-ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਛੁੱਟੀ ਵਾਲ਼ੇ ਦਿਨ ਪੇਪਰ ਨਾ ਲੈਣ ਦੀ ਕੀਤੀ ਮੰਗ
HOSHIARPUR (ADESH) ਹਮੇਸ਼ਾਂ ਆਪਣੇ ਫ਼ੈਸਲਿਆਂ ਕਾਰਣ ਸੁਰਖ਼ੀਆਂ ਵਿੱਚ ਰਹਿਣ ਵਾਲਾ ਪੰਜਾਬ ਸਕੂਲ ਸਿੱਖਿਆ ਬੋਰਡ ਛੁਟੀ ਵਾਲ਼ੇ ਦਿਨ ਤੋਂ ਪੰਜਵੀਂ ਦੇ ਪੇਪਰਾਂ ਦੀ ਸ਼ੁਰੂਆਤ ਕਰਨ ਦੇ ਆਪਣੇ ਫ਼ੈਸਲੇ ਨੂੰ ਲੈ ਕੇ ਇੱਕ ਵਾਰ ਫ਼ੇਰ ਸੁਰਖ਼ੀਆਂ ਵਿੱਚ ਹੈ। ਵਰਨਣਯੋਗ ਹੈ ਕਿ ਵਿੱਦਿਅਕ ਵਰ੍ਹੇ ਵਿੱਚ ਸਾਲਾਨਾ ਪ੍ਰੀਖਿਆਵਾਂ ਦਾ ਬਹੁਤ ਅਹਿਮ ਸਥਾਨ ਹੁੰਦਾ ਹੈ ਅਤੇ ਪ੍ਰੀਖਿਆ ਦੀ ਡੇਟ-ਸ਼ੀਟ ਬਹੁਤ ਧਿਆਨ ਨਾਲ਼ ਤਿਆਰ ਕੀਤੀ ਜਾਂਦੀ ਹੈ ਪਰ ਪਹਿਲੀ ਵਾਰ ਪੰਜਵੀਂ ਦੀ ਸਲਾਨਾ ਪ੍ਰੀਖਿਆ ਦੀ ਜਿੰਮੇਵਾਰੀ ਚੁੱਕਣ ਵਾਲ਼ੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਹ ਵੀ ਨਹੀਂ ਪਤਾ ਯਾਦ ਰਿਹਾ ਕਿ 14 ਮਾਰਚ ਵਾਲ਼ੇ ਦਿਨ ਜਿਸ ਦਿਨ ਉਹ ਪੰਜਵੀਂ ਦੀ ਸਾਲਾਨਾ ਪ੍ਰੀਖਿਆ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਉਸ ਦਿਨ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਦੂਜੇ ਸਨਿੱਚਰਵਾਰ ਦੀ ਸਰਕਾਰੀ ਛੁੱਟੀ ਹੈ।
ਇਸਤੋਂ ਵੀ ਵੱਧ ਹੈਰਾਨੀ ਦੀ ਗੱਲ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਸਥਿਤ ਆਪਣੇ ਮੁੱਖ ਦਫ਼ਤਰ ਦੀ ਇਮਾਰਤ ਉੱਤੇ ਵੱਡ-ਆਕਾਰੀ ਅੱਖਰਾਂ ਵਿੱਚ “ਸ਼ਾਲਾ ਵਧੇ ਫੁਲੇ ਪੰਜਾਬੀ” ਦਾ ਸਲੋਗਨ ਲਿਖਣ ਵਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਛੁਟੀ ਵਾਲ਼ੇ ਦਿਨ ਦਾ ਪਹਿਲਾ ਪੇਪਰ ਵੀ ਬਹੁਤ ਹੀ ਮਹੱਤਵਪੂਰਨ ਵਿਸ਼ੇ ਪੰਜਾਬੀਆਂ ਦੀ ਮਾਂ ਬੋਲੀ ਭਾਵ ਕਿ ਰਾਜ-ਭਾਸ਼ਾ ਪੰਜਾਬੀ ਦਾ ਰੱਖਿਆ ਹੋਇਆ ਹੈ। ਇਸ ਫ਼ੈਸਲੇ ਨਾਲ਼ ਪੰਜਾਬੀ ਭਾਸ਼ਾ ਪ੍ਰੇਮੀਆਂ ਵਿੱਚ ਵੀ ਬੋਰਡ ਪ੍ਰਤੀ ਗੁੱਸਾ ਹੈ। ਇਹ ਸਮਝ ਤੋਂ ਪਰੇ ਹੈ ਕਿ ਕਿੰਝ ਬੋਰਡ ਨੇ ਓਸ ਦਿਨ ਇਹ ਪੇਪਰ ਰੱਖ ਦਿੱਤਾ ਜਿਸ ਦਿਨ ਕਿ ਪੰਜਾਬ ਦੇ ਸਾਰੇ ਸਕੂਲਾਂ ਦੇ ਨਾਲ਼-ਨਾਲ਼ ਸਿੱਖਿਆ ਵਿਭਾਗ ਦੇ ਸਾਰੇ ਦਫ਼ਤਰ ਵੀ ਬੰਦ ਰਹਿਣਗੇ। ਸਕੂਲਾਂ ਵਿੱਚ ਛੁੱਟੀ ਦਾ ਦਿਨ ਹੋਣ ਕਾਰਣ ਜਿੱਥੇ ਪ੍ਰੀਖਿਆ ਅਮਲੇ ਨੂੰ ਪ੍ਰੀਖਿਆ ਕੇਂਦਰ ਬਣਾਉਣ ਅਤੇ ਪੇਪਰ ਲੈਣ ਵਿੱਚ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ, ਓਥੇ ਹੀ ਸਕੂਲਾਂ ਵਿੱਚ ਛੁੱਟੀ ਹੋਣ ਕਾਰਣ ਸਕੂਲੀ-ਬੱਸਾਂ ਦੀ ਵੀ ਛੁੱਟੀ ਹੋਣ ਕਾਰਣ ਵਿਦਿਆਰਥੀਆਂ ਨੂੰ ਪ੍ਰੀਖਿਆ-ਕੇਂਦਰਾਂ ਵਿੱਚ ਪੁੱਜਣਾ ਵੀ ਆਸਾਨ ਨਹੀਂ ਹੋਵੇਗਾ।
ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ, ਅਧਿਆਪਕ ਜਥੇਬੰਦੀ ਈ.ਟੀ.ਟੀ.ਟੀਚਰਜ਼ ਯੂਨੀਅਨ ਦੇ ਸੂਬਾ ਜੁਆਇੰਟ ਸਕੱਤਰ ਗੁਰਜਿੰਦਰ ਸਿੰਘ ਮੰਝਪੁਰ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅਜੀਬ ਦਿਵੇਦੀ, ਜਥੇਬੰਦਕ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਮੁੱਖ ਸਲਾਹਕਾਰ ਰਮੇਸ਼ ਹੁਸ਼ਿਆਰਪੁਰੀ, ਬਲਕਾਰ ਸਿੰਘ ਪਰੀਕਾ, ਮਨਜੀਤ ਸਿੰਘ ਦਸੂਹਾ ਅਤੇ ਨਿਰਮਲ ਸਿੰਘ ਨਿਹਾਲਪੁਰ ਆਦਿ ਆਗੂਆਂ ਨੇ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਛੁਟੀ ਵਾਲ਼ੇ ਦਿਨ ਭਾਵ 14 ਮਾਰਚ ਵਾਲ਼ੇ ਦਿਨ ਦਾ ਪੇਪਰ ਕਿਸੇ ਹੋਰ ਕੰਮ ਵਾਲ਼ੇ ਦਿਨ ਲੈਣ ਦੀ ਮੰਗ ਕੀਤੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp