ਨਵਾਂਸ਼ਹਿਰ ( ਜਤਿੰਦਰ ਪਾਲ ਸਿੰਘ ਕਲੇਰ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਰ, ਬੱਲੋਵਾਲ ਸੌਖੜੀ, ਬਲਾਚੌਰ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਇਸ ਖੋਜ ਕੇਂਦਰ ਵਿਖੇ ਖੇਤੀ ਕਾਲਜ ਖੋਲਣ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੰਢੀ ਦੇ ਇਸ ਇਲਾਕੇ ਵਿੱਚ ਇਸ ਕਾਲਜ ਦੇ ਖੁਲਣ ਨਾਲ ਇਸ ਇਲਾਕੇ ਦਾ ਵਿਕਾਸ ਹੋਵੇਗਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਹਨਾਂ ਕਿਹਾ ਕਿ ਇਸ ਖੋਜ ਕੇਂਦਰ ਵਿਖੇ ਦੋ ਸਾਲ ਪਹਿਲਾਂ ਖੇਤੀਬਾੜੀ ਦਾ ਡਿਪਲੋਮਾ ਕੋਰਸ ਸ਼ੁਰੂ ਕੀਤਾ ਗਿਆ ਸੀ ਜੋ ਸਫਲਤਾ ਪੂਰਵਕ ਚੱਲ ਰਿਹਾ ਹੈ।
ਪਰ ਇਸ ਇਲਾਕੇ ਵਿੱਚ ਡਿਗਰੀ ਕੋਰਸ ਦੀ ਲੋੜ ਬਹੁਤ ਜਿਆਦਾ ਮਹਿਸੂਸ ਕੀਤੀ ਜਾ ਰਹੀ ਸੀ। ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿਲੋਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਅਗਵਾਈ ਵਿੱਚ ਲਗਭਗ ਇੱਕ ਸਾਲ ਤੋਂ ਇਸ ਕਾਲਜ ਨੂੂੰ ਬਣਾਉਣ ਲਈ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਸੀ। ਉਹਨਾਂ ਨੇ ਦੱਸਿਆ ਕਿ ਪਿਛਲੇ ਲਗਭਗ 6 ਮਹੀਨੇ ਤੋਂ ਪੰਜਾਬ ਸਰਕਾਰ ਨਾਲ ਪੱਤਰ ਵਿਹਾਰ ਕਰਕੇ ਇਸ ਲਈ ਲੋੜੀਂਦੇ ਦਸਤਾਵੇਜ ਜਮਾਂ ਕਰਵਾਏ ਜਾ ਰਹੇ ਸਨ।ਇਸ ਕਾਲਜ ਦੇ ਮੁਢਲੇ ਢਾਂਚੇ ਦੀ ਸਥਾਪਨਾ ਲਈ ਪਹਿਲੇ 5 ਸਾਲਾਂ ਵਿੱਚ ਲਗਭਗ 47 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਵਿੱਚੋਂ ਪਹਿਲੇ ਸਾਲ ਲਈ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ।
ਉਹਨਾਂ ਉਮੀਦ ਪ੍ਰਗਟ ਕੀਤੀ ਕਿ ਆਉਣ ਵਲੇ ਸਾਲਾਂ ਵਿੱਚ ਬਾਕੀ ਰਹਿੰਦੀ ਗ੍ਰਾਂਟ ਮਿਲਣ ਨਾਲ ਇਸ ਕਾਲਜ ਵਿੱਚ ਮਿਆਰੀ ਸਿਖਿਆ ਦੇਣ ਲਈ ਢਾਂਚਾ ਅਤੇ ਸਹੂਲਤਾਂ ਪੈਦਾ ਕੀਤੀਆਂ ਜਾ ਸਕਣਗੀਆਂ। ਇਸ ਮੌਕੇ ਉਹਨਾਂ ਨੇ ਇਲਾਕੇ ਦੇ ਸਮੂਹ ਰਾਜਨੀਤਿਕ ਆਗੂਆਂ ਅਤੇ ਪੰਚ-ਸਰਪੰਚ ਦਾ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp