ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਡੇਅਰੀ ਵਿਕਾਸ ਵਿਭਾਗ ਨੇ ਦੁੱਧ ਦੇ ਸੈਂਪਲ ਚੈੱਕ ਕੀਤੇ
ਸ੍ਰੀ ਹਰਗੋਬਿੰਦਪੁਰ ਵਿਖੇ ਲਏ ਦੁੱਧ ਦੇ 85 ਸੈਂਪਲਾਂ ਵਿਚੋਂ 2 ਸੈਂਪਲ ਫੇਲ੍ਹ
ਡਿਪਟੀ ਕਮਿਸ਼ਨਰ ਨੇ ਮਿਲਾਵਟਖੋਰਾਂ ਨੂੰ ਕੀਤੀ ਸਖਤ ਤਾੜਨਾ
ਕਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਗੁਰਦਾਸਪੁਰ 5 ਮਾਰਚ ( ਅਸ਼ਵਨੀ ) – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਡੇਅਰੀ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਵਲੋਂ ਅੱਜ ਸ੍ਰੀ ਹਰਗੋਬਿੰਦਪੁਰ ਵਿਖੇ ਦੁੱਧ ਅਤੇ ਦੁੱਧ ਤੋਂ ਬਣੀਆਂ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲੈ ਕੇ ਮੌਕੇ ’ਤੇ ਉਨ੍ਹਾਂ ਦੀ ਜਾਂਚ ਕੀਤੀ ਗਈ। ਡੇਅਰੀ ਵਿਕਾਸ ਵਿਭਾਗ ਨੇ ਅੱਜ ਸ੍ਰੀ ਹਰਗੋਬਿੰਦਪੁਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਦੁੱਧ ਦੇ ਕੁੱਲ 85 ਸੈਂਪਲ ਲਏ ਜਿਨ੍ਹਾਂ ਵਿਚੋਂ 2 ਸੈਂਪਲ ਜਾਂਚ ਵਿੱਚ ਫੇਲ੍ਹ ਪਾਏ ਗਏ। ਫੇਲ੍ਹ ਹੋਏ ਸੈਂਪਲਾਂ ਵਿੱਚੋਂ 1 ਸੈਂਪਲ ਵਿੱਚ ਸਾਲਟ ਅਤੇ 1 ਵਿੱਚ ਨਿਊਟਰਲਾਈਜਰ ਦੀ ਮਾਤਰਾ ਪਾਈ ਗਈ ਹੈ।
ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕੀਤੀ ਜਾ ਰਹੀ ਇਸ ਕਾਰਵਾਈ ਦਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਖੁਦ ਜਾਇਜਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਆਪਣੀ ਹਾਜ਼ਰੀ ਵਿੱਚ ਦੁੱਧ ਦੇ ਸੈਂਪਲ ਚੈੱਕ ਕਰਵਾਏ ਅਤੇ ਲੋਕਾਂ ਨੂੰ ਦੁੱਧ ਦੀ ਮਿਲਾਵਟ ਤੋਂ ਬਚਣ ਬਾਰੇ ਜਾਗਰੂਕ ਕੀਤਾ। ਸ਼ਹਿਰ ਵਾਸੀਆਂ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਪੰਜਾਬ ਸਰਕਾਰ ਖਾਣ-ਪੀਣ ਦੀਆਂ ਵਸਤਾਂ ਵਿੱਚ ਹਰ ਤਰਾਂ ਦੀ ਮਿਲਾਵਟ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸ਼ੁੱਧ ਖਾਣ-ਪੀਣ ਵਾਲੇ ਪਧਾਰਥ ਹੀ ਵਰਤਣ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਵਿੱਚ ਡੇਅਰੀ ਵਿਭਾਗ ਵਲੋਂ ਲੋਕਾਂ ਦੇ ਘਰਾਂ ਵਿਚੋਂ ਦੁੱਧ ਦੇ ਸੈਂਪਲ ਲਏ ਗਏ ਹਨ ਅਤੇ ਉਨ੍ਹਾਂ ਦੇ ਸਾਹਮਣੇ ਇਨ੍ਹਾਂ ਦੀ ਜਾਂਚ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਮਿਲਾਵਟੀ ਦੁੱਧ ਅਤੇ ਖਾਣ-ਪੀਣ ਦੀਆਂ ਮਿਲਾਵਟੀ ਵਸਤਾਂ ਵੇਚਣ ਵਾਲਿਆਂ ਵਿਰੁੱਧ ਸਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਦੁਕਾਨਾਂ ਤੋਂ ਮਠਿਆਈ, ਖੋਆ, ਪਨੀਰ ਆਦਿ ਵਸਤਾਂ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਜਾਂਚ ਵੀ ਕਰਨ।
ਇਸ ਮੌਕੇ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਬਲਵਿੰਦਰਜੀਤ ਨੇ ਦੱਸਿਆ ਕਿ ਮਿਲਾਵਟੀ ਦੁੱਧ ਪੀਣ ਨਾਲ ਫਾਇਦਾ ਹੋਣ ਦੀ ਬਜਾਏ ਸਰੀਰ ਦਾ ਨੁਕਸਾਨ ਜਿਆਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਦੁੱਧ ਵਿੱਚ ਯੂਰੀਆ ਦੀ ਮਿਲਾਵਟ ਹੋਵੇ ਤਾਂ ਉਸਦਾ ਗੁਰਦਿਆਂ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ, ਦਿਲ ਦੀਆਂ ਬਿਮਾਰੀਆਂ, ਕੈਂਸਰ ਹੋਣ ਦਾ ਖਤਰਾ ਵੱਧਦਾ ਹੈ, ਪੇਟ ਦੀਆਂ ਬਿਮਾਰੀਆਂ ਅਤੇ ਹੱਡੀਆਂ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਦੁੱਧ ਵਿੱਚ ਸਟਾਰਚ ਦੀ ਮਿਲਾਵਟ ਹੋਵੇ ਤਾਂ ਇਸ ਨਾਲ ਦਸਤ ਲੱਗ ਜਾਂਦੇ ਹਨ, ਪੇਟ ਦੀਆਂ ਸਮੱਸਿਆਵਾਂ, ਸ਼ੂਗਰ ਰੋਗ ਹੋ ਜਾਂਦਾ ਹੈ, ਸਰੀਰ ਵਿੱਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਭਾਰ ਵਿੱਚ ਵਾਧਾ ਹੋ ਜਾਂਦਾ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜੇਕਰ ਦੁੱਧ ਵਿੱਚ ਹਾਈਡ੍ਰੋਜਨ ਪਰਆਕਸਾਈਡ ਦੀ ਮਿਲਾਵਟ ਹੋਵੇ ਤਾਂ ਇਸ ਨਾਲ ਚਮੜੀ ਢਿੱਲੀ ਪੈ ਜਾਂਦੀ ਹੈ, ਖੁਜਲੀ ਹੋਣ ਦੇ ਨਾਲ ਸਰੀਰ ਵਿੱਚ ਦਰਦਾਂ ਦਾ ਹੋਣਾ, ਅੱਖਾਂ ਦੀ ਸੋਜ਼ ਹੋ ਜਾਂਦੀ ਹੈ। ਨਮਕ ਦੀ ਮਿਲਾਵਟ ਨਾਲ ਜਿਗਰ, ਦਿਲ ਅਤੇ ਗੁਰਦਿਆਂ ਉੱਪਰ ਮਾੜਾ ਅਸਰ ਪੈਂਦਾ ਹੈ। ਨਿਊਟਰਲਾਈਜਰ ਦੀ ਮਿਲਾਵਟ ਨਾਲ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ, ਪਲੇਟਲੈਟਸ ਸੈੱਲਸ ਦੀ ਸੰਖਿਆ ਘੱਟਦੀ ਹੈ ਅਤੇ ਗਰਭਧਾਰਨ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਹਮੇਸ਼ਾਂ ਹੀ ਬਿਨ੍ਹਾਂ ਮਿਲਾਵਟ ਵਾਲਾ ਪੀਣਾ ਚਾਹੀਦਾ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਦੁੱਧ ਦੀ ਜਾਂਚ ਡੇਅਰੀ ਵਿਕਾਸ ਵਿਭਾਗ ਤੋਂ ਮੁਫਤ ਕਰਾ ਸਕਦਾ ਹੈ।
ਇਸ ਮੌਕੇ ਸ੍ਰੀ ਹਰਗੋਬਿੰਦਪੁਰ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਪਹਿਲ ਕਦਮੀ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਅਜਿਹੇ ਯਤਨਾ ਸਦਕਾ ਮਿਲਾਵਟਖੋਰੀ ਦੇ ਧੰਦੇ ਉੱਪਰ ਨਕੇਲ ਪਾਈ ਜਾ ਸਕੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp