ ਬਣਾਉਣ ਲਈ ਮਿਸਾਲੀ ਪ੍ਰਬੰਧ ਕੀਤੇ ਗਏ ਹਨ, ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੇ ਨਾਲ-ਨਾਲ ਜ਼ਿਲ੍ਹੇ ਵਿੱਚ ਕੁੱਲ 10 ਫਲਾਇੰਗ ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਹੈਡਕੁਆਰਟਰ ਦੀਆਂ ਟੀਮਾਂ ਅਲਗ ਤੌਰ ਤੇ ਸੈਂਟਰਾਂ ਦੀਆਂ ਚੈਕਿੰਗ ਕਰਨਗੀਆਂ। ਜ਼ਿਲ੍ਹੇ ਦਾ ਪ੍ਰਸ਼ਾਸਨਿਕ ਅਤੇ ਪੁਲਿਸ ਪ੍ਰਬੰਧ ਵੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੁਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ ਅਤੇ ਪ੍ਰੀਖਿਆ ਕੇਂਦਰਾਂ ਦੇ ਖੇਤਰ ਵਿੱਚ ਦਫ਼ਾ 144 ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਲਗਾ ਦਿੱਤੀ ਗਈ ਹੈ। ਪ੍ਰੀਖਿਆ ਦੇ ਪ੍ਰਬੰਧ ਅਤੇ ਨਕਲ ਰੋਕਣ ਆਦਿ ਕਾਰਜਾਂ ਲਈ ਪ੍ਰੀਖਿਆ ਕੇਂਦਰਾਂ ਅਤੇ ਹੈੱਡ ਕੁਆਰਟਰਾਂ ਦਾ ਵੱਖਰਾ ਖ਼ੁਫੀਆ ਸੰਪਰਕ ਵੀ ਲਾਗੂ ਕਰ ਦਿੱਤਾ ਗਿਆ ਹੈ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲੋੜ ਅਨੁਸਾਰ ਸਥਾਪਤ ਕਰ ਲਏ ਗਏ ਹਨ। ਸਾਰੇ ਹੀ ਪ੍ਰਬੰਧਾਂ ਦੀ ਸੰਜੀਦਗੀ ਕਾਇਮ ਰੱਖਣ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਹੈ।
ਪ੍ਰੀਖਿਆ ਕੇਂਦਰਾਂ ਸਬੰਧੀ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਪ੍ਰੀਖਿਆ ਕੇਂਦਰ ਸੈਲਫ਼ ਸੈਂਟਰ ਨਾ ਬਣੇ ਅਤੇ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਕਿਤੇ ਵੀ ਨਿਗਰਾਨ ਅਮਲੇ ਦੀ ਜ਼ਿੰਮੇਵਾਰੀ ਅਜਿਹੇ ਪ੍ਰੀਖਿਆ ਕੇਂਦਰ ਵਿੱਚ ਨਾ ਲਗਾਈ ਜਾਵੇ ਜਿਥੇ ਅਮਲੇ ਨਾਲ ਸਬੰਧਤ ਸੰਸਥਾ ਦੇ ਵਿਦਿਆਰਥੀ ਪ੍ਰੀਖਿਆ ਦੇ ਰਹੇ ਹੋਣ। ਆਮ ਤੌਰ ਤੇ ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਮੁਕੱਰਰ ਹੈ ਜਦੋਂ ਕਿ ਸਾਰੇ ਪ੍ਰੀਖਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਪ੍ਰਸ਼ਨ ਪੱਤਰ ਪੜ੍ਹਨ ਲਈ ਦਿੱਤਾ ਜਾਣਾ ਹੈ। ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਹਰ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਅਤੇ ਲੋੜ ਅਨੁਸਾਰ ਪ੍ਰੀਖਿਆਰਥੀ ਨੂੰ ਲਿਖਾਰੀ ਦੀ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ। ਪ੍ਰੀਖਿਆ ਕੇਂਦਰਾਂ ਵਿੱਚ ਮੋਬਾਇਲ ਫੋਨ ਦੀ ਵਰਤੋਂ ਦੀ ਵੀ ਪੂਰਨ ਮਨਾਹੀ ਕੀਤੀ ਗਈ ਹੈ। ਸਮੂਹ ਨਿਗਰਾਨ ਅਮਲੇ ਨੂੰ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਸ ਮੌਕੇ ਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਰਾਜੇਸ਼ਵਰ ਸਲਾਰੀਆ, ਪ੍ਰੀਖਿਆਵਾਂ ਕੰਟਰੋਲਰ ਅਮਰੀਕ ਸਿੰਘ, ਸਟੈਨੋ ਅਰੁਣ ਮਹਾਜਨ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਵਿਮਲ ਕੁਮਾਰ ਸਮੇਤ ਸਮੂਹ ਸੈਂਟਰ ਸੁਪ੍ਰਿੰਟੈਂਡੈਂਟ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp