DOABA TIMES : ਤਿੰਨ ਸਾਲ ਦੀ ਨਵਦੀਪ ਲਈ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਸੰਕਟ ਮੋਚਕ ਬਣ ਕੇ ਆਈ

ਤਿੰਨ ਸਾਲ ਦੀ ਨਵਦੀਪ ਲਈ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਸੰਕਟ ਮੋਚਕ ਬਣ ਕੇ ਆਈ
ਬਲੱਡ ਕੈਂਸਰ ਦਾ ਮਹਿੰਗਾ ਇਲਾਜ ਹੋਵੇਗਾ ਕੈਸ਼ਲੈਸ
ਨਵਾਂਸ਼ਹਿਰ, 11 ਮਾਰਚ (JOSHI)
ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਬਲਾਚੌਰ ਦੀ ਰਹਿਣ ਵਾਲੀ ਤਿੰਨ ਸਾਲਾਂ ਦੀ ਬਲੱਡ ਕੈਂਸਰ ਤੋਂ ਪੀੜਤ ਨਵਦੀਪ ਦੇ ਪਰਿਵਾਰ ਲਈ ਵੱਡੀ ਰਾਹਤ ਬਣ ਕੇ ਆਈ ਹੈ। ਨਵਾਂਸ਼ਹਿਰ ਦੇ ਇੱਕ ਹਸਪਤਾਲ ’ਚ ਆਪਣੀ ਮਾਸੂਮ ਧੀ ਨੂੰ ਇਲਾਜ ਲਈ ਲੈ ਕੇ ਆਏ ਪਿਤਾ ਰਣਜੀਤ ਸਿੰਘ ਤੇ ਮਾਤਾ ਦਵਿੰਦਰ ਕੌਰ ਦੇ ਚਿਹਰੇ ’ਤੇ ਇਸ ਨਾ-ਮੁਰਾਦ ਬਿਮਾਰੀ ਦੇ ਇਲਾਜ ਦੀ ਸਮਰੱਥਾ ਨਾ ਹੋਣ ਦੇ ਚਿੰਤਾ ਦੇ ਚਿੰਨ੍ਹਾਂ ਨੂੰ ਦੇਖਦੇ ਹੋਏ ਹਸਪਤਾਲ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਸਾਂਝੇ ਤੌਰ ’ਤੇ ਚਲਾਈ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੇ ਜ਼ਿਲ੍ਹਾ ਕੋਆਰਡੀਨੇਟਰ ਭਗਵਾਨ ਦਾਸ ਨਾਲ ਸੰਪਰਕ ਕਰਵਾਇਆ। ਬੱਚੀ ਦੇ ਮਾਪਿਆਂ ਦਾ ਹਾਲਾਂ ਕਾਰਡ ਨਹੀਂ ਸੀ ਬਣਿਆ। ਭਗਵਾਨ ਦਾਸ ਨੇ ਹਸਪਤਾਲ ਪਹੁੰਚਦੇ ਹੀ, ਉਸ ਦੇ ਮਾਂ-ਬਾਪ ਤੋਂ ਲੋੜੀਂਦੇ ਦਸਤਾਵੇਜ਼ ਲਏ ਅਤੇ ਉੱਥੇ ਹੀ ਉਨ੍ਹਾਂ ਦਾ ਸਿਹਤ ਬੀਮਾ ਕਾਰਡ ਬਣਵਾ ਦਿੱਤਾ। ਇਸ ਸਿਹਤ ਬੀਮੇ ’ਚ ਪੰਜ ਦਿਨ ਪਹਿਲਾਂ ਹਸਪਤਾਲ ’ਚ ਹੋਇਆ ਖਰਚ ਵੀ ਕਵਰ ਹੁੰਦਾ ਹੈ।
ਭਗਵਾਨ ਦਾਸ ਮੁਤਾਬਕ ਹੁਣ ਇਸ ਮਾਸੂਮ ਦਾ ਇਲਾਜ ਕਰਵਾਉਣ ’ਚ ਉਸ ਦੇ ਮਾਪਿਆਂ ਨੂੰ ਸੌਖ ਹੋ ਜਾਵੇਗੀ। ਇਲਾਜ ਲੰਬਾ ਚੱਲੇਗਾ ਪਰ ਬੱਚੀ ਵਿੱਤੀ ਪੱਖ ਤੋਂ ਇਲਾਜ ਤੋਂ ਵਾਂਝੀ ਨਹੀਂ ਰਹੇਗੀ। ਡਿਪਟੀ ਮੈਡੀਕਲ ਕਮਿਸ਼ਨਰ ਕਮ ਜ਼ਿਲ੍ਹਾ ਨੋਡਲ ਅਫ਼ਸਰ ਡਾ. ਰਾਜ ਰਾਣੀ ਦੱਸਦੇ ਹਨ ਕਿ ਜਦੋਂ ਇਸ ਬੱਚੀ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਦੀ ਸਭ ਤੋਂ ਪਹਿਲੀ ਕੋਸ਼ਿਸ਼ ਉਸ ਦੇ ਪਰਿਵਾਰ ਦਾ ਕਾਰਡ ਬਣਾਉਣ ਦੀ ਸੀ, ਜੋ ਹੁਣ ਬਣ ਚੁੱਕਾ ਹੈ ਅਤੇ ਉਸ ਦੀ ਕੀਮੋਥ੍ਰੈਪੀ ਸ਼ੁਰੂ ਹੋ ਚੁੱਕੀ ਹੈ।

ਇਸੇ ਹਸਪਤਾਲ ’ਚ ਕਾਰਡੀਓ ਯੂਨਿਟ ’ਚ ਦਾਖਲ ਬਲਾਚੌਰ ਦੇ ਹੀ ਰਹਿਣ ਵਾਲੇ ਜਾਗਰ ਸਿੰਘ ਲਈ ਦਿਲ ਦੀ ਬਿਮਾਰੀ ਦਾ ਇਲਾਜ ਪਹਾੜ ਜਿੱਡੀ ਰੁਕਾਵਟ ਬਣਿਆ ਹੋਇਆ ਸੀ। ਉਸ ਨੇ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਦੋਂ ਇਸ ਹਸਪਤਾਲ ’ਚ ਆਪਣਾ ਇਲਾਜ ਸ਼ੁਰੂ ਕਰਵਾਇਆ ਤਾਂ ਉਸ ਦੇ ਦੋ ਸਟੰਟ ਕੈਸ਼ਲੈਸ ਪਾਏ ਗਏ। ਜੇਕਰ ਉਸ ਨੂੰ ਇਹੀ ਸਟੰਟ ਇਸ ਕਾਰਡ ਤੋਂ ਬਾਹਰੋਂ ਪੁਆਉਣਾ ਪੈਂਦਾ ਤਾਂ ਸ਼ਾਇਦ 2 ਲੱਖ ਤੋਂ ਉੱਪਰ ਖਰਚਾ ਝੱਲਣਾ ਪੈਂਦਾ। ਉਸ ਦੇ ਪਰਿਵਾਰ ਵਾਲੇ ਇਸ ਗੱਲ ਦੇ ਸ਼ੁਕਰਗੁਜ਼ਾਰ ਸਨ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਮੁਫ਼ਤ ਇਲਾਜ ਯੋਜਨਾ ਦਾ ਹਿੱਸਾ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਹੇਅਰ ਡ੍ਰੈਸਰ ਦਾ ਕੰਮ ਕਰਕੇ ਪਰਿਵਾਰ ਦਾ ਪੇਟ ਪਾਲਦੇ ਨਵਾਂਸ਼ਹਿਰ ਨੇੜਲੇ ਕੁਲਾਮ ਪਿੰਡ ਦੇ ਪਰਮਜੀਤ ਨੂੰ ਕੁੱਝ ਦਿਨ ਪਹਿਲਾਂ ਦਿਲ ਦੀ ਬਿਮਾਰੀ ਨਿਕਲ ਆਈ ਸੀ। ਇੱਕ ਨਿੱਜੀ ਹਸਪਤਾਲ ’ਚੋਂ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਟੰਟ ਪੁਆ ਚੁੱਕਾ ਪਰਮਜੀਤ ਵਾਰ-ਵਾਰ ਸਰਕਾਰ ਦਾ ਧੰਨਵਾਦ ਕਰਦਾ ਨਹੀਂ ਥੱਕਦਾ ਕਿ ਉਸ ਦੀ ਜਾਨ ਇਸ ਯੋਜਨਾ ਤਹਿਤ ਕੈਸ਼ਲੈਸ ਇਲਾਜ ਹੋਣ ਕਰਕੇ ਹੀ ਬਚੀ ਹੈ। ਉਸ ਦੀ ਪਤਨੀ ਨਾ ਹੋਣ ਕਾਰਨ ਪਰਿਵਾਰ ਦੀ ਜ਼ਿੰਮੇਂਵਾਰੀ ਵੀ ਉਸੇ ’ਤੇ ਹੈ।
ਡਾ. ਰਾਜ ਰਾਣੀ ਦੱਸਦੇ ਹਨ ਕਿ ਜ਼ਿਲ੍ਹੇ ’ਚ ਹੁਣ ਤੱਕ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 94865 ਕਾਰਡ ਬਣਾਏ ਜਾ ਚੁੱਕੇ ਹਨ। ਇਕੱਲੇ ਕਾਰਡ ਹੀ ਨਹੀਂ ਬਣਾਏ ਗਏ ਬਲਕਿ 3.30 ਕਰੋੜ ਰੁਪਏ ਦੇ ਕੈਸ਼ਲੈਸ ਇਲਾਜ ਦੇ 5184 ਲੋੜਵੰਦ ਵਿਅਕਤੀਆਂ ਨੂੰ ਲਾਭ ਵੀ ਦਿੱਤੇ ਜਾ ਚੁੱਕੇ ਹਨ। ਉਹ ਦੱਸਦੇ ਹਨ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ’ਚੋਂ 3492 ਅਤੇ ਨਿੱਜੀ ਹਸਤਪਾਲਾਂ ’ਚੋਂ 1692 ਮਰੀਜ਼ਾਂ ਨੂੰ ਇਲਾਜ ਦਿੱਤਾ ਗਿਆ ਹੈ। ਇੱਕ ਕਾਰਡ ’ਤੇ ਪਰਿਵਾਰ ਦੇ ਵੱਧ ਤੋਂ ਵੱਧ 5 ਮੈਂਬਰ ਰਜਿਸਟ੍ਰਡ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ 5 ਲੱਖ ਤੱਕ ਦੇ ਕੈਸ਼ਲੈਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply