25 ਮਾਰਚ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹਮਲੇ ਖਿਲਾਫ ਲੁਧਿਆਣੇ ਰੈਲੀ ਦੀ ਤਿਆਰੀ ਸੰਬੰਧੀ ਮੀਟਿੰਗ
ਗੁਰਦਾਸਪੁਰ 12 ਮਾਰਚ ( ਅਸ਼ਵਨੀ ) :- 25 ਮਾਰਚ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹਮਲੇ ਖਿਲਾਫ ਲੁਧਿਆਣੇ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀ ਤਿਆਰੀ ਸੰਬੰਧੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਕੰਮ ਕਰਦੇ ਉਸਾਰੀ ਮਜ਼ਦੂਰਾਂ ਦੀ ਵਿਸ਼ਾਲ ਮੀਟਿੰਗ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਯਾਦਗਾਰ ਹਾਲ, ਬਹਿਰਾਮਪੁਰ ਰੋਡ(ਗੁਰਦਾਸਪੁਰ) ਵਿਖੇ ਕੀਤੀ ਗਈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਡੀਅਨ ਫੈਡਰੇਸ਼ਨ ਆੱਫ ਯੂਨੀਅਨਜ਼ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਲਗਭਗ ਡੁੱਬ ਚੁੱਕੀ ਹੈ।ਕੁੱਲ ਘਰੇਲੂ ਪੈਦਾਵਰ ਘੱਟਣ ਨਾਲ ਨਵੇਂ ਰੁਜ਼ਗਾਰ ਪੈਦਾ ਹੋਣ ਦੀ ਬਜਾਇ ਪਹਿਲਾਂ ਤੋਂ ਹੀ ਮੌਜੂਦ ਰੁਜ਼ਗਾਰ ਖੁੱਸ ਰਿਹਾ ਹੈ।ਦੇਸ਼ ਵਿਆਪੀ ਮੰਦੀ ਨੇ ਭਾਰਤੀ ਆਰਥਿਕਤਾ ਨੂੰ ਆਈ.ਸੀ.ਯੂ ਵਿੱਚ ਲਗਾ ਦਿੱਤਾ ਹੈ।ਮੋਦੀ ਸਰਕਾਰ ਦੇ ੧੫ ਲੱਖ ਆਉਣ ਵਾਲੇ ਵਾਅਦੇ ਜੁਮਲੇ ਸਾਬਿਤ ਹੋਏ ਤੇ ਲੋਕਾਂ ਦੀ ਜੇਬ ਵਿੱਚ ਪੈਸਾ ਆਉਣ ਦੀ ਬਜਾਇ ਨੋਟਬੰਦੀ ਅਤੇ ਜੀਐਸਟੀ ਨੇ ਲੋਕਾਂ ਨੂੰ ਕੰਗਾਲ ਕਰ ਦਿੱਤਾ ਹੈ।ਡਿੱਗ ਰਹੀ ਆਰਥਿਕਤਾ ਨੂੰ ਬਚਾਉਣ ਲਈ ਬੀਜੇਪੀ ਕੋਲ਼ ਕੋਈ ਠੋਸ ਹੱਲ ਨਹੀਂ ਹੈ।
ਇਸ ਲਈ ਡਿੱਗ ਰਹੀ ਆਰਥਿਕਤਾ ਵਿੱਚ ਉਹ ਆਪਣੇ ਫਾਸ਼ੀਵਾਦੀ ਹੱਲੇ ਦੀ ਗਤੀ ਨੂੰ ਤੇਜ਼ ਕਰ ਰਿਹਾ ਹੈ।ਕਸ਼ਮੀਰ ਵਿੱਚ ਧਾਰਾ 370 ਮਨਸੂਖ ਕਰਨ ਤੇ ਬਾਬਰੀ ਮਸਜਿਦ ਸੰਬੰਧੀ ਆਏ ਇੱਕ ਤਰਫੀ ਫੈਸਲੇ ਤੋਂ ਬਾਅਦ ਇਸ ਨੇ ਦੇਸ਼ ਸਾਹਮਣੇ ਨਾਗਰਿਕਤਾ ਸਾਬਿਤ ਕਰਨ ਦਾ ਸਵਾਲ ਖੜ੍ਹਾ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਪਾਸ ਕਰਨ ਤੋਂ ਬਾਅਦ ਲੋਕਾਂ ਦਾ ਧਿਆਨ ਹੁਣ ਆਪਣੀ ਡੁੱਬ ਰਹੀ ਆਰਥਿਕਤਾ ਤੇ ਜਾਣ ਦੀ ਬਜਾਇ ਨਾਗਰਿਕਤਾ ਸਾਬਿਤ ਕਰਨ ਵਾਲੇ ਪਾਸੇ ਨੂੰ ਹੋ ਗਿਆ ਹੈ।
ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਪਨਿਆੜ, ਸੁਖਦੇਵਰਾਜ ਬਹਿਰਾਮਪੁਰ ਅਤੇ ਦਫਤਰ ਸਕੱਤਰ ਜੋਗਿੰਦਰਪਾਲ ਘੁਰਾਲਾ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਸਿਰਫ ਮੁਸਲਮਾਨਾਂ ਖਿਲਾਫ ਕਾਨੂੰਨ ਕਹਿ ਕੇ ਪ੍ਰਚਾਰਨਾ ਗਲਤ ਹੈ।ਇਹ ਕਾਨੂੰਨ ਸਮੂਹ ਆਮ ਲੋਕਾਂ ਦੇ ਖਿਲਾਫ ਹੈ।ਐੱਨ.ਪੀ.ਆਰ ਇਸ ਦੀ ਪਹਿਲੀ ਕੜ੍ਹੀ ਹੈ।ਇਸ ਤੋਂ ਦੇਸ਼ ਭਰ ਵਿੱਚ ਐਨ.ਆਰ.ਸੀ ਤਿਆਰ ਕੀਤਾ ਜਾਵੇਗਾ।ਐੱਨ.ਆਰ.ਸੀ ਵਿੱਚ ਨਾ ਆਉਣ ਦੀ ਸੂਰਤ ਵਿੱਚ ਉਹਨਾਂ ਦੀ ਨਾਗਰਿਕਤਾ ਰੱਦ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਸੀਏਏ ਦੇ ਜ਼ਰੀਏ ਲਏ ਗਏ ਲੋਕਾਂ ਨੂੰ ੬ ਸਾਲਾਂ ਬਾਦ ਨਾਗਰਿਕਤਾ ਦਿੱਤੀ ਜਾਵੇਗੀ।ਇਹਨਾਂ ਸਮਾਂ ਉਹ ਵਿਅਕਤੀ ਭਾਂਵੇ ਉਹ ਜੱਦੀ-ਪੁਸ਼ਤੀ ਇੱਥੇ ਰਹਿ ਰਿਹਾ ਹੈ, ਨਾਗਰਿਕਤਾ ਰੱਦ ਹੋਣ ਤੇ ਰਿਫਿਊਜ਼ੀ ਗਰਦਾਨਿਆਂ ਜਾਵੇਗਾ।
ਉਹਨਾਂ ੨੫ ਮਾਰਚ ਨੂੰ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਉਣ ਦਾ ਐਲਾਨ ਕੀਤਾ ਅਤੇ ਐੱਨ.ਪੀ.ਆਰ/ਐੱਨ.ਆਰ.ਸੀ/ਸੀਏਏ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ।ਇਸ ਮੌਕੇ ਤਰਸੇਮਪਾਲ ਹੁੰਦਲ,ਲੰਬਰਦਾਰ ਵੱਸਣ ਸਿੰਘ ਚਿੱਟੀ, ਦਲੀਪ ਕੁਮਾਰ, ਅਵਤਾਰ ਸਿੰਘ, ਸੁੱਖਾ, ਵਰਿੰਦਰ ਕੁਮਾਰ, ਵਿਕਾਸ ਕੁਮਾਰ, ਗਗਨ ਕੁਮਾਰ, ਪੰਕਜ ਕੁਮਾਰ, ਕਸ਼ਮੀਰ ਸਿੰਘ ਆਦਿ ਹਾਜ਼ਿਰ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp